ਰੋਜ਼ਗਾਰ ਮੇਲੇ ਦੌਰਾਨ 351 ਉਮੀਦਵਾਰ ਬੀ.ਪੀ.ਓ. ਸੈਂਟਰ ਮੁਹਾਲੀ ’ਚ ਨੌਕਰੀ ਲਈ ਸ਼ਾਰਟਲਿਸਟ

ਜਲੰਧਰ, ( ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਦੇ ਮੰਤਵ ਨਾਲ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਜਲੰਧਰ ਵਿਖੇ ਵੀਰਵਾਰ ਨੂੰ ਲਗਾਏ ਗਏ ਰੋਜ਼ਗਾਰ ਮੇਲੇ ਦੌਰਾਨ 351 ਉਮੀਦਵਾਰ ਬੀ.ਪੀ.ਓ. ਸੈਂਟਰ ਮੁਹਾਲੀ ਵਿਖੇ ਨੌਕਰੀ ਲਈ ਸ਼ਾਰਟਲਿਸਟ ਕੀਤੇ ਗਏ। ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਰੋਜ਼ਗਾਰ ਮੇਲੇ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਅੱਜ ਦੇ ਇਸ ਰੋਜ਼ਗਾਰ ਮੇਲੇ ਵਿੱਚ ਪੰਜ ਨਾਮੀ ਬੀ.ਪੀ.ਓ. ਕੰਪਨੀਆਂ, ਜਿਨ੍ਹਾਂ ਵਿੱਚ ਟੈਕ ਮਹਿੰਦਰਾ, ਵਿੰਡੋ ਟੈਕਨਾਲੋਜੀ, ਟੈਲੀ ਪਰਫਾਰਮੈਂਸ, ਡਾ.ਆਰ-ਆਈ.ਟੀ.ਐਮ. ਅਤੇ ਹਾਈ ਪੁਆਇੰਟ ਸ਼ਾਮਲ ਹਨ, ਨੇ ਸ਼ਿਰਕਤ ਕਰਦਿਆਂ ਨੌਕਰੀ ਲਈ ਨੌਜਵਾਨਾਂ ਦੀ ਇੰਟਰਵਿਊ ਲਈ । ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਤਿੰਨ ਜ਼ਿਲ੍ਹਿਆਂ ਜਲੰਧਰ, ਕਪੂਰਥਲਾ ਅਤੇ ਹੁਸ਼ਿਆਪੁਰ ਦੇ 507 ਨੌਜਵਾਨ ਲੜਕੇ-ਲੜਕੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 351 ਉਮੀਦਵਾਰਾਂ ਨੂੰ ਨੌਕਰੀ ਲਈ ਸ਼ਾਰਟਲਿਸਟ ਕੀਤਾ ਗਿਆ ਹੈ, ਜਿਨ੍ਹਾਂ ਦੀ ਇੰਟਰਵਿਊ ਦਾ ਦੂਜਾ ਗੇੜ ਮੁਹਾਲੀ ਵਿਖੇ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਰੋਜ਼ਗਾਰ ਮੇਲੇ ਜਿਥੇ ਬੇਰੋਜ਼ਗਾਰਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹਣ ਵਿੱਚ ਸਹਾਈ ਸਾਬਿਤ ਹੋ ਰਹੇ ਹਨ ਉਥੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਰੋਜ਼ਗਾਰ ਮੇਲੇ ਬੇਰੋਜ਼ਗਾਰ ਨੌਜਵਾਨਾਂ ਅਤੇ ਰੋਜ਼ਗਾਰਦਾਤਾਵਾਂ ਵਿੱਚ ਕੜੀ ਦਾ ਕੰਮ ਕਰਦੇ ਹਨ, ਜਿਨ੍ਹਾਂ ਰਾਹੀਂ ਨਾ ਸਿਰਫ਼ ਨੌਜਵਾਨਾਂ ਨੂੰ ਆਪਣੀ ਯੋਗਤਾ ਤੇ ਪਸੰਦ ਅਨੁਸਾਰ ਰੋਜ਼ਗਾਰ ਪ੍ਰਾਪਤ ਕਰਨ ਦਾ ਮੌਕਾ ਮਿਲਦਾ ਹੈ ਸਗੋਂ ਕੰਪਨੀਆਂ ਵੀ ਆਪਣੀ ਲੋੜ ਅਨੁਸਾਰ ਉਮੀਦਵਾਰਾਂ ਦੀ ਚੋਣ ਕਰ ਸਕਦੀਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੋਜ਼ਗਾਰ ਦੇ ਵਧੇਰੇ ਮੌਕਿਆਂ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਕਮਰਾ ਨੰ.313, ਤੀਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਜਲੰਧਰ ਵਿਖੇ ਜਾਂ ਦਫ਼ਤਰ ਦੇ ਹੈਲਪਲਾਈਨ ਨੰਬਰ 90569-20100 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Advertisements

LEAVE A REPLY

Please enter your comment!
Please enter your name here