ਕੋਵਿਡ ਕਾਰਨ ਪਰਿਵਾਰਕ ਮੈਂਬਰ ਗੁਆ ਦੇਣ ਵਾਲੇ 1220 ਪਰਿਵਾਰਾਂ ਨੂੰ 5.98 ਕਰੋੜ ਦੀ ਸਹਾਇਤਾ ਰਾਸ਼ੀ ਪ੍ਰਦਾਨ

ਜਲੰਧਰ (ਦ ਸਟੈਲਰ ਨਿਊਜ਼): ਕੋਵਿਡ-19 ਕਾਰਨ ਆਪਣੇ ਅਜ਼ੀਜ਼ਾਂ ਨੂੰ ਗੁਆ ਦੇਣ ਵਾਲੇ ਪਰਿਵਾਰਾਂ ਵੱਲ ਮਦਦ ਦਾ ਹੱਥ ਵਧਾਉਂਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲੰਧਰ ਵਿੱਚ 1220 ਕੋਵਿਡ-19 ਪੀੜਤਾਂ ਦੇ ਵਾਰਸਾਂ ਨੂੰ 5.98 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਵਿਡ ਨਾਲ 1578 ਮੌਤਾਂ ਦਰਜ ਹੋਈਆਂ ਹਨ ਅਤੇ ਸਰਕਾਰ ਵੱਲੋਂ ਦਿੱਤੀ ਜਾ ਰਹੀ 50,000 ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਲਈ 1256 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕਲੇਮ ਸਬੰਧੀ ਹੁਣ ਤੱਕ 1220 ਕੇਸਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ ਅਤੇ ਕੋਵਿਡ ਪੀੜਤਾਂ ਦੇ ਕਾਨੂੰਨੀ ਵਾਰਸਾਂ ਨੂੰ 5.98 ਕਰੋੜ ਰੁਪਏ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 36 ਕੇਸ ਅਜੇ ਪ੍ਰਕਿਰਿਆ ਅਧੀਨ ਹਨ, ਜਿਨ੍ਹਾਂ ਦਾ ਨਿਪਟਾਰਾ ਲੋੜੀਂਦੀਆਂ ਓਪਚਾਰਿਕਤਾਵਾਂ ਪੂਰੀਆਂ ਕਰਨ ਉਪਰੰਤ ਜਲਦੀ ਕਰ ਦਿੱਤਾ ਜਾਵੇਗਾ।

Advertisements

ਉਨ੍ਹਾਂ ਦੱਸਿਆ ਕਿ 50000 ਰੁਪਏ ਦਾ ਐਕਸ-ਗ੍ਰੇਸ਼ੀਆ ਪ੍ਰਾਪਤ ਕਰਨ ਲਈ ਮ੍ਰਿਤਕ ਦੇ ਵਾਰਸਾਂ ਨੂੰ ਮੌਤ ਦਾ ਸਰਟੀਫਿਕੇਟ, ਕਾਨੂੰਨੀ ਵਾਰਸ ਹੋਣ ਸਬੰਧੀ ਸਰਟੀਫਿਕੇਟ, ਆਰ.ਟੀ.ਪੀ.ਸੀ.ਆਰ. ਕੋਵਿਡ ਪੋਜ਼ੀਟਿਵ ਰਿਪੋਰਟ ਸਮੇਤ ਹੋਰ ਲੋੜੀਂਦੇ ਦਸਤਾਵੇਜ਼ਾਂ ਦੇ ਨਾਲ ਦਰਖਾਸਤ ਜਮ੍ਹਾ ਕਰਵਾਉਣੀ ਹੋਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਯੋਗ ਪਰਿਵਾਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 106 ਵਿੱਚੋਂ ਬਿਨੈ ਫਾਰਮ ਪ੍ਰਾਪਤ ਕਰ ਸਕਦੇ ਹਨ ਅਤੇ ਇਸ ਨੂੰ ਜਲੰਧਰ ਜ਼ਿਲ੍ਹੇ ਦੀ ਅਧਿਕਾਰਤ ਵੈੱਬਸਾਈਟ (Jalandhar.nic.in) ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਮੁੱਚੇ ਕੋਵਿਡ-19 ਪ੍ਰਭਾਵਿਤ ਪਰਿਵਾਰਾਂ ਨੂੰ 50,000 ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਯੋਗ ਲਾਭਪਾਤਰੀ ਕੋਵਿਡ ਕਲੇਮ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ ਲਈ ਪ੍ਰਸ਼ਾਸਨ ਨਾਲ ਹੈਲਪਲਾਈਨ ਨੰਬਰ 0181-2224417 ’ਤੇ ਵੀ ਸੰਪਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here