ਵਰਚੁਅਲ ਮੋਡ ਰਾਹੀਂ ਮਨਾਇਆ ਗਿਆ ਵਿਸ਼ਵ ਵਾਤਾਵਰਣ ਦਿਵਸ

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਤੋਂ ਵਿਸ਼ਵ ਵਾਤਾਵਰਣ ਦਿਵਸ ਸਬੰਧੀ ਰਾਜ ਪੱਧਰੀ ਸਮਾਗਮ ਐਤਵਾਰ ਨੂੰ ਵਰਚੁਅਲ ਮੋਡ ਰਾਹੀਂ ਸਕੱਤਰ ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਸ੍ਰੀ ਰਾਹੁਲ ਤਿਵਾੜੀ ਦੀ ਅਗਵਾਈ ਹੇਠ ਮਨਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗਗਨਦੀਪ ਸਿੰਘ ਵਿਰਕ ਤੋਂ ਇਲਾਵਾ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ, ਸਕੂਲਾਂ ਦੇ ਪ੍ਰਿੰਸੀਪਲ, ਅਧਿਆਪਕ, ਵਿਦਿਆਰਥੀ ਅਤੇ ਵਾਤਾਵਰਣ ਰੱਖਿਆ ਸਬੰਧੀ ਗਤੀਵਿਧੀਆਂ ਨਾਲ ਸਬੰਧਤ ਐਨ.ਜੀ.ਓਜ਼ ਦੇ ਨੁਮਾਇੰਦੇ ਵਰਚੁਅਲ ਮੋਡ ਰਾਹੀਂ ਸ਼ਾਮਿਲ ਹੋਏ।

Advertisements

ਵਿਸ਼ਵ ਵਾਤਾਵਰਣ ਦਿਵਸ ਮੌਕੇ ਵਧੀਕ ਡਿਪਟੀ ਕਮਿਸ਼ਨ(ਵਿਕਾਸ) ਗਗਨਦੀਪ ਸਿੰਘ ਵਿਰਕ ਨੇ ਕਿਹਾ ਕਿ ਵਾਤਾਵਰਣ ਦੀ ਸਮੱਸਿਆ ਦਿਨੋਂ-ਦਿਨ ਗੰਭੀਰ ਰੁਖ ਅਖ਼ਤਿਆਰ ਕਰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਪ੍ਰਤੀ ਸਾਡਾ ਗੈਰ-ਜ਼ਿੰਮੇਵਾਰਨਾ ਰਵੱਈਆ ਹਵਾ, ਪਾਣੀ, ਮਿੱਟੀ ਵਰਗੀਆਂ ਅਨਮੋਲ ਕੁਦਰਤੀ ਦਾਤਾਂ ਦੇ ਪਲੀਤ ਅਤੇ ਗੰਧਲਾ ਹੋਣ ਦਾ ਕਾਰਨ ਬਣ ਰਿਹਾ ਹੈ। ਵਾਤਾਵਰਣ ਦੀ ਸ਼ੁਧਤਾ ਅਤੇ ਰਾਖੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਪੂਰੇ ਵਿਸ਼ਵ ਵਿੱਚ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ ਪਰੰਤੂ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਹਰ ਦਿਨ ਕੁਦਰਤੀ ਸਰੋਤਾਂ, ਜਲ, ਵਾਯੂ ਅਤੇ ਮਿੱਟੀ ਨੂੰ ਗੰਧਲਾ ਨਾ ਕਰਕੇ ਅਤੇ ਸੁਚੱਜੀ ਵਰਤੋਂ ਕਰ ਕੇ ਵਾਤਾਵਰਣ ਦੀ ਸ਼ੁੱਧਤਾ ਤੇ ਸਾਂਭ-ਸੰਭਾਲ ਵਿੱਚ ਯੋਗਦਾਨ ਪਾਈਏ।

ਇਸ ਅਵਸਰ ’ਤੇ ਵਧੀਕ ਡਿਪਟੀ ਕਮਿਸ਼ਨਰ ਨੇ ਸੁੰਦਰ ਬੂਟੇ ਵੰਡ ਕੇ ਵਾਤਾਵਰਣ ਦੀ ਸ਼ੁਧਤਾ ਅਤੇ ਆਲੇ-ਦੁਆਲੇ ਨੂੰ ਹਰਿਆ-ਭਰਿਆ ਤੇ ਸਾਫ-ਸੁਥਰਾ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਵਾਤਾਵਰਣ ਦਿਵਸ ਮੌਕੇ ਫਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਨਾ ਲਾਉਣ ਅਤੇ ਵੱਧ ਤੋਂ ਵੱਧ ਰੁੱਖ ਲਾਉਣ ਦੀ ਅਪੀਲ ਕੀਤੀ ਜਿਸ ਨਾਲ ਵਾਤਾਵਰਣ ਸਿਹਤਮੰਦ ਤੇ ਨਰੋਆ ਬਣੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਪ੍ਰਦੂਸ਼ਣ ਮੁਕਤ ਤੇ ਸਵੱਛ ਵਾਤਾਵਰਣ ਦੇ ਨਿਰਮਾਣ ਲਈ ਇਕੋ ਵਾਰ ਇਸਤੇਮਾਲ ਹੋਣ ਵਾਲੇ ਪਲਾਸਟਿਕ ਦੇ ਲਿਫਾਫੇ ਅਤੇ ਹੋਰ ਸਾਮਾਨ, ਜੋ ਕਿ ਕੂੜਾ ਕਰਕਟ ਅਤੇ ਹੋਰ ਹਾਨੀਕਾਰਕ ਪ੍ਰਦਾਰਥਾਂ ਦਾ ਰੂਪ ਲੈ ਕੇ ਧਰਤੀ ਅਤੇ ਪਾਣੀ ਨੂੰ ਪ੍ਰਦੂਸ਼ਿਤ ਕਰ ਕੇ ਮਨੁੱਖੀ ਸਿਹਤ ਤੋਂ ਇਲਾਵਾ ਜੀਵ ਜੰਤੂਆਂ ਲਈ ਵੀ ਖ਼ਤਰਾ ਬਣ ਰਿਹਾ ਹੈ, ਦੀ ਵਰਤੋਂ ’ਤੇ ਮਨਾਹੀ ਅਤੇ ਇਨ੍ਹਾਂ ਦੇ ਬਦਲ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਵਾਲਾ ਪੈਂਫਲੈਟ ਵੀ ਜਾਰੀ ਕੀਤਾ।  

ਇਸ ਸਮਾਗਮ ਵਿੱਚ ਕਾਰਜਸਾਧਕ ਅਫ਼ਸਰ ਨਗਰ ਕੌਂਸਲ ਫਿਰੋਜ਼ਪੁਰ ਗੁਰਦਾਸ ਸਿੰਘ, ਚਮਕੌਰ ਸਿੰਘ ਡੀਈਓ ਸਕੈਂਡਰੀ ਫਿਰੋਜ਼ਪੁਰ, ਕੋਮਲ ਅਰੋੜਾ ਡਿਪਟੀ ਡੀਈਓ ਸੈਕੰਡਰੀ ਫਿਰੋਜ਼ਪੁਰ, ਸੁਖਵਿੰਦਰ ਸਿੰਘ ਡਿਪਟੀ ਡੀਈਓ ਐਲੀਮੈਂਟਰੀ, ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਪਿੰਸੀਪਲ, ਪਿੰਸੀਪਲ ਮੋਨਿਕਾ, ਪਿੰਸੀਪਲ ਰੁਪਿੰਦਰ ਕੌਰ ਤੋਂ ਇਲਾਵਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਰੈਡ ਕਰਾਸ ਸੁਸਾਇਟੀ ਦੇ ਅਧਿਕਾਰੀ/ਕਰਮਚਾਰੀ ਵੀ ਹਾਜ਼ਰ ਸਨ।  

LEAVE A REPLY

Please enter your comment!
Please enter your name here