ਝੋਨੇ ਦੀ ਪਰਾਲੀ ਨੂੰ ਅੱਗ ਲਾਉਣਾ ਕਿਸੇ ਵੀ ਪੱਖ ਤੋਂ ਫਾਇਦੇਮੰਦ ਨਹੀਂ : ਡਿਪਟੀ ਕਮਿਸ਼ਨਰ

ਗੁਰਦਾਸਪੁਰ, ( ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਬਿਲਕੁਲ ਨਾ ਲਗਾਉਣ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣਾ ਕਿਸੇ ਵੀ ਪੱਖ ਤੋਂ ਫਾਇਦੇਮੰਦ ਨਹੀਂ ਹੈ ਅਤੇ ਇਸਦਾ ਸਿਰਫ ਤੇ ਸਿਰਫ ਨੁਕਸਾਨ ਹੀ ਹੁੰਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਤਹਿਤ ਖੇਤੀਬਾੜੀ ਵਿਭਾਗ ਵੱਲੋਂ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਨੁਕਸਾਨਾਂ ਬਾਰੇ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਜਾਗਰੂਕਤਾ ਮੁਹਿੰਮ ਦਾ ਹਾਂ-ਪੱਖੀ ਨਤੀਜਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਬਹੁਤ ਸਾਰੇ ਕਿਸਾਨਾਂ ਵੱਲੋਂ ਅੱਗ ਨਾ ਲਗਾਉਣ ਦਾ ਤਹੱਈਆ ਕੀਤਾ ਗਿਆ ਹੈ।  

Advertisements

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਮਿੱਟੀ, ਹਵਾ ਤੇ ਪਾਣੀ ਵਰਗੀਆਂ ਕੁਦਰਤੀ ਦਾਤਾਂ ਦੂਸ਼ਿਤ ਹੁੰਦੀਆਂ ਹਨ ਉਥੇ ਕਿਸਾਨਾਂ ਦੀ ਆਪਣੀ ਸਿਹਤ ਸਮੇਤ ਸਮੁੱਚੇ ਸਮਾਜ ਦੀ ਸਿਹਤ ’ਤੇ ਵੀ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਨੇ ਕਿਹਾ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਜਿਸ ਵਿੱਚ ਕਿਰਸਾਨੀ ਸਿੱਧੇ ਤੌਰ ਤੇ ਜ਼ਮੀਨ ਦੇ ਉਪਜਾਊਪਣ ਉੱਪਰ ਨਿਰਭਰ ਕਰਦੀ ਹੈ। ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਮਿੱਟੀ ਵਿਚਲੇ ਪੌਸ਼ਟਿਕ ਤੱਤਾਂ ਅਤੇ ਜੈਵਿਕ ਤੰਤਰ ਦਾ ਨਾਸ਼ ਹੋ ਜਾਂਦਾ ਹੈ ਅਤੇ ਮਿੱਟੀ ਦਾ ਉਪਜਾਊਪਣ ਘੱਟ ਜਾਂਦਾ ਹੈ। ਜੇਕਰ ਜ਼ਮੀਨ ਦੀ ਉਪਜਾਊ ਸ਼ਕਤੀ ਖ਼ਤਮ ਹੁੰਦੀ ਹੈ ਤਾਂ ਇਹ ਮਿੱਟੀ ਖੇਤੀ ਯੋਗ ਨਹੀਂ ਰਹੇਗੀ ਜਿਸ ਕਾਰਨ ਸਾਡੀ ਕਿਸਾਨੀ ਖਤਮ ਹੋਣ ਦੀ ਕਗਾਰ ’ਤੇ ਆ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਦੀ ਸੰਭਾਲ ਲਈ ਸਬਸਿਡੀ ਉੱਪਰ ਖੇਤੀ ਸੰਦ ਵੀ ਦਿੱਤੇ ਗਏ ਹਨ। ਇਸ ਤੋਂ ਇਲਾਵਾ ਧਾਰੀਵਾਲ ਦੇ ਨੌਜਵਾਨਾਂ ਵੱਲੋਂ ਮੁਫ਼ਤ ਵਿੱਚ ਕਿਸਾਨਾਂ ਦੇ ਖੇਤਾਂ ਵਿੱਚੋਂ ਬੇਲਰ ਦੀ ਮਦਦ ਨਾਲ ਪਰਾਲੀ ਇਕੱਠੀ ਕੀਤੀ ਜਾ ਰਹੀ ਹੈ ਅਤੇ ਜਿਹੜੇ ਕਿਸਾਨਾਂ ਕੋਲ ਖੇਤੀ ਸੰਦ ਨਹੀਂ ਹੈ ਉਹ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਰਕੇ ਆਪਣੇ ਖੇਤਾਂ ਵਿਚੋਂ ਬਿਨ੍ਹਾਂ ਕੋਈ ਪੈਸਾ ਖਰਚ ਕੀਤੇ ਪਰਾਲੀ ਚੁਕਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਦੀ ਸੰਭਾਲ ਦੇ ਬਹੁਤ ਸਾਰੇ ਹੱਲ ਮੌਜੂਦ ਹਨ ਅਤੇ ਕਿਸੇ ਵੀ ਤਰਾਂ ਦੀ ਸਲਾਹ ਜਾਂ ਸਹਾਇਤਾ ਲਈ ਖੇਤੀਬਾੜੀ ਵਿਭਾਗ ਨਾਲ ਰਾਬਤਾ ਕੀਤਾ ਜਾਵੇ।

LEAVE A REPLY

Please enter your comment!
Please enter your name here