ਸੁਪਰ ਐਸ.ਐਮ.ਐਸ. ਤੋਂ ਬਗ਼ੈਰ ਵਾਢੀ ਕਰਨ ਵਾਲੀਆਂ ਕੰਬਾਇਨਾਂ ਜ਼ਬਤ ਕਰਨ ਦੇ ਹੁਕਮ, 2 ਕੰਬਾਇਨਾਂ ਦੇ ਚਲਾਨ ਤੇ ਇੱਕ ਜ਼ਬਤ:ਡੀ.ਸੀ.

ਪਟਿਆਲਾ (ਦ ਸਟੈਲਰ ਨਿਊਜ਼): ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੇ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਉਪਰ ਸਖ਼ਤੀ ਨਾਲ ਪਾਬੰਦੀ ਲਾਉਣ ਲਈ ਸੁਪਰ ਐਸ.ਐਮ.ਐਸ. ਤੋਂ ਬਗ਼ੈਰ ਵਾਢੀ ਕਰਨ ਵਾਲੀਆਂ ਕੰਬਾਇਨਾਂ ਨੂੰ ਜ਼ਬਤ ਕਰਨ ਦੇ ਹੁਕਮ ਕੀਤੇ ਹਨ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਦਾ ਜਾਇਜ਼ਾ ਲਿਆ। ਮੀਟਿੰਗ ‘ਚ ਏ.ਡੀ.ਸੀ. ਦਿਹਾਤੀ ਵਿਕਾਸ ਈਸ਼ਾ ਸਿੰਘਲ ਸਮੇਤ ਐਸ.ਡੀ.ਐਮਜ਼, ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਿੰਦਰ ਸਿੰਘ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਵਾਤਾਵਰਣ ਇੰਜੀਨੀਅਰ ਨਵਤੇਸ਼ ਸਿੰਗਲਾ, ਡੀ.ਡੀ.ਪੀ.ਓ. ਸੁਖਚੈਨ ਸਿੰਘ ਪਾਪੜਾ ਤੋਂ ਇਲਾਵਾ ਸੀ.ਆਈ.ਆਈ. ਅਤੇ ਸਿੰਜੈਟਾ ਫਾਊਂਡੇਸ਼ਨ ਦੇ ਵਲੰਟੀਅਰ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਸਮੂਹ ਖੇਤੀਬਾੜੀ ਵਿਕਾਸ ਅਫ਼ਸਰ ਸੁਪਰ ਐਸ.ਐਮ.ਐਸ. ਤੋਂ ਬਗੈਰ ਝੋਨੇ ਦੀ ਵਾਢੀ ਕਰਨ ਵਾਲੀਆਂ ਕੰਬਾਇਨਾਂ ਦੇ ਚਲਾਨ ਕਰਕੇ ਇਨ੍ਹਾਂ ਨੂੰ ਜ਼ਬਤ ਕਰਨ ਦੀ ਕਾਰਵਾਈ ਕਰਨ। ਇਸ ਤੋਂ ਬਿਨ੍ਹਾਂ ਜਿਥੇ ਵੀ ਕਿਤੇ ਝੋਨੇ ਦੇ ਖੇਤਾਂ ਨੂੰ ਅੱਗ ਲਗਾਈ ਜਾਂਦੀ ਹੈ, ਉਸਨੂੰ ਫਾਇਰ ਬ੍ਰਿਗੇਡ ਨਾਲ ਤੁਰੰਤ ਬੁਝਾਇਆ ਜਾਵੇ। ਇਸ ‘ਤੇ ਐਸ.ਡੀ.ਐਮ. ਸਮਾਣਾ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਅੱਜ 3 ਥਾਵਾਂ ‘ਤੇ ਅੱਗ ਨੂੰ ਪਾਣੀ ਨਾਲ ਬੁਝਾਇਆ ਹੈ ਅਤੇ 2 ਕੰਬਾਇਨਾਂ ਦੇ ਚਲਾਨ ਕੀਤੇ ਹਨ ਜਦੋਂਕਿ ਐਸ.ਡੀ.ਐਮ. ਦੂਧਨ ਸਾਧਾਂ ਕ੍ਰਿਪਾਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਵੀ 3 ਥਾਵਾਂ ‘ਤੇ ਅੱਗ ਬੁਝਾਈ ਅਤੇ ਇੱਕ ਕੰਬਾਇਨ ਜ਼ਬਤ ਕੀਤੀ ਹੈ।
ਸਾਕਸ਼ੀ ਸਾਹਨੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਅਗਲੀਆਂ ਪੀੜ੍ਹੀਆਂ ਦੀ ਸਿਹਤ, ਵਾਤਾਵਰਣ ਅਤੇ ਧਰਤੀ ਦੀ ਸੰਭਾਲ ਲਈ ਨਾੜ ਨੂੰ ਅੱਗ ਨਾ ਲਗਾਉਣ ਸਗੋਂ ਫ਼ਸਲੀ ਰਹਿੰਦ-ਖੂੰਹਦ ਨੂੰ ਸੰਭਾਲਣ ਲਈ ਵਟਸਐਪ ਨੰਬਰ 86999-84423 ਉਪਰ ਉਪਲਬੱਧ ਮਸ਼ੀਨੀਰੀ ਬਾਰੇ ਜਾਣਕਾਰੀ ਲੈਣ। ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸੀ.ਆਈ.ਆਈ. ਫਾਊਂਡੇਸ਼ਨ ਅਤੇ ਸਿੰਜੈਂਟਾ ਐਨ.ਜੀ.ਓ. ਦੇ ਸਹਿਯੋਗ ਨਾਲ ਪਰਾਲੀ ਨੂੰ ਬਿਲਕੁਲ ਵੀ ਅੱਗ ਨਾ ਲਗਾਉਣ ਵਾਲੇ ਜ਼ਿਲ੍ਹੇ ਦੇ 10 ਅਜਿਹੇ ਪਿੰਡਾਂ ਨੂੰ ਵਿਸ਼ੇਸ਼ ਤੋਹਫ਼ੇ ਤੇ ਨਗ਼ਦ ਇਨਾਮ ਪ੍ਰਦਾਨ ਕਰਨ ਦਾ ਪ੍ਰਬੰਧ ਕੀਤਾ ਹੈ, ਜਿਹੜੇ ਪਿੰਡਾਂ ਵਿੱਚ ਪਰਾਲੀ ਨੂੰ ਬਿਲਕੁਲ ਵੀ ਅੱਗ ਨਹੀਂ ਲਗਾਈ ਜਾਵੇਗੀ।

Advertisements

LEAVE A REPLY

Please enter your comment!
Please enter your name here