ਸਪੈਸ਼ਲ ਡੀਜੀਪੀ ਆਰਮਡ ਪੁਲਿਸ ਇਕਬਾਲ ਪ੍ਰੀਤ ਸਿੰਘ ਸਹੋਤਾ ਹੋਏ ਸੇਵਾਮੁਕਤ

ਜਲੰਧਰ (ਦ ਸਟੈਲਰ ਨਿਊਜ਼): ਸਟੇਟ ਆਰਮਡ ਪੁਲਿਸ ਜਲੰਧਰ ਦੇ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਆਈ.ਪੀ.ਐਸ ਅਧਿਕਾਰੀ ਇਕਬਾਲ ਪ੍ਰੀਤ ਸਿੰਘ ਸਹੋਤਾ ਆਪਣੀ 60 ਸਾਲ ਦੀ ਉਮਰ ਪੂਰੀ ਕਰਨ ’ਤੇ ਸੇਵਾ ਮੁਕਤ ਹੋਏ ਜਿਨ੍ਹਾਂ ਦੇ ਸਨਮਾਨ ਵਿੱਚ ਪੀ.ਏ.ਪੀ ਕੈਂਪਸ ਵਿਖੇ ਫੇਅਰਵੈੱਲ ਪਰੇਡ ਕਰਵਾਈ ਗਈ ਜਿਸ ਤੋਂ ਸਪੈਸ਼ਲ ਡੀ.ਜੀ.ਪੀ ਵਲੋਂ ਸਲਾਮੀ ਲਈ ਲਈ।  1988 ਬੈਚ ਦੇ ਆਈ.ਪੀ.ਐਸ ਅਧਿਕਾਰੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਆਪਣੇ ਕੈਰੀਅਰ ਦੌਰਾਨ ਏ.ਸੀ.ਪੀ ਦੇ ਅਹੁਦੇ ਤੋਂ ਲੈ ਕੇ ਡੀ.ਜੀ.ਪੀ ਰੈਂਕ ਤੱਕ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਨਿਭਾਈਆਂ। ਐਮ.ਏ. ਰਾਜਨੀਤੀ ਸ਼ਾਸਤਰ ਦੀ ਵਿਦਿਆ ਹਾਸਲ ਕਰਨ ਅਤੇ ਆਈ.ਪੀ.ਐਸ ਬਨਣ ਉਪਰੰਤ ਇਕਬਾਲ ਪ੍ਰੀਤ ਸਿੰਘ ਸਹੋਤਾ ਹੁਸ਼ਿਆਰਪੁਰ, ਤਰਨਤਾਰਨ, ਲੁਧਿਆਣਾ, ਫਤਿਹਗੜ੍ਹ ਸਾਹਿਬ, ਅੰਮ੍ਰਿਤਸਰ ਦਿਹਾਤੀ ਅਤੇ ਬਰਨਾਲਾ ਵਿਖੇ ਬਤੌਰ ਐਸ.ਐਸ.ਪੀ ਸੇਵਾਵਾਂ ਨਿਭਾਈਆ ਅਤੇ ਪਹਿਲੀ ਆਈ.ਆਰ.ਬੀ ਦੇ ਕਮਾਂਡੈਂਟ ਰਹਿਣ ਸਮੇਤ ਪਟਿਆਲਾ, ਫਿਰੋਜ਼ਪੁਰ ਅਤੇ ਬਾਰਡਰ ਰੇਂਜ ਵਿਖੇ ਬਤੌਰ ਡੀ.ਆਈ.ਜੀ ਵਜੋਂ ਮਹੱਤਵਪੂਰਨ ਜਿੰਮੇਵਾਰੀਆ ਨਿਭਾਈਆ।

Advertisements

ਸਪੈਸ਼ਲ ਡੀ.ਜੀ.ਪੀ ਵਜੋਂ ਸੇਵਾਮੁਕਤ ਹੋਏ ਸਹੋਤਾ ਨੇ ਬਤੌਰ ਐਸ.ਐਸ.ਪੀ ਅਤੇ ਡੀ.ਆਈ.ਜੀ ਰਹਿੰਦਿਆ ਲੋਕ ਪੱਖੀ ਨੀਤੀਆਂ ਦਾ ਵਿਕਾਸ ਕਰਨ ਦੇ ਨਾਲ-ਨਾਲ ਜੁਰਮ ਨੂੰ ਠਲ੍ਹ ਪਾਉਣ ਵਿੱਚ ਅਹਿਮ ਕਦਮ ਚੁੱਕੇ ਨੇ । ਉਨ੍ਹਾਂ ਨੇ ਪੁਲਿਸ ਦੇ ਕੰਮਕਾਜ ਵਿੱਚ ਹੋਰ ਸੁਧਾਰ ਲਿਆਉਣ ਲਈ ਕਈ ਪਹਿਲਕਦਮੀਆਂ ਅਮਲ ਵਿੱਚ ਲਿਆਂਦੀਆਂ। ਸਹੋਤਾ ਨੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ, ਕਮਾਂਡੋ ਟਰੇਨਿੰਗ ਸੈਂਟਰ ਬਹਾਦਰਗੜ੍ਹ, ਲੋਕਪਾਲ ਪੰਜਾਬ, ਬਾਰਡਰ ਰੇਂਜ ਅੰਮ੍ਰਿਤਸਰ ਅਤੇ ਪੰਜਾਬ ਪੁਲਿਸ ਹੈਡਕੁਆਟਰ ਵਿਖੇ ਬਤੌਰ ਆਈ.ਜੀ ਵੀ ਸੇਵਾਵਾਂ ਨਿਭਾਈਆ। ਇਸ ਤੋਂ ਇਲਾਵਾ ਉਹ ਏ.ਡੀ.ਜੀ.ਪੀ. ਪੁਲਿਸ ਪ੍ਰੋਵੀਜਨਲ ਅਤੇ ਮੋਡਰਾਈਜੇਸ਼ਨ ਪੰਜਾਬ ਪੁਲਿਸ ਹਾਊਸਿੰਗ ਕਾਰਪੋਰਸ਼ਨ, ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ, ਏ.ਡੀ.ਜੀ.ਪੀ, ਆਈ.ਵੀ.ਸੀ ਅਤੇ ਮਨੁੱਖੀ ਅਧਿਕਾਰ, ਏ.ਡੀ.ਜੀ.ਪੀ ਐਡਮਿਨ, ਏ.ਡੀ.ਜੀ.ਪੀ ਜੇਲਾਂ, ਰੇਲਵੇ ਵਿਭਾਗ ਅਤੇ ਸਪੈਸ਼ਲ ਡੀ.ਜੀ.ਪੀ ਆਰਮਡ ਪੁਲਿਸ ਦੇ ਅਹੁਦੇ ਤੇ ਤਾਇਨਾਤ ਹੈ। ਇਸ ਮੌਕੇ ਇਕਬਾਲ ਪ੍ਰੀਤ ਸਿੰਘ ਸਹੋਤਾ ਵਲੋਂ ਆਪਣੇ ਜੀਵਨ ਅਤੇ ਸਰਵਿਸ ਦੇ ਤਜਰਵਿਆਂ ਨੂੰ ਵੀ ਸਾਂਝਾ ਕੀਤਾ।

ਵੱਖ-ਵੱਖ ਅਹੁਦਿਆਂ ’ਤੇ ਰਹਿੰਦੇ ਹੋਏ ਵਿਲੱਖਣ ਸੇਵਾਵਾਂ ਦੇਣ ਬਦਲੇ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਬਹਾਦਰੀ ਪੁਲਿਸ ਮੈਡਲ, ਕੈਥਿਨ ਸੇਵਾ ਮੈਡਲ, ਸ਼ਾਨਦਾਰ ਸੇਵਾ ਲਈ ਪੁਲਿਸ ਮੈਡਲ ਅਤੇ ਵਿਲੱਖਣ ਸੇਵਾ ਲਈ ਪੁਲਿਸ ਮੈਡਲ ਨਾਲ ਵੀ ਸਨਮਾਨਿਆ ਗਿਆ। 31 ਅਗਸਤ ਨੂੰ ਸੇਵਾਮੁਕਤੀ ਮੌਕੇ ਸਪੈਸ਼ਲ ਡੀ.ਜੀ.ਪੀ ਨੂੰ ਪੀ.ਏ.ਪੀ ਸਿਖਲਾਈ ਕੇਂਦਰ ਦੇ ਕਮਾਂਡੈਂਟ ਮਨਦੀਪ ਸਿੰਘ ਦੀ ਰਹਿਨੁਮਾਈ ਪਰੇਡ ਵਲੋਂ ਸਲਾਮੀ ਦਿੱਤੀ ਗਈ। ਪਰੇਡ ਦੌਰਾਨ ਏ.ਡੀ.ਜੀ.ਪੀ (ਐਚ.ਆਰ.ਡੀ) ਸ਼ਸ਼ੀ ਪ੍ਰਭਾ ਦਿਵੇਦੀ, ਏ.ਡੀ.ਜੀ.ਪੀ ਮਨੁੱਖੀ ਅਧਿਕਾਰ ਕਮਿਸ਼ਨ ਐਨ.ਕੇ. ਅਰੋੜਾ, ਏ.ਡੀ.ਜੀ.ਪੀ ਤਕਨੀਕੀ ਸੇਵਾਵਾਂ ਰਾਮ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ, ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ, ਸੇਵਾਮੁਕਤ ਡੀ.ਜੀ.ਪੀ ਐਮ.ਐਸ. ਭੁੱਲਰ, ਸੇਵਾਮੁਕਤ ਡੀ.ਜੀ.ਪੀ ਰਾਜਨ ਗੁਪਤਾ, ਸੇਵਾਮੁਕਤ ਆਈ.ਜੀ.ਪੀ ਕੇ.ਐਲ. ਲੇਖੀ, ਸੇਵਾਮੁਕਤ ਆਈ.ਜੀ.ਪੀ ਅਮਰ ਸਿੰਘ ਚਾਹਲ, ਸੇਵਾਮੁਕਤ ਆਈ.ਪੀ.ਐਸ. ਦਵਿੰਦਰ ਸਿੰਘ ਗਰਚਾ ਤੋਂ ਇਲਾਵਾ ਵੱਖ-ਵੱਖ ਬਟਾਲੀਅਨਾਂ ਦੇ ਕਮਾਂਡੈਂਟ ਅਤੇ ਹੋਰ ਅਧਿਕਾਰੀ ਮੌਜੂਦ ਸਨ।

LEAVE A REPLY

Please enter your comment!
Please enter your name here