ਹਵਾਈ ਫਾਇਰ ਦੀ ਫੁਕਰੀ ਮਾਰਨੀ ਪਈ ਮਹਿੰਗੀ, ਮਾਮਲਾ ਦਰਜ, ਹੋਈ ਗਿਫ੍ਰਤਾਰੀ

ਸੁਲਤਾਨਪੁਰ ਲੋਧੀ/ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪਿਛਲੇ ਦਿਨੀਂ ਸੂਬੇ ਵਿੱਚ ਅਮਨ ਅਤੇ ਸ਼ਾਂਤੀ ਦਾ ਮਾਹੌਲ ਬਣਾਕੇ ਰੱਖਣ ਲਈ ਪੰਜਾਬ ਸਰਕਾਰ ਵਲੋਂ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ਉੱਪਰ ਲਾਈ ਰੋਕ ਦੀ ਉਲੰਘਣਾ ਕਰਦਿਆਂ ਵਿਆਹ ਵਿਚ ਸ਼ੌਂਕੀਆਂ  ਹਵਾਈ ਫਾਇਰ ਕਰਨ ਵਾਲੇ ਵਿਅਕਤੀ ਵਿਰੁੱਧ ਜਿਲ੍ਹਾ ਪ੍ਰਸ਼ਾਸ਼ਨ ਤੇ ਪੁਲਿਸ ਨੇ ਸਖਤ ਕਾਰਵਾਈ ਕਰਦਿਆਂ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗਿ੍ਰਫਤਾਰ ਕਰ ਲਿਆ ਹੈ। ਸਬੰਧਿਤ ਵਿਅਕਤੀ ਦੇ ਅਸਲਾ ਲਾਇਸੈਂਸ ਨੂੰ ਰੱਦ ਕਰਨ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਹਥਿਆਰ ਕਲਚਰ ਨੂੰ ਰੋਕਣ ਲਈ ਜਾਰੀ ਹੁਕਮਾਂ ਦੇ ਮੱਦੇਨਜ਼ਰ ਜਿਲ੍ਹੇ ਅੰਦਰ ਪ੍ਰਸ਼ਾਸਨ ਵੱਲੋਂ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ਤੇ ਵਿਆਹਾਂ ਆਦਿ ਦੌਰਾਨ ਫਾਇਰ ਕਰਨ ਉਪਰ ਪਾਬੰਦੀ ਲਗਾਈ ਗਈ ਸੀ। ਪ੍ਰਾਪਤ ਵੇਰਵੇਆਂ ਮੁਤਾਬਕ ਪ੍ਰਸ਼ਾਸਨ ਨੂੰ ਪਿੰਡ ਚੱਕ ਦੋਨਾ, ਥਾਣਾ ਸਦਰ ਕਪੂਰਥਲਾ ਵਿਖੇ ਵਿਆਹ ਮੌਕੇ ਬਲਬੂਟਾ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀ ਸ਼ਿਕਾਰਪੁਰ ਥਾਣਾ ਸੁਲਤਾਨਪੁਰ ਲੋਧੀ ਵਲੋਂ ਜਾਗੋ ਮੌਕੇ ਲਾਇਸੈਂਸੀ ਹਥਿਆਰ ਨਾਲ ਹਵਾਈ ਫਾਇਰ ਕਰਨ ਦੀ ਸ਼ਿਕਾਇਤ ਮਿਲੀ ਸੀ।

Advertisements

ਸੂਚਨਾ  ’ਤੇ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਤੁਰੰਤ ਹਰਕਤ ਵਿਚ ਆਉਂਦਿਆਂ ਪੜਤਾਲ ਪਿਛੋਂ ਫਾਇਰ ਕਰਨ ਵਾਲੇ ਵਿਰੁੱਧ ਬਲਬੂਟਾ ਸਿੰਘ ਵਿਰੁੱਧ ਆਰਮਜ਼ ਐਕਟ 1959 ਦੀ ਧਾਰਾ 27 ਤੇ ਆਈ.ਪੀ.ਸੀ. 1860 ਦੀ ਧਾਰਾ 336 ਤਹਿਤ ਥਾਣਾ ਸਦਰ ਕਪੂਰਥਲਾ ਵਿਖੇ ਐਫ. ਆਈ.ਆਰ. ਨੰਬਰ 126 ਮਿਤੀ 20 ਨਵੰਬਰ 2022 ਨੂੰ ਦਰਜ ਕੀਤੀ ਗਈ ਹੈ। ਜਿਲ੍ਹਾ ਮੈਜਿਸਟ੍ਰੇਟ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਅਸਲਾ ਲਾਇਸੈਂਸਾਂ ਦੀ ਸਮੀਖਿਆ ਵੀ ਕੀਤੀ ਜਾ ਰਹੀ ਹੈ ਅਤੇ ਲਾਇਸੈਂਸੀ ਹਥਿਆਰਾਂ ਦੀ ਦੁਰਵਰਤੋਂ ਕਰਨ ਵਾਲਿਆਂ ਦੇ ਲਾਇਸੈਂਸ ਰੱਦ ਕਰਨ ਦੇ ਨਾਲ-ਨਾਲ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸ਼ੋਸ਼ਲ ਮੀਡੀਆ ਉੱਪਰ ਹਥਿਆਰਾਂ ਦੀ ਨੁਮਾਇਸ਼, ਨਫਰਤੀ ਭਾਸ਼ਣ ਪੋਸਟ ਕਰਨ ਵਾਲਿਆਂ ਉੱਪਰ ਨਿਗਰਾਨੀ ਲਈ ਸ਼ੋਸ਼ਲ ਮੀਡੀਆ ਸੈਲ ਨੂੰ ਹੋਰ ਸਰਗਰਮ ਕੀਤਾ ਜਾ ਰਿਹਾ ਹੈ ਅਤੇ ਅਜਿਹੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਪੂਰੀ ਸਖਤੀ ਵਰਤੀ ਜਾਵੇਗੀ ।

ਦੱਸਣਯੋਗ ਹੈ ਕਿ ਜਿਲ੍ਹਾ ਮੈਜਿਸਟ੍ਰੇਟ ਵਲੋਂ ਹਥਿਆਰ ਜਾਂ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ’ਤੇ ਵੀ ਪੂਰਨ ਪਾਬੰਦੀ ਲਾਈ ਗਈ ਹੈ। ਇਸ ਤੋਂ ਇਲਾਵਾ ਜਨਤਕ ਇਕੱਠਾਂ, ਵਿਆਹਾਂ, ਧਾਰਮਿਕ ਸਥਾਨਾਂ ਜਾਂ ਹੋਰ ਸਮਾਗਮਾਂ ਵਿਚ ਹਥਿਆਰ ਲੈ ਕੇ ਪ੍ਰਦਰਸ਼ਨ ਕਰਨ ’ਤੇ ਵੀ ਪਾਬੰਦੀ ਲਾਗੂ ਹੈ। ਇਸੇ ਦੌਰਾਨ ਐਸ.ਐਸ.ਪੀ. ਕਪੂਰਥਲਾ ਨੇ ਦੱਸਿਆ ਕਿ ਬਲਬੂਟਾ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਕਪੂਰਥਲਾ ਪੁਲਿਸ ਹਥਿਆਰਾਂ ਦੀ ਜਨਤਕ ਨੁਮਾਇਸ਼ ਤੇ ਸ਼ੋਸ਼ਲ ਮੀਡੀਆ ਉੱਪਰ ਪ੍ਰਦਰਸ਼ਨ ਨੂੰ ਲੈ ਕੇ ਸਖਤ ਰਵੱਈਆ ਅਪਣਾ ਰਹੀ ਹੈ ਅਤੇ ਸਮੂਹ ਡੀ.ਐਸ.ਪੀਜ਼, ਥਾਣਾ ਮੁਖੀਆ ਤੋਂ ਇਲਾਵਾ ਸਾਇਬਰ ਸੈਲ, ਸ਼ੋਸ਼ਲ ਮੀਡੀਆ ਸੈਲ ਨੂੰ ਵੀ ਅਜਿਹੀਆਂ ਗਤੀਵਿਧੀਆਂ ਬਾਰੇ ਤੁਰੰਤ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

LEAVE A REPLY

Please enter your comment!
Please enter your name here