
ਪਟਿਆਲਾ(ਦ ਸਟੈਲਰ ਨਿਊਜ਼): ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਅੱਜ ਸੰਵਿਧਾਨ ਦਿਵਸ ਮਨਾਉਂਦਿਆਂ ਸੰਵਿਧਾਨ ਪ੍ਰਤੀ ਸਮਰਪਿਤ ਰਹਿਣ ਦਾ ਪ੍ਰਣ ਲਿਆ। ਸਹਾਇਕ ਕਮਿਸ਼ਨਰ (ਜਨਰਲ) ਕਿਰਪਾਲਵੀਰ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਬ੍ਰਾਂਚਾਂ ਵਿੱਚ ਕਾਰਜਸ਼ੀਲ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੰਵਿਧਾਨ ਦਿਵਸ ਮੌਕੇ ਦੇਸ਼ ਦੇ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਕੇ ਸੁਣਾਉਣ ਉਪਰੰਤ ਸੰਵਿਧਾਨ ਪ੍ਰਤੀ ਸਮਰਪਿਤ ਰਹਿਣ ਦੀ ਸਹੁੰ ਵੀ ਚੁਕਾਈ।
ਇਸ ਮੌਕੇ ਕਿਰਪਾਲਵੀਰ ਸਿੰਘ ਨੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਹ ਪ੍ਰਣ ਵੀ ਦਿਵਾਇਆ ਕਿ ਉਹ ਸਭ ਰਾਸ਼ਟਰੀ ਏਕਤਾ ਅਤੇ ਅਖੰਡਤਾ ਬਰਕਰਾਰ ਰੱਖਣ ਵਾਸਤੇ ਆਪਸੀ ਭਾਈਚਾਰਾ ਵਧਾਉਣ ਲਈ ਆਪਣਾ ਯੋਗਦਾਨ ਪਾਉਣਗੇ। ਇਸ ਤੋਂ ਬਿਨ੍ਹਾਂ ਇਹ ਪ੍ਰਣ ਵੀ ਲਿਆ ਗਿਆ ਕਿ ਅਸੀਂ ਸਾਰੇ ਭਾਰਤ ਦੇ ਸਮੂਹ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ, ਵਿਚਾਰ, ਅਭਿਵਿਅਕਤੀ, ਵਿਸ਼ਵਾਸ਼, ਧਰਮ ਤੇ ਪੂਜਾ ਦੀ ਸੁਤੰਤਰਤਾ, ਪ੍ਰਤਿਸ਼ਠਾ ਵਾਸਤੇ ਸਮਾਨ ਅਵਸਰ ਪ੍ਰਦਾਨ ਕਰਾਉਣ ਲਈ ਸੰਵਿਧਾਨ ਪ੍ਰਤੀ ਸਮਰਪਿਤ ਹੋਵਾਂਗੇ। ਸਹਾਇਕ ਕਮਿਸ਼ਨਰ (ਜ) ਨੇ ਕਿਹਾ ਕਿ ਸੰਵਿਧਾਨ ਦੇ ਨਿਰਮਾਤਾ ਬਾਬਾ ਭੀਮ ਰਾਓ ਅੰਬੇਦਕਰ ਵੱਲੋਂ ਭਾਰਤ ਨੂੰ ਸੰਪੂਰਨ ਪ੍ਰਭੂਤਾ ਸਪੰਨ, ਸਮਾਜਵਾਦੀ, ਧਰਮ ਨਿਰਪੇਖ, ਲੋਕਤੰਤਰਿਕ ਗਣਰਾਜ ਬਣਾਉਣ ਦਾ ਲਿਆ ਗਿਆ ਸੁਪਨਾ ਪੂਰਾ ਕਰਨ ਲਈ ਵੀ ਅਸੀਂ ਵਚਨਵਧ ਰਹਾਂਗੇ। ਇਸ ਮੌਕੇ ਸੁਪਰਡੈਂਟ ਮਾਲ ਹਮੀਰ ਸਿੰਘ, ਬਲਵਿੰਦਰ ਸਿੰਘ, ਜਸਵੀਰ ਸਿੰਘ, ਜਸਵਿੰਦਰ ਸਿੰਘ ਜੱਸੀ, ਯਾਦਵਿੰਦਰ ਸਿੰਘ ਸਮੇਤ ਡੀ.ਸੀ. ਦਫ਼ਤਰ ਦੀਆਂ ਬ੍ਰਾਂਚਾਂ ਦੇ ਅਧਿਕਾਰੀ ਤੇ ਕਰਮਚਾਰੀ ਵੱਡੀ ਗਿਣਤੀ ‘ਚ ਹਾਜਰ ਸਨ।













