ਕੌਮੀ ਲੋਕ ਅਦਾਲਤ 12 ਨਵੰਬਰ ਨੂੰ: ਸੀਜੇਐਮ ਸੁਸ਼ਮਾ ਦੇਵੀ


ਪਟਿਆਲਾ, 10 ਅਕਤੂਬਰ: ਸੈਸ਼ਨ ਡਵੀਜ਼ਨ, ਪਟਿਆਲਾ ਵਿਖੇ 12 ਨਵੰਬਰ 2022 ਨੂੰ ਕੌਮੀ ਲੋਕ ਅਦਾਲਤ ਲਗਾਈ ਜਾ ਰਹੀ ਹੈ, ਜਿਸ ਵਿੱਚ ਹਰ ਤਰ੍ਹਾਂ ਦੇ ਪ੍ਰੀ-ਲਿਟੀਗੇਟਿਵ ਕੇਸ ਅਤੇ ਸਮਝੌਤੇ ਯੋਗ ਕੇਸ, ਜਿਹੜੇ ਅਦਾਲਤਾਂ ਵਿੱਚ ਵਿਚਾਰ ਅਧੀਨ ਹਨ, ਲਗਾਏ ਜਾਣਗੇ। ਇਹ ਪ੍ਰਗਟਾਵਾ ਚੀਫ਼ ਜੂਡੀਸ਼ੀਅਲ ਮੈਜਿਸਟਰੇਟ-ਕਮ-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਮੈਡਮ ਸੁਸ਼ਮਾ ਦੇਵੀ ਨੇ ਕੀਤਾ। ਉਹ ਅੱਜ ਜ਼ਿਲ੍ਹਾ ਕਚਿਹਰੀਆਂ ਦੇ ਏ.ਡੀ.ਆਰ. ਸੈਂਟਰ ਵਿਖੇ ਕੌਮੀ ਲੋਕ ਅਦਾਲਤ ਸੰਬੰਧੀ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕਰ ਰਹੇ ਸਨ, ਜਿਸ ਵਿੱਚ ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ, ਐਸ.ਪੀ. ਪੀ.ਬੀ.ਆਈ. ਰਾਕੇਸ਼ ਕੁਮਾਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਾਕਮ ਥਾਪਰ ਵੀ ਮੌਜੂਦ ਸਨ।

Advertisements


ਮੈਡਮ ਸੁਸ਼ਮਾ ਦੇਵੀ ਨੇ ਇਸ ਮੌਕੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ-ਕਮ-ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਸ੍ਰੀ ਤੇਜਿੰਦਰ ਸਿੰਘ ਢੀਂਡਸਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਸ਼੍ਰੀ ਤਰਸੇਮ ਮੰਗਲਾ ਦੀ ਅਗਵਾਈ ਹੇਠ ਮਿਤੀ 12 ਨਵੰਬਰ 2022 ਨੂੰ ਕੌਮੀ ਲੋਕ ਅਦਾਲਤ ਲਗਾਈ ਜਾਵੇਗੀ।


ਉਨ੍ਹਾਂ ਨੇ ਏ.ਡੀ.ਸੀ. ਨੂੰ ਕਿਹਾ ਕਿ ਇਸ ਦਿਨ ਮਾਲ ਵਿਭਾਗ ਨਾਲ ਸਬੰਧਤ ਮਾਮਲਿਆਂ ਦੇ ਨਿਪਟਾਰੇ ਲਈ ਮਾਲ ਅਧਿਕਾਰੀਆਂ ਦੀਆਂ ਅਦਾਲਤਾਂ ਲਗਾਈਆਂ ਜਾਣ। ਇਸ ਤੋਂ ਬਿਨ੍ਹਾਂ ਪਿੰਡਾਂ ਵਿੱਚ ਬੀ.ਡੀ.ਪੀ.ਓਜ਼ ਦੇ ਰਾਹੀਂ ਲੋਕਾਂ ਦੀ ਜਾਗਰੂਕਤਾ ਲਈ ਅਨਾਊਂਸਮੈਂਟ ਕਰਵਾਈ ਜਾਵੇ। ਜਦੋਂਕਿ ਐਸ.ਪੀ. ਨੂੰ ਕਿਹਾ ਗਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਵੂਮੈਨ ਸੈਲ ਅਤੇ ਹੋਰ ਮਾਮਲਿਆਂ ਦੇ ਨਿਪਟਾਰੇ ਲਈ ਬੈਂਚ ਗਠਿਤ ਕੀਤੇ ਜਾਣ।


ਇਸ ਮੀਟਿੰਗ ਵਿੱਚ ਅਦਾਲਤ ਬਾਰੇ ਆਮ ਲੋਕਾਂ ਨੂੰ ਮੀਡੀਆ ਦੇ ਵੱਖ-ਵੱਖ ਪਲੈਟਫਾਰਮਾਂ ਜਰੀਏ ਜਾਗਰੂਕ ਕਰਨ ਬਾਬਤ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਕਿ ਵੱਧ ਤੋਂ ਵੱਧ ਲੋਕ ਆਪਣੇ ਕੇਸ ਇਸ ਕੌਮੀ ਲੋਕ ਅਦਾਲਤ ਵਿੱਚ ਲਗਾ ਸਕਣ ਅਤੇ ਆਪਸੀ ਸਹਿਮਤੀ ਨਾਲ ਵੱਧ ਤੋ ਵੱਧ ਕੇਸਾਂ ਦਾ ਨਿਪਟਾਰਾ ਕੀਤਾ ਜਾ ਸਕੇ ।ਉਨ੍ਹਾਂ ਦੱਸਿਆ ਕਿ ਨੈਸ਼ਨਲ ਲੋਕ ਅਦਾਲਤ ਦਾ ਮੁੱਖ ਉਦੇਸ਼ ਝਗੜਿਆਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਵਾਉਣਾ, ਲੋਕਾਂ ਦਾ ਸਮਾਂ ਅਤੇ ਪੈਸਾ ਬਚਾਉਣਾ ਹੈ, ਜਿਸ ਲਈ ਆਮ ਲੋਕ ਇਸ ਦਾ ਵੱਧ ਤੋਂ ਵੱਧ ਲਾਭ ਲੈਣ।

LEAVE A REPLY

Please enter your comment!
Please enter your name here