ਪੰਜਾਬ ਦੇ ਦਸ ਨਾਮਵਰ ਲੇਖਕਾਂ ਦੇ ਪਿੰਡਾਂ ਵਿੱਚ ਪੰਚਾਇਤੀ ਲਾਇਬਰੇਰੀਆਂ ਖੋਲ੍ਹਾਂਗੇ: ਧਾਲੀਵਾਲ

ਫ਼ਿਰੋਜ਼ਪੁਰ, (ਦ ਸਟੈਲਰ ਨਿਊਜ਼)। ਪਿੰਡਾਂ ਵਿੱਚ ਵਿਕਾਸ ਦਾ ਮਤਲਬ ਸਿਰਫ਼ ਗਲੀਆਂ ਨਾਲੀਆਂ ਹੀ  ਨਹੀਂ ਹੁੰਦਾ ਸਗੋਂ ਪੇਂਡੂ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਤੁਰਨ ਦੇ ਮੌਕੇ ਮੁਹੱਈਆ ਕਰਵਾਉਣਾ ਲਾਜ਼ਮੀ ਹੈਂ ਅਤੇ ਸਾਹਿੱਤ ਸਭਿਆਚਾਰ ਸਦਾਚਾਰ ਤੇ ਇਤਿਹਾਸ ਨਾਲ ਸਬੰਧਿਤ ਕਿਤਾਬਾਂ ਇਸ ਪਾਸੇ ਮਹੱਤਵਪੂਰਨ ਰੋਲ ਨਿਭਾ ਸਕਦੀਆਂ ਹਨ। ਇਸ ਸੋਚ ਨੂੰ ਲੈ ਕੇ ਪੰਜਾਬੀ ਲੇਖਕਾਂ ਦਾ ਇੱਕ ਵਫ਼ਦ ਹਰਮੀਤ ਵਿਦਿਆਰਥੀ, ਪ੍ਰੋ.ਗੁਰਤੇਜ ਕੋਹਾਰਵਾਲਾ, ਪ੍ਰੋ.ਜਸਪਾਲ ਘਈ  ਅਤੇ ਰਾਜੀਵ ਖ਼ਿਆਲ ਦੀ ਅਗਵਾਈ ਹੇਠ ਪੰਜਾਬ ਦੇ ਪੇਂਡੂ ਵਿਕਾਸ, ਪੰਚਾਇਤ ਤੇ ਪਸ਼ੂ ਪਾਲਣ ਮੰਤਰੀ ਸ.ਕੁਲਦੀਪ ਸਿੰਘ ਧਾਲੀਵਾਲ ਨੂੰ ਮਿਲਿਆ।

Advertisements

ਵਫ਼ਦ ਨੇ ਸਵਾਗਤ ਕਰਦਿਆਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ  ਹਾਸ਼ਮ ਸ਼ਾਹ ਤੇ ਬਾਬਾ ਨਜਮੀ ਦੇ ਪਿੰਡ ਦਾ ਜੰਮ ਪਲ  ਲੇਖਕ ਭਰਾ ਮਹੱਤਵਪੂਰਨ ਅਹੁਦੇ ਤੇ ਪੁੱਜਾ ਹੈ। ਲੇਖਕਾਂ ਨੇ ਮੰਗ ਪੱਤਰ ਪੇਸ਼ ਕਰਕੇ ਕਿਹਾ ਕਿ ਪੰਜਾਬ ਕਦੇ ਵਿਸ਼ਵ ਸਭਿਅਤਾ ਦਾ ਪੰਘੂੜਾ ਸੀ ਅਤੇ ਸਦੀਆਂ ਤੋਂ ਮੁਲਕ ਦੀ ਖੜਗ ਭੁਜਾ ਅਤੇ ਅੰਨਦਾਤਾ ਰਿਹਾ ਹੈ ਪਰ ਗੁਰੂ  ਨਾਨਕ ਦੇਵ ਜੀ ਅਤੇ ਬਾਕੀ ਗੁਰੂ ਸਾਹਿਬਾਨ ਦੇ ਸ਼ਬਦਾਂ ਨਾਲ ਵਰੋਸਾਈ ਇਸ ਧਰਤੀ ਤੇ ਸ਼ਬਦ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਸਮਾਂ ਬੱਧ ਯੋਗ ਉਪਰਾਲੇ ਨਹੀਂ ਹੋਏ। ਪੰਜਾਬੀ ਲੇਖਕਾਂ ਨੇ ਮੰਗ ਕੀਤੀ ਕਿ ਪੰਜਾਬ ਦੇ ਉਹ ਪਿੰਡ ਜਿੰਨਾ ਦੀ ਆਬਾਦੀ 2000 ਤੋਂ ਉੱਤੇ ਹੈ,ਉਹਨਾਂ ਵਿੱਚ ਲਾਇਬ੍ਰੇਰੀਆਂ ਖੋਲ੍ਹਣ ਅਤੇ ਉਹਨਾਂ ਦੀ ਸਾਂਭ ਸੰਭਾਲ ਦੇ ਪ੍ਰਬੰਧ ਲਈ ਵਿਸ਼ੇਸ਼ ਨੀਤੀ ਬਣਾਈ ਜਾਵੇ।  ਫ਼ਿਰੋਜ਼ਪੁਰ ਸ਼ਹਿਰੀ ਦੇ ਐਮ.ਐਲ.ਏ. ਸ.ਰਣਬੀਰ ਸਿੰਘ ਭੁੱਲਰ ਅਤੇ ਗੁਰੂਹਰਸਹਾਏ ਦੇ ਵਿਧਾਇਕ ਸ.ਫੌਜਾ ਸਿੰਘ ਸਰਾਰੀ ਨੇ ਵੀ ਪੰਜਾਬੀ ਲੇਖਕਾਂ ਦੀ ਇਸ ਮੰਗ ਦਾ ਜੋਰਦਾਰ ਸਮਰਥਨ ਕੀਤਾ।

ਇਸ ਮੌਕੇ ਤੇ ਵਫ਼ਦ ਨਾਲ ਗੱਲ ਬਾਤ ਕਰਦਿਆਂ ਸ.ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਕਿ ਪਾਇਲਟ ਪ੍ਰਾਜੈਕਟ ਦੇ ਤੌਰ ਉਹਨਾਂ ਦੇ ਮਹਿਕਮੇ ਵੱਲੋਂ ਪੰਜਾਬ ਦੇ ਦਸ ਵੱਡੇ ਲੇਖਕਾਂ ਦੇ ਪਿੰਡਾਂ ਵਿੱਚ ਯਾਦਗਾਰੀ ਲਾਇਬ੍ਰੇਰੀਆਂ ਖੋਲ੍ਹੀਆਂ ਜਾਣਗੀਆਂ। ਇਸ ਦੀ ਸੂਚੀ ਬਾਕੀ ਸੰਸਥਾਵਾਂ ਨਾਲ ਮਸ਼ਵਰਾ ਕਰਕੇ ਸਾਨੂੰ ਦਿਉ ਤਾਂ ਜੋ ਯੋਗ ਪ੍ਰਬੰਧ ਹੋ ਸਕਣ। ਉਨ੍ਹਾਂ ਕਿਹਾ ਕਿ ਇਸ ਪਾਇਲਟ ਪ੍ਰਾਜੈਕਟ ਦਾ ਮੁੱਲਾਂਕਣ ਕਰਕੇ ਇਸ ਕਾਰਜ ਨੂੰ ਹੋਰ ਅੱਗੇ ਵਧਾਇਆ ਜਾਏਗਾ। ਮੰਤਰੀ ਜੀ ਨੇ ਇਹ ਵੀ ਕਿਹਾ ਕਿ ਇਹਨਾਂ ਲਾਇਬ੍ਰੇਰੀਆਂ ਨੂੰ ਠੀਕ ਢੰਗ ਨਾਲ ਚਲਾਉਣ ਲਈ ਨੀਤੀ ਬਨਾਉਣ ਵਾਸਤੇ ਛੇਤੀ ਹੀ ਪੰਜਾਬ ਦੇ ਬੁੱਧੀਜੀਵੀਆਂ/ਲੇਖਕਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਜਾਵੇਗੀ ਅਤੇ ਬਾਕੀ ਸਬੰਧਿਤ ਵਿਭਾਗਾਂ ਦਾ ਵੀ ਸਹਿਯੋਗ ਲਿਆ ਜਾਵੇਗਾ। ਵਫ਼ਦ ਵਿੱਚ ਸ਼ਾਮਲ ਲੇਖਕਾਂ ਨੇ ਮੰਤਰੀ ਜੀ ਅਤੇ ਦੋਵਾਂ ਵਿਧਾਇਕਾਂ ਦਾ ਧੰਨਵਾਦ ਕੀਤਾ ਅਤੇ  ਕਿਹਾ ਕਿ ਸ਼ਬਦ ਪ੍ਰਕਾਸ਼ ਲਹਿਰ ਉਸਾਰ ਕੇ ਹੀ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਪੂਰਾ ਹੋ ਸਕੇਗਾ।

LEAVE A REPLY

Please enter your comment!
Please enter your name here