ਪ੍ਰੀਤੀ ਚਾਵਲਾ ਵੱਲੋਂ ਕਣਕ ਦੀ ਵੰਡ ਪ੍ਰਕ੍ਰਿਆ ਦਾ ਨਿਰੀਖਣ

ਰਾਜਪੁਰਾ (ਦ ਸਟੈਲਰ ਨਿਊਜ਼)। ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਪ੍ਰੀਤੀ ਚਾਵਲਾ ਨੇ ਅੱਜ ਰਾਜਪੁਰਾ ਵਿਖੇ ਜਨਤਕ ਵੰਡ ਪ੍ਰਣਾਲੀ ਤਹਿਤ ਖੁਰਾਕ ਤੇ ਸਿਵਲ ਸਪਲਾਈਜ ਵਿਭਾਗ ਵੱਲੋਂ ਅਨੰਦ ਨਗਰ ਅਤੇ ਧਮੋਲੀ ਵਿਖੇ ਰਾਸ਼ਨ ਡਿਪੂਆਂ ‘ਤੇ ਲਾਭਪਾਤਰੀਆਂ ਨੂੰ ਵੰਡੀ ਜਾ ਰਹੀ ਕਣਕ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਇੱਥੇ ਮੌਜੂਦ ਸਥਾਨਕ ਲਾਭਪਾਤਰੀ ਖਪਤਕਾਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਵਿਚਾਰ ਵੀ ਜਾਣੇ ਅਤੇ ਕਣਕ ਦੀ ਵੰਡ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪ੍ਰੀਤੀ ਚਾਵਲਾ ਨੇ ਕਿਹਾ ਕਿ ਸਰਕਾਰ ਵੱਲੋਂ ਰਾਜ ਦੇ ਲਾਭਪਾਤਰੀ ਵਸਨੀਕਾਂ ਨੂੰ ਜਨਤਕ ਵੰਡ ਪ੍ਰਣਾਲੀ ਰਾਹੀਂ ਸਮਾਰਟ ਕਾਰਡ ਸਕੀਮ ਜਰੀਏ ਵੰਡੀ ਜਾਂਦੀ ਕਣਕ ਤੇ ਹੋਰ ਸਮੱਗਰੀ ਪ੍ਰਤੀ ਜੇਕਰ ਕਿਸੇ ਨੂੰ ਸ਼ਿਕਾਇਤ ਹੋਵੇ ਤਾਂ ਇਹ ਪੰਜਾਬ ਰਾਜ ਖੁਰਾਕ ਕਮਿਸ਼ਨ ਕੋਲ ਮੋਬਾਇਲ ਨੰਬਰ 9876764545 ‘ਤੇ ਕੰਮ ਵਾਲੇ ਦਿਨ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਦਰਜ ਕਰਵਾਈ ਜਾ ਸਕਦੀ ਹੈ।

Advertisements


ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਪ੍ਰੀਤੀ ਚਾਵਲਾ ਨੇ ਖੁਰਾਕ ਤੇ ਸਿਵਲ ਸਪਲਾਈਜ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਡਿਪੂ ਹੋਲਡਰਾਂ ਨੂੰ ਹਦਾਇਤ ਕੀਤੀ ਕਿ ਕਣਕ ਪੂਰੀ ਤੋਲੀ ਜਾਵੇ, ਕੰਡਾ ਬਿਲਕੁਲ ਸਹੀ ਹੋਵੇ, ਕਣਕ ਵੰਡਣ ਦਾ ਸਮਾਂ ਨਿਰਧਾਰਤ ਕੀਤਾ ਜਾਵੇ ਅਤੇ ਡਿਪੂਆਂ ਵਿਖੇ ਸਾਫ਼ ਸੁਥਰੀ ਥਾਂ ‘ਤੇ ਹੀ ਕਣਕ ਡਿਪੂ ਹੋਲਡਰ ਖ਼ੁਦ ਵੰਡਣੀ ਯਕੀਨੀ ਬਣਾਉਣ। ਇਸ ਤੋਂ ਬਿਨ੍ਹਾਂ ਰਾਸ਼ਨ ਡਿਪੂਆਂ ‘ਤੇ ਸਬੰਧਤ ਏ.ਐਫ.ਐਸ.ਓ. ਅਤੇ ਇੰਸਪੈਕਟਰ ਦਾ ਨਾਮ ਅਤੇ ਫੋਨ ਨੰਬਰ ਅਤੇ ਪੰਜਾਬ ਰਾਜ ਖੁਰਾਕ ਕਮਿਸ਼ਨ ਦਾ ਸ਼ਿਕਾਇਤ ਨੰਬਰ ਲਿਖਿਆ ਜਾਣਾ ਯਕੀਨੀ ਬਣਾਇਆ ਜਾਵੇ। ਪ੍ਰੀਤੀ ਚਾਵਲਾ ਨੇ ਕਿਹਾ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਤਹਿਤ ਜਨਤਕ ਵੰਡ ਪ੍ਰਣਾਲੀ ‘ਚ ਪਾਰਦਰਸ਼ਤਾ ਬਣਾਏ ਰੱਖਣ ਅਤੇ ਸਰਕਾਰੀ ਸਕੀਮਾਂ ਦਾ ਲਾਭ ਅਸਲ ਲਾਭਪਾਤਰੀਆਂ ਤੱਕ ਪੁੱਜਦਾ ਕਰਨ ‘ਚ ਕੋਈ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।


ਇਸ ਮੌਕੇ ਏ.ਐਫ.ਐਸ.ਓ. ਬਿਕਰਮਜੀਤ ਸਿੰਘ ਨੇ ਮੈਂਬਰ ਪ੍ਰੀਤੀ ਚਾਵਲਾ ਨੂੰ ਭਰੋਸਾ ਦਿੱਤਾ ਕਿ ਵਿਭਾਗ ਵੱਲੋਂ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇਗੀ ਅਤੇ ਸਰਕਾਰੀ ਸਕੀਮਾਂ ਦਾ ਲਾਭ ਲਾਭਪਾਤਰੀਆਂ ਤੱਕ ਪੁੱਜਦਾ ਕੀਤਾ ਜਾਵੇਗਾ। ਇਸ ਮੌਕੇ ਨਿਰੀਖਕ ਵੰਡ ਨਰਪਿੰਦਰ ਸਿੰਘ ਅਤੇ ਵਿਭਾਗ ਦੇ ਲਾਭਪਾਤਰੀ ਮੌਜੂਦ ਸਨ।

LEAVE A REPLY

Please enter your comment!
Please enter your name here