ਕਣਕ ਦੀ ਕਟਾਈ ਤੋਂ ਬਾਅਦ ਗਰਮੀ ਰੁੱਤ ਦੀ ਮੂੰਗੀ ਦੀ ਬਿਜਾਈ ਬਿਨਾਂ ਵਹਾਈ ਜ਼ੀਰੋ ਡਰਿਲ ਨਾਲ ਕੀਤੀ ਜਾ ਸਕਦੀ ਹੈ : ਡਾ ਅਮਰੀਕ ਸਿੰਘ

ਪਠਾਨਕੋਟ (ਦ ਸਟੈਲਰ ਨਿਊਜ਼)। ਡਾਇਰੈਕਟਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਗੁਰਵਿੰਦਰ ਸਿੰਘ ਖਾਲਸਾ ਅਤੇ  ਡਿਪਟੀ ਕਮਿਸ਼ਨਰ ਸ਼੍ਰੀ ਸੰਯਮ ਅਗਰਵਾਲ  ਦੇ ਦਿਸ਼ਾ ਨਿਰਦੇਸ਼ਾਂ ਹੇਠ   ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਵੱਲੋਂ  ਦਾਲਾਂ ਹੇਠ ਰਕਬਾ ਵਧਾਉਣ ਲਈ ਚਲਾਈ ਜਾ ਰਹੀ ਮਹਿੰਮ ਤਹਿਤ ਪਿੰਡ ਮਿਰਜ਼ਾਪੁਰ ਵਿੱਚ ਕਿਸਾਨ ਜਾਗਰੁਕਤਾ ਕੈਂਪ ਲਗਾਇਆ ਗਿਆ। ਸਰਪੰਚ ਗ੍ਰਾਮ ਪੰਚਾਇਤ ਮਿਰਜ਼ਾਪੁਰ ਸ਼੍ਰੀ ਜੱਸੀ ਦੇ ਸਹਿਯੋਗ ਨਾਲ ਐਗਰੀਕਲਚਰਲ ਟੈਕਨਾਲੋਜੀ ਮੈਨੇਜਮੈਂਟ ਏਜੰਸੀ (ਆਤਮਾ) ਤਹਿਤ ਲਗਾਏ  ਇਸ ਜਾਗਰੁਕਤਾ ਕੈਂਪ ਦਾ ਮੁੱਖ ਮਕਸਦ ਕਿਸਾਨਾਂ ਨੂੰ ਗਰਮੀ ਰੁੱਤ ਦੀ ਮੂੰਗੀ ਦੀ ਫਸਲ ਦੀਆਂ ਕਾਸਤਕਾਰੀ ਤਕਨੀਕਾਂ ਅਤੇ ਕਣਕ ਦਾ ਬੀਜ ਤਿਆਰ ਕਰਨ ਤੋਂ ਜਾਣੂ ਕਰਵਾਉਣਾ ਸੀ।ਇਸ ਮੌਕੇ ਹੋਨਾਂ ਤੋਂ ਇਲਾਵਾ ਡਾ.ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਸ੍ਰੀ ਲਵ ਕੁਮਾਰ ਸ਼ਰਮਾ ਬਲਾਕ ਤਕਨਾਲੋਜੀ ਪ੍ਰਬੰਧਕ,ਜੋਤੀ ਬਾਲਾ ਸਹਾਇਕ ਤਕਨਾਲੋਜੀ ਪ੍ਰਬੰਧਕ( ਆਤਮਾ),ਰਘਬੀਰ ਸਿੰਘ,ਗਗਨਦੀਪ,ਬਲਵਿੰਦਰ ਸਿੰਘ  ਸਮੇਤ ਹੋਰ ਕਿਸਾਨ ਹਾਜ਼ਰ ਸਨ।

Advertisements


ਕਿਸਾਨਾਂ ਨਾਲ ਗੱਲਬਾਤ  ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਮਨੁੱਖੀ ਖੁਰਾਕ ਵਿੱਚ ਦਾਲਾਂ ਦੀ ਬਹੁਤ ਮਹੱਤਤਾ ਹੈ ਕਿਉਂਕਿ ਦਾਲਾਂ ਪ੍ਰੋਟੀਨ ਦਾ ਮੁੱਖ ਸਰੋਤ ਹਨ।ਉਨਾਂ ਕਿਹਾ ਕਿ ਦਾਲਾਂ ਸਮੇਤ ਸੰਤੁਲਿਤ ਖੁਰਾਕ ਲੈਣ ਨਾਲ ਅੰਦਾਜਨ 80% ਦਿਲਾਂ ਦੇ ਰੋਗ,ਸ਼ੱਕਰ,ਮੋਟਾਪਾ ਆਦਿ ਨੂੰ ਰੋਕਿਆ ਜਾ ਸਕਦਾ ਹੈ।ਉਨਾਂ ਕਿਹਾ ਕਿ  ਦਾਲਾਂ ਵਾਲੀਆਂ ਫਸਲਾਂ ਨੂੰ ਅੰਤਰ ਫਸਲਾਂ ਵੱਜੋਂ ਕਾਸਤ ਕਰਨ ਨਾਲ ਜਿਥੇ ਵਾਧੂ ਆਮਦਨ ਮਿਲਦੀ ਹੈ ਉਥੇ ਜ਼ਮੀਨ ਸਿਹਤ ਵਿੱਚ ਸੁਧਾਰ ਹੋਣ ਨਾਲ ਮੁੱਖ ਫਸਲ ਗੰਨੇ ਦੀ ਪੈਦਾਵਾਰ ਵੀ ਵਧਦੀ ਹੈ।ਉਨਾਂ ਕਿਹਾ ਕਿ ਆਮ ਕਰਕੇ ਕਿਸਾਨਾਂ ਵੱਲੋਂ ਮੂੰਗੀ ਦੀ ਕਾਸਤ ਛੱਟਾ ਵਿਧੀ ਨਾਲ ਕੀਤੀ ਜਾਂਦੀ ਹੈ ਜਿਸ ਨਾਲ ਪ੍ਰਤੀ ਏਕੜ ਘੱਟ ਪੈਦਾਵਾਰ ਮਿਲਦੀ ਹੈ ।ਉਨਾਂ ਦੱਸਿਆ ਕਿ ਕਣਕ ਦੀ ਕਟਾਈ ਅਤੇ ਝੋਨੇ ਦੀ ਲਵਾਈ ਤੋਂ ਪਹਿਲਾਂ ਖੇਤ ਖਾਲੀ ਰਹਿੰਦੇ ਹਨ ।ਉਨਾਂ ਦੱਸਿਆਂ ਕਿ ਕਣਕ ਦੀ ਕਟਾਈ ਅਤੇ ਮੂੰਗੀ ਦੀ ਬਿਜਾਈ ਦਰਮਿਆਨ ਸਮਾਂ ਘੱਟ ਰਹਿਣ ਕਾਰਨ ਮੂੰਗੀ ਦੀ ਬਿਜਾਈ ਆਮ ਕਰਕੇ ਪੱਛੜ ਜਾਂਦੀ ਹੈ ਅਤੇ ਪੱਕਣ ਸਮੇ ਬਰਸਾਤ ਹੋਣ ਕਾਰਨ ਘੱਟ ਪੈਦਾਵਾਰ ਮਿਲਦੀ ਹੈ।ਉਨਾਂ ਕਿਹਾ ਕਿ ਖੇਤੀ ਦੀ ਤਿਆਰੀ ਦਾ ਸਮਾਂ ਬਚਾਉਣ ਲਈ ਕਿਸਾਨ, ਕਣਕ ਦੀ ਕਟਾਈ ਕਰਨ ਉਪਰੰਤ ਸਿੰਚਾਈ ਕਰਕੇ ਵੱਤਰ ਆਉਣ ਤੇ ਖੇਤ ਨੂੰ ਬਿਨਾਂ ਵਾਹੇ 15 ਕਿਲੋ ਬੀਜ ਪ੍ਰਤੀ ਏਕੜ ਵਰਤ ਕੇ ਡਰਿਲ ਨਾਲ ਮੂੰਗੀ ਦੀ ਬਿਜਾਈ ਕਰ ਸਕਦੇ ਹਨ ।ਉਨਾਂ ਕਿਹਾ ਕਿ ਅਜਿਹਾ ਕਰਨ ਨਾਲ ਸਮਾਂ,ਊਰਜਾ ਅਤੇ ਪੈਸੇ ਦੀ ਬੱਚਤ ਹੂੰਦੀ ਹੈ ਅਤੇ ਝੋਨੇ ਦੀ ਲਵਾਈ ਵੀ ਸਮੇਂ ਸਿਰ ਹੋ ਜਾਂਦੀ ਹੈ।

ਉਨਾਂ ਕਿਹਾ ਕਿ ਬਿਜਾਈ ਸਮੇਂ 11 ਕਿਲੋ ਯੂਰੀਆ ਅਤੇ 100 ਕਿਲੋ ਸਿੰਗਲ ਸੁਪਰਫਾਸਫੇਟ ਪਰਤੀ ਏਕੜ ਪਾ ਦੇਣੀ ਚਾਹਦਿੀ ਹੈ।ਉਨਾਂ ਕਿਹਾ ਕਿ ਦਾਲਾਂ ਦੀ ਕਾਸ਼ਤ ਕਰਨ ਨਾਲ ਰਸਾਇਣਕ ਖਾਦਾਂ ਤੇ ਨਿਰਭਰਤਾ ਘਟਣ ਨਾਲ ਖੇਤੀ ਲਾਗਤ ਖਰਚੇ ਘੱਟ ਹੁੰਦੇ ਹਨ।ਉਨਾਂ ਕਿਹਾ ਕਿ ਦਾਲਾਂ ਵਾਲੀਆ ਫਸਲਾਂ ਦੀਆਂ ਜੜਾਂ ਵਿੱਚ ਹਵਾ ਵਿੱਚੋਂ ਨਾਈਟਰੋਜਨ ਖਿੱਚਣ ਦੀ ਸਮਰੱਥਾ ਹੁੰਦੀ ਹੈ ਜੋ ਫਸਲ ਦੀ ਜ਼ਰੂਰਤ ਪੂਰੀ ਕਰਦੀ ਹੈ ਅਤੇ ਨਾਈਟਰੋਜਨ ਦਾ ਕੁਝ ਹਿੱਸਾ ਜ਼ਮੀਨ ਵਿੱਚ ਅਗਲੀ ਫਸਲ ਲਈ ਰਹਿ ਜਾਂਦਾ ਹੈ।ਉਨਾਂ ਕਿਹਾ ਕਿ ਦੇਸ਼ ਨੂੰ ਦਾਲਾਂ ਦੀ ਪੈਦਾਵਾਰ ਵਿੱਚ ਆਤਮ ਨਿਰਭਰ ਬਨਾਉਣ ਲਈ ਦਾਲਾ ਹੇਠ ਰਕਬਾ ਵਧਾਉਣਾ ਬਹੁਤ ਜ਼ਰੂਰੀ ਹੈ।ਉਨਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਮੂੰਗੀ ਦਾ ਬੀਜ ਮਿੰਨੀ ਕਿਟਸ ਦੇ ਰੂਪ ਵਿੱਚ ਮੁਹੱੱਈਆ ਕਰਵਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਜ਼ਰੂਰਤ ਅਨੁਸਾਰ ਹਰੇਕ ਕਿਸਾਨ ਨੂੰ ਕਣਕ ਦਾ ਬੀਜ ਖੁਦ ਤਿਆਰ ਕਰਕੇ ਵੱਖਰੇ ਤੌਰ ਤੇ ਸਟੋਰ ਕਰ ਲੈਣਾ ਚਾਹੀਦਾ ਤਾਂ ਜੋ ਖੇਤੀ ਲਾਗਤ ਖਰਚੇ ਘਟਾਏ ਜਾ ਸਕਣ। ਇਸ ਮੌਕੇ 5 ਕਿਸਾਨਾਂ ਨੂੰ ਕੇਂਦਰੀ ਪ੍ਰਯੋਜਨ ਮਿੰਨੀ ਕਿਟਸ ਪ੍ਰੋਗਰਾਮ ਤਹਿਤ ਮੂੰਗੀ ਦੇ ਬੀਜ ਦੀਆਂ ਮਿੰਨੀ ਕਿੱਟਾਂ ਦਿੱਤੀਆਂ ਗਈਆਂ।

LEAVE A REPLY

Please enter your comment!
Please enter your name here