ਵਿਦਿਆਰਥੀਆਂ ਦੀ ਸੁਰੱਖਿਆ ਨਾਲ ਨਹੀਂ ਕੀਤਾ ਜਾਵੇਗਾ ਕੋਈ ਸਮਝੌਤਾ: ਸੰਦੀਪ ਹੰਸ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਸੇਫ ਸਕੂਲ ਵਾਹਨ ਸਕੀਮ ਨੂੰ ਜ਼ਿਲ੍ਹੇ ਵਿਚ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰਾਈਵੇਟ ਸਕੂਲਾਂ ਦੇ ਮਾਲਕਾਂ/ਪ੍ਰਿੰਸੀਪਲਾਂ, ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਅਤੇ ਸਕੂਲ ਬੱਸ ਓਪਰੇਟਰ ਯੂਨੀਅਨ ਨਾਲ ਮੀਟਿੰਗ ਕੀਤੀ। ਇਸ ਮੌਕੇ ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

Advertisements

ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਕੂਲ ਬੱਸ ’ਤੇ ਜਾਣ ਵਾਲੇ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਾ ਕਰਦੇ ਹੋਏ ਸੇਫ ਸਕੂਲ ਵਾਹਨ ਸਕੀਮ ਨੂੰ ਜ਼ਿਲ੍ਹੇ ਵਿਚ ਸਖਤੀ ਨਾਲ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਕੂਲੀ ਵਾਹਨ ਨਿਯਮਾਂ ਦੀ ਉਲੰਘਣਾ ਕਰਦਾ ਸਾਹਮਣੇ ਆਇਆ, ਤਾਂ ਉਸ ਦੇ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਜਿਥੇ ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਟੀ ਨੂੰ ਨਿਰਦੇਸ਼ ਦਿੱਤੇ ਕਿ ਸਕੂਲਾਂ ਨੂੰ ਸੇਫ ਸਕੂਲ ਵਾਹਨ ਸਬੰਧੀ ਹਦਾਇਤਾਂ ਤੋਂ ਜਾਣੂ ਕਰਵਾਇਆ ਜਾਵੇ, ਉਥੇ ਸਕੂਲ ਮੁਖੀਆਂ ਨੂੰ ਇਨ੍ਹਾਂ ਹਦਾਇਤਾਂ ਦੀ ਯਕੀਨੀ ਤੌਰ ’ਤੇ ਪਾਲਣਾ ਕਰਨ ਲਈ ਵੀ ਕਿਹਾ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਪੂਰੀ ਤਰ੍ਹਾਂ ਨਾਲ ਜਾਂਚ ਕਰਨ ਤੋਂ ਬਾਅਦ ਹੀ ਆਪਣੇ ਬੱਚਿਆਂ ਨੂੰ ਸਕੂਲੀ ਵਾਹਨਾਂ ’ਤੇ ਭੇਜਣ। ਉਨ੍ਹਾਂ ਕਿਹਾ ਕਿ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇੇ ਬੱਚੇ ਓਵਰਲੋਡਿਡ ਤੇ ਅਸੁਰੱਖਿਅਤ ਵਾਹਨਾਂ ’ਤੇ ਨਾ ਭੇਜਣ।  

ਸੰਦੀਪ ਹੰਸ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸੇਫ ਸਕੂਲ ਵਾਹਨ ਸਕੀਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਜ਼ਿਲ੍ਹੇ ਵਿਚ ਵੱਡੇ ਪੱਧਰ ’ਤੇ ਐਸ.ਡੀ.ਐਮਜ਼ ਦੀ ਅਗਵਾਈ ਵਿਚ ਚੈਕਿੰਗ ਮੁਹਿੰਮ ਚਲਾਈ ਜਾਵੇ। ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਓਵਰਲੋਡਿਡ, ਅੱਗ ਬੁਝਾਉਣ ਵਾਲਾ ਯੰਤਰ, ਫਸਟ ਏਡ ਬਾਕਸ, ਸਪੀਡ ਗਵਰਨਰ, ਐਮਰਜੈਂਸੀ ਖਿੜਕੀਆਂ, ਸਕੂਲ ਬੈਗ ਰੱਖਣ ਲਈ ਸਹੀ ਪ੍ਰਬੰਧ, ਪਰਮਿੱਟ, ਬੱਚਿਆਂ ਦੇ ਬੈਠਣ ਲਈ ਸਹੀ ਸੀਟ ਦਾ ਪ੍ਰਬੰਧ ਆਦਿ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਬੱਸਾਂ ’ਤੇ ਸਕੂਲ ਦਾ ਨਾਮ ਤੇ ਫੋਨ ਨੰਬਰ ਪ੍ਰਿੰਟ ਹੋਣੇ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਯੋਗ ਵਿਅਕਤੀਆਂ ਨੂੰ ਹੀ ਡਰਾਈਵਰ ਰੱਖਿਆ ਜਾਵੇ ਅਤੇ ਡਰਾਈਵਰ ਸਮੇਤ ਕੰਡਕਟਰ ਤੇ ਅਟੈਡੈਂਟ ਯੂਨੀਫਾਰਮ ਵਿਚ ਹੋਣੇ ਚਾਹੀਦੇ ਹਨ। ਉਨ੍ਹਾਂ ਸਕੂਲ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਸਕੂਲ ਬੱਸਾਂ ਦੇ ਡਰਾਈਵਰ ਨੂੰ ਘੱਟ ਤੋਂ ਘੱਟ 5 ਸਾਲ ਦਾ ਹੈਵੀ ਵਾਹਨ ਚਲਾਉਣ ਦਾ ਤਜ਼ਰਬਾ ਹੋਵੇ ਅਤੇ ਬੱਸਾਂ ਦੀ ਹਾਲਤ ਚੰਗੀ ਹੋਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਮਹਾਜਨ, ਐਸ.ਡੀ.ਐਮ. ਹੁਸ਼ਿਆਰਪੁਰ ਸ਼ਿਵਰਾਜ ਸਿੰਘ ਬੱਲ, ਪੀ.ਸੀ.ਐਸ. (ਅੰਡਰ ਟ੍ਰੇਨਿੰਗ) ਵਿਓਮ ਭਾਰਦਵਾਜ, ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਟੀ ਸੁਖਵਿੰਦਰ ਕੁਮਾਰ ਤੋਂ ਇਲਾਵਾ ਹੋਰ ਵਿਭਾਗਾਂ ਦੇ ਮੁਖੀ ਵੀ ਮੌਜੂਦ ਸਨ।
————–0—————–
ਸੇਫ ਸਕੂਲ ਵਾਹਨ ਪਾਲਿਸੀ ਅਨੁਸਾਰ ਸਕੂਲ ਬੱਸਾਂ ਲਈ ਜ਼ਰੂਰੀ ਹਦਾਇਤਾਂ:
-ਸਕੂਲ ਬੱਸ ਦਾ ਰੰਗ ਪੀਲਾ ਹੋਵੇ, ਜਿਸ ’ਤੇ 6 ਇੰਚ ਦੀ ਭੂਰੇ ਰੰਗ ਦੀ ਪੱਟੀ ਬਣੀ ਹੋਵੇ।
-ਸਕੂਲ ਬੱਸਾਂ ਵਿਚ ਫਸਟ ਏਡ ਕਿੱਟ ਬਾਕਸ ਤੇ ਅੱਗ ਬੁਝਾਊ ਯੰਤਰ ਫਿੱਟ ਹੋਵੇ।
-ਸਕੂਲ ਬੱਸਾਂ ਦੀਆਂ ਖਿੜਕੀਆਂ ’ਤੇ ਦੋ-ਦੋ ਗਰਿੱਲਾਂ ਲੱਗੀਆਂ ਹੋਣ।
-ਮਾਨਤਾ ਪ੍ਰਾਪਤ ਰਿਫਲੈਕਟਿਵ ਟੇਪ ਫਰੰਟ ’ਤੇ ਸਫੇਦ, ਪਿੱਛੇ ਰੈਡ ਤੇ ਸਾਈਡ ’ਤੇ ਪੀਲੇ ਰੰਗ ਦੀ ਲੱਗੀ ਹੋਵੇ।
-ਸਕੂਲ ਬੱਸ ਦਾ ਦਰਵਾਜਾ ਖੁੱਲ੍ਹਣ ਸਮੇਂ ਸਟਾਪ ਸਿੰਗਨਲ ਅਲਾਰਮ ਫਿੱਟ ਹੋਵੇ।
-ਸਕੂਲ ਬੱਸ ਦੀਆਂ ਸਾਈਡਾਂ ਤੇ ਪਿੱਛੇ ਸਕੂਲ ਦਾ ਨਾਮ ਲਿਖਿਆ ਹੋਵੇ।
-ਮਾਨਤਾ ਪ੍ਰਾਪਤ ਇਲੈਕਟ੍ਰੋਨਿਕ ਸਪੀਡ ਗਵਰਨਰ ਫਿੱਟ ਹੋਵੇ, ਸਪੀਡ 40 ਤੋਂ ਵੱਧ ਨਿਰਧਾਰਤ ਨਾ ਹੋਵੇ।
-ਸਕੂਲ ਬੱਸ ਦੇ ਅੱਗੇ ਪਿੱਛੇ ਵੀ ਸਕੂਲ ਬੱਸ ਲਿਖਿਆ ਹੋਵੇ ਅਤੇ ਸਕੂਲ ਬੱਸ ਦਾ ਸਟੀਕਰ ਅਗਲੇ ਸ਼ੀਸ਼ੇ ’ਤੇ ਵੀ ਲੱਗਿਆ ਹੋਵੇ।
-ਗੱਡੀ ਕੌਂਟਰੈਕਟ (ਠੇਕੇ) ’ਤੇ ਹੈ, ਤਾਂ ਸਕੂਲ ਡਿਊਟੀ ਲਿਖਿਆ ਹੋਵੇ।
-ਸਕੂਲ ਬੱਸ ਦੇ ਸੱਜੇ ਐਮਰਜੈਂਸੀ ਦਰਵਾਜਾ ਹੋਵੇ, ਜਿਸ ਦਾ ਲੈਵਲ ਬੱਸ ਦੇ ਫਰਸ਼ ਨਾਲ ਲੱਗਾ ਹੋਵੇ।
-ਪਿੱਛੇ ਵੀ ਐਮਰਜੈਂਸੀ ਦਰਵਾਜਾ-ਖਿੜਕੀ ਹੋਵੇ।
-ਸਕੂਲ ਬੱਸ ਵਿਚ ਬੱਚਿਆਂ ਦੇ ਸਮਾਨ ਰੱਖਣ ਲਈ ਰੈਕ ਹੋਵੇ।
-ਸਕੂਲ ਬੱਸ ਦੇ ਦਰਵਾਜੇ ਫੋਲਡਿੰਗ ਹੋਣੇ ਚਾਹੀਦੇ ਹਨ।
-ਸਕੂਲ ਬੱਸਾਂ ਵਿਚ ਦੋ ਸੀ.ਸੀ.ਟੀ.ਵੀ. ਕੈਮਰੇ (ਰਿਕਾਰਡਿੰਗ ਵਾਲੇ) ਹੋਣੇ ਚਾਹੀਦੇ ਹਨ।
-ਬੱਸ ਵਿਚ ਸਫ਼ਾਈ ਦਾ ਵਿਸ਼ੇਸ਼ ਧਿਆਨ ਹੋਵੇ।

LEAVE A REPLY

Please enter your comment!
Please enter your name here