ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਦੇਸ਼ ਦੀ ਰਾਖੀ ਤੋਂ ਬਾਅਦ ਵਾਤਾਵਰਣ ਸੰਭਾਲ ਦਾ ਰਾਖਾ ਬਣ ਕੇ ਉਭਰੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਿਸਾਨ ਨੇ ‘ਜੈ ਜਵਾਨ, ਜੈ ਕਿਸਾਨ’ ਦੇ ਨਾਅਰੇ ਨੂੰ ਸਾਰਥਕ ਬਣਾ ਦਿੱਤਾ ਹੈ। 16 ਸਾਲ ਫੌਜ ਵਿੱਚ ਸੇਵਾਵਾਂ ਨਿਭਾਉਣ ਤੋਂ ਬਾਅਦ ਸੇਵਾ ਮੁਕਤ ਹੋਏ ਪਿੰਡ ਪੁਰਾਣਾ ਭੰਗਾਲਾ ਦੇ ਬਲਕਾਰ ਸਿੰਘ ਨੇ ਜਦੋਂ ਦੇਖਿਆ ਕਿ ਵਾਤਾਵਰਣ ਅਸ਼ੁੱਧ ਹੋਣ ਕਾਰਨ ਮਨੁੱਖਾਂ ਦੇ ਨਾਲ-ਨਾਲ ਪਸ਼ੂ-ਪੰਛੀਆਂ ਅਤੇ ਜੀਵ-ਜੰਤੂਆਂ ਦਾ ਸਾਹ ਲੈਣਾ ਔਖਾ ਹੋ ਗਿਆ ਹੈ, ਤਾਂ ਇਸ ਕਿਸਾਨ ਨੇ ਵਾਤਾਵਰਣ ਦੀ ਸੰਭਾਲ ਦਾ ਬੀੜਾ ਚੁੱਕਦਿਆਂ ਪਿਤਾ ਪੁਰਖੀ ਖੇਤੀ ਢੰਗ ਬਦਲ ਕੇ ਆਧਨਿਕ ਖੇਤੀ ਦਾ ਰਾਹ ਫੜ ਲਿਆ।
ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਅਗਾਂਹਵਧੂ ਕਿਸਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਲਈ ਅੱਗੇ ਆਏ ਅਜਿਹੇ ਕਿਸਾਨਾਂ ’ਤੇ ਜ਼ਿਲ੍ਹਾ ਪ੍ਰਸਾਸ਼ਨ ਨੂੰ ਮਾਣ ਹੈ ਅਤੇ ਬਾਕੀ ਕਿਸਾਨਾਂ ਲਈ ਵੀ ਆਧੁਨਿਕ ਖੇਤੀ ਨੂੰ ਅਪਨਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਕਣਕ ਦੇ ਨਾੜ ਨੂੰ ਅੱਗ ਲਗਾਏ ਬਗੈਰ ਹੋਰ ਫਸਲਾਂ ਦੀ ਸਿੱਧੀ ਬਿਜਾਈ ਕਰਕੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ। ਇਸ ਨਾਲ ਜਿੱਥੇ ਧੂੰਏਂ ਕਾਰਨ ਹੋਣ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ, ਉਥੇ ਖੇਤੀ ਖਰਚੇ ਘੱਟਣ ਦੇ ਨਾਲ-ਨਾਲ ਜ਼ਮੀਨ ਦੀ ਸਿਹਤ ਵੀ ਨਰੋਈ ਰਹਿੰਦੀ ਹੈ। ਇਸਤੋਂ ਇਲਾਵਾ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਪਾਣੀ ਦੀ ਬੱਚਤ ਵੀ ਹੁੰਦੀ ਹੈ।
ਸੰਦੀਪ ਹੰਸ ਨੇ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਫ਼ਸਲੀ ਚੱਕਰ ਵਿਚੋਂ ਨਿਕਲ ਕੇ ਬਦਲਵੀਂ ਖੇਤੀ ਵੱਲ ਵੀ ਰੁਝਾਨ ਪੈਦਾ ਕਰਨਾ ਚਾਹੀਦਾ ਹੈ, ਤਾਂ ਜੋ ਖੇਤੀ ਲਾਹੇਵੰਦ ਧੰਦਾ ਸਾਬਿਤ ਹੋ ਸਕੇ। ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਵਰਤੀਆਂ ਜਾਣ ਵਾਲੀਆਂ ਆਧੁਨਿਕ ਤਕਨੀਕ ਵਾਲੀ ਮਸ਼ੀਨਾਂ ਖੇਤੀਬਾੜੀ ਵਿਭਾਗ ਕੋਲ ਉਪਲਬੱਧ ਹਨ। ਇਸਤੋਂ ਇਲਾਵਾ ਸਵੈ-ਸਹਾਇਤਾ ਗਰੁੱਪਾਂ ਅਤੇ ਕਿਸਾਨਾਂ ਤੋਂ ਕਿਰਾਏ ’ਤੇ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਅਤੇ ਇਸ ਸਬੰਧੀ ਆਪਣੇ ਨੇੜਲੇ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਗਾਂਹਵਧੂ ਕਿਸਾਨ ਬਲਕਾਰ ਸਿੰਘ ਨੇ ਦੱਸਿਆ ਕਿ 16 ਸਾਲ ਫੌਜ ਵਿਚ ਸੇਵਾਵਾਂ ਨਿਭਾਉਣ ਤੋਂ ਬਾਅਦ ਜਦੋਂ ਉਹ 2011 ਵਿਚ ਸੇਵਾ ਮੁਕਤ ਹੋ ਕੇ ਪਿੰਡ ਪਰਤੇ ਤਾਂ ਸਭ ਤੋਂ ਪਹਿਲਾਂ ਟਾਇਰ ਸਪੇਅਰ ਪਾਰਟਸ ਦਾ ਸਟੋਰ ਸ਼ੁਰੂ ਕੀਤਾ ਗਿਆ।
ਇਸ ਤੋਂ ਬਾਅਦ ਆਲਾ-ਦੁਆਲਾ ਦੇਖ ਕੇ ਮਨ ਚਿੰਤਤ ਹੋਇਆ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲੱਗਣ ਨਾਲ ਜਿਥੇ ਮਨੁੱਖਾਂ ਦੇ ਨਾਲ-ਨਾਲ ਪਸ਼ੂ-ਪੰਛੀਆਂ ਤੇ ਜੀਵ-ਜੰਤੂਆਂ ਦਾ ਸਾਹ ਲੈਣਾ ਔਖਾ ਹੋ ਜਾਂਦਾ ਹੈ, ਉਥੇ ਅੱਗ ਨਾਲ ਜਦੋਂ ਵਨਸਪਤੀ ਸੜਦੀ ਹੈ ਤਾਂ ਪੰਛੀਆਂ ਦੇ ਛੋਟੇ-ਛੋਟੇ ਬੋਟ ਵੀ ਸੜ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਅਜਿਹਾ ਦੇਖ ਕੇ ਵਾਤਾਵਰਣ ਦੀ ਸੰਭਾਲ ਕਰਨ ਦਾ ਮਨ ਬਣਾਇਆ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਪਾਣੀ, ਹਵਾ, ਜੀਵ-ਜੰਤੂਆਂ ਦੀ ਸੁਰੱਖਿਆ ਲਈ ਆਧੁਨਿਕ ਖੇਤੀ ਅਪਣਾਉਣ ਦਾ ਪ੍ਰਣ ਕੀਤਾ। ਦੇਸ਼ ਦੀ ਸੇਵਾ ਕਰਨ ਵਾਲੇ ਬਲਕਾਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ 5 ਏਕੜ ਵਿਚ ਜ਼ਮੀਨ ਵਿਚ 2016 ਤੋਂ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ, ਬਲਕਿ ਖੇਤੀ ਦੀ ਸਮੁੱਚੀ ਰਹਿੰਦ-ਖੂੰਹਦ ਨੂੰ ਜ਼ਮੀਨ ਵਿਚ ਹੀ ਪ੍ਰਬੰਧਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕਣਕ ਦੇ ਨਾੜ ਨੂੰ ਅੱਗ ਲਗਾਏ ਬਗੈਰ ਝੋਨੇ ਦੀ ਸਿੱਧੀ ਬਿਜਾਈ ਦੀ ਕਾਮਯਾਬ ਖੇਤੀ ਕਰਨ ਨਾਲ ਜਿਥੇ ਪਾਣੀ ਦੀ ਬੱਚਤ ਹੁੰਦੀ ਹੈ, ਉਥੇ ਖੇਤੀ ਖਰਚੇ ਵੀ ਘੱਟਦੇ ਹਨ।