ਸਿੰਗਲ ਯੂਜ਼ ਪਲਾਸਟਿਕ ਦੀ ਰੋਕਥਾਮ ਲਈ ਪ੍ਰਸ਼ਾਸਨ ਨੇ ਅਧਿਕਾਰੀ ਮੈਦਾਨ ’ਚ ਉਤਾਰੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਦੀ ਅਗਵਾਈ ਵਾਲੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਿੰਗਲ ਯੂਜ਼ ਪਲਾਸਟਿਕ ਦੀ ਰੋਕਥਾਮ ਲਈ ਵਧੀਕ ਡਿਪਟੀ ਕਮਿਸ਼ਨਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੈਦਾਨ ਵਿਚ ਉਤਾਰੇ ਗਏ। ਇਨ੍ਹਾਂ ਅਧਿਕਾਰੀਆਂ ਵਲੋਂ ਜਿਥੇ ਪਲਾਸਟਿਕ ਥੋਕ ਅਤੇ ਪ੍ਰਚੂਨ ਦੀਆਂ ਦੁਕਾਨਾਂ ਵਿਚ ਜਾ ਕੇ ਜਾਗਰੂਕਤਾ ਫੈਲਾਈ ਗਈ, ਉਥੇ ਇਸ ਦੀ ਵਰਤੋਂ ਸਾਹਮਣੇ ਆਉਣ ’ਤੇ ਸਬੰਧਤ ਪਲਾਸਟਿਕ ਨੂੰ ਜ਼ਬਤ ਵੀ ਕੀਤਾ ਗਿਆ। ਇਸ ਤੋਂ ਇਲਾਵਾ ਯੁਵਕ ਸੇਵਾਵਾਂ ਵਿਭਾਗ ਵਲੋਂ ਸਬਜ਼ੀਆਂ ਅਤੇ ਫ਼ਲ ਵਿਕਰੇਤਾਵਾਂ ਨੂੰ ਹੱਥ ਨਾਲ ਬਣਾਏ ਹੋਏ ਕੱਪੜੇ ਦੇ ਥੈਲੇ ਵੰਡੇ ਗਏ ਅਤੇ ਪਲਾਸਟਿਕ ਵਿਰੋਧੀ ਰੈਲੀ ਵੀ ਕੱਢੀ ਗਈ।  

Advertisements


ਡਿਪਟੀ ਕਮਿਸ਼ਨਰ ਨੇ ਪਲਾਸਟਿਕ ਥੋਕ ਅਤੇ ਪ੍ਰਚੂਨ ਵਿਕਰੇਤਾਵਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਤੁਰੰਤ ਬੰਦ ਕੀਤਾ ਜਾਵੇ, ਕਿਉਂਕਿ ਇਹ ਵਾਤਾਵਰਣ ਅਤੇ ਮਨੁੱਖੀ ਜਾਨਾਂ ਲਈ ਕਾਫੀ ਨੁਕਸਾਨਦੇਹ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਸਾਹਮਣੇ ਆਈ, ਤਾਂ ਨਿਯਮਾਂ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਇਕਜੁੱਟਤਾ ਸਮੇਂ ਦੀ ਮੁੱਖ ਲੋੜ ਹੈ, ਇਸ ਲਈ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਦੇ ਹੋਏ ਵਾਤਾਵਰਣ ਅਨੁਕੂਲ ਥੈਲਿਆਂ ਦੀ ਹੀ ਵਰਤੋਂ ਕੀਤੀ ਜਾਵੇ।


ਜ਼ਿਕਰਯੋਗ ਹੈ ਕਿ ਅੱਜ ਕਾਰਜਸਾਧਕ ਅਫ਼ਸਰਾਂ ਵਲੋਂ ਸਬੰਧਤ ਨਗਰ ਕੌਂਸਲਾਂ ਵਿਚ ਦੁਕਾਨਾਂ ਦਾ ਦੌਰਾ ਕਰਕੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਗਈ। ਇਸ ਤੋਂ ਇਲਾਵਾ ਪਲਾਸਟਿਕ ਸਾਹਮਣੇ ਆਉਣ ’ਤੇ ਜ਼ਬਤ ਵੀ ਕੀਤਾ ਗਿਆ। ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ੍ਰੀ ਪ੍ਰੀਤ ਕੋਹਲੀ ਦੀ ਅਗਵਾਈ ਵਿਚ ਯੁਵਕ ਸੇਵਾਵਾਂ ਵਿਭਾਗ ਵਲੋਂ ਵੱਖ-ਵੱਖ ਦੁਕਾਨਦਾਰਾਂ ਨੂੰ ਹੱਥੀਂ ਬਣਾਏ ਹੋਏ ਕੱਪੜੇ ਦੇ ਥੈਲੇ ਵੰਡੇ ਗਏ। ਇਹ ਕੱਪੜੇ ਦੇ ਥੈਲੇ ਵਿਭਾਗ ਨਾਲ ਸਬੰਧਤ ਐਨ.ਐਸ.ਐਸ. ਯੂਨਿਟਾਂ ਦੇ ਵਲੰਟੀਅਰਾਂ ਵਲੋਂ ਬਣਾਏ ਗਏ ਸਨ। ਇਸ ਦੇ ਨਾਲ ਹੀ ਵਿਭਾਗ ਨਾਲ ਸਬੰਧਤ ਰੈਡ ਰਿਬਨ ਕਲੱਬਾਂ ਵਲੋਂ ਯੁਵਾ ਵਰਗ ਵਿਚ ਸਿੰਗਲ ਯੂਜ਼ ਪਲਾਸਟਿਕ ਦੀ ਜਾਗਰੂਕਤਾ ਲਈ ਆਨਲਾਈਨ ਅਤੇ ਆਫਲਾਈਨ ਮੁਕਾਬਲੇ ਵੀ ਕਰਵਾਏ ਗਏ। ਐਨ.ਐਸ.ਐਸ. ਯੂਨਿਟ ਵਲੋਂ ਵਲੰਟੀਅਰਾਂ ਨੂੰ ਪਲਾਸਟਿਕ ਦੀਆਂ ਪੁਰਾਣੀਆਂ ਬੋਤਲਾਂ ਨੂੰ ਰੀਯੂਜ਼ ਕਰਕੇ ਗਮਲੇ ਬਣਾਉਣੇ ਵੀ ਸਿਖਾਏ ਗਏ।


ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਅਲਖ ਜਗਾਉਣ ਲਈ ਜਥੇਦਾਰ ਭਾਈ ਕੁਲਦੀਪ ਸਿੰਘ ਚੱਕ ਮੈਮੋਰੀਅਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਦੇ ਐਨ.ਐਸ.ਐਸ. ਯੂਨਿਟ ਵਲੋਂ ਮੁਕੇਰੀਆਂ ਵਿਖੇ ਇਕ ਪਲਾਸਟਿਕ ਵਿਰੋਧੀ ਰੈਲੀ ਵੀ ਕੱਢੀ ਗਈ।

LEAVE A REPLY

Please enter your comment!
Please enter your name here