
ਪਟਿਆਲਾ, (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਦੇ ਸਰਕਾਰੀ ਅਦਾਰਿਆਂ ਨੂੰ ਜਿਨ੍ਹਾਂ ਅੰਦਰ ਕੰਟੀਨ, ਫੂਡ ਸਟਾਲ ਜਾ ਮੇਸ ਦੀ ਸਹੂਲਤ ਉਪਲਬਧ ਹੈ ਨੂੰ ਇੱਕ ਮਹੀਨੇ ਅੰਦਰ ਆਪਣੀ ਫੂਡ ਸੇਫ਼ਟੀ ਰਜਿਸਟਰੇਸ਼ਨ ਕਰਵਾਉਣ ਦੀ ਹਦਾਇਤ ਕੀਤੀ ਹੈ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ‘ਸੈਫ਼ ਫੂਡ ਐਂਡ ਹੈਲਥੀ ਡਾਇਟਜ਼’ ਦੀ ਜ਼ਿਲ੍ਹਾ ਪੱਧਰੀ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਸਾਕਸ਼ੀ ਸਾਹਨੀ ਨੇ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਖਾਣ-ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਇਸ ਸਬੰਧੀ ਲਗਾਤਾਰ ਕੰਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿਹਤ ਅਫ਼ਸਰ ਜ਼ਿਲ੍ਹੇ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਫੂਡ ਸੇਫ਼ਟੀ ਰਜਿਸਟਰੇਸ਼ਨ ਕਰਵਾਉਣ ਸਬੰਧੀ ਮੀਟਿੰਗ ਕਰਕੇ ਪ੍ਰੈਜ਼ਨਟੇਸ਼ਨ ਦੇਣ ਤਾਂ ਜੋ ਵਿੱਦਿਅਕ ਅਦਾਰੇ ਵੀ ਆਨ ਲਾਈਨ ਰਜਿਸਟਰੇਸ਼ਨ ਕਰਵਾ ਸਕਣ। ਉਨ੍ਹਾਂ ਕਿਹਾ ਕਿ ਰਜਿਸਟਰੇਸ਼ਨ ਕਰਵਾਉਣ ਲਈ ਵਿਸ਼ੇਸ਼ ਤੌਰ ਉਤੇ ਰਜਿਸਟਰੇਸ਼ਨ ਕੈਂਪ ਲਗਾਏ ਜਾਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਜਾਂਦੇ ਕੈਂਪ ਵਿੱਚ ਵੀ ਜ਼ਿਲ੍ਹਾ ਸਿਹਤ ਅਫ਼ਸਰ ਵੱਲੋਂ ਆਪਣਾ ਸਟਾਲ ਲਗਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸਟਰੀਟ ਫੂਡ, ਫਲ ਅਤੇ ਸਬਜ਼ੀ ਮੰਡੀ ਨੂੰ ਵੀ ਕਵਰ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਜ਼ਿਲ੍ਹੇ ਵਿੱਚ ਈਟ ਰਾਈਟ ਸਟੇਸ਼ਨ ਬਣਾਉਣ ਲਈ ਲੋੜੀਂਦੀ ਕਾਰਵਾਈ ਕਰਨ ਲਈ ਵੀ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਕੰਮ ਕਰਨ ਲਈ ਕਿਹਾ।

ਡਿਪਟੀ ਕਮਿਸ਼ਨਰ ਨੇ ਅਕਤੂਬਰ ਤੇ ਨਵੰਬਰ ਮਹੀਨੇ ਦੌਰਾਨ ਜ਼ਿਲ੍ਹੇ ਵਿੱਚ ਜਾਰੀ ਕੀਤੇ 234 ਫੂਡ ਸੇਫ਼ਟੀ ਲਾਇਸੈਂਸ ਅਤੇ 372 ਹੋਈਆਂ ਰਜਿਸਟਰੇਸ਼ਨ ਉਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਲੋਕਾਂ ਨੂੰ ਮਿਆਰੀ ਖਾਣ ਪੀਣ ਦੀਆਂ ਵਸਤਾਂ ਉਪਲਬਧ ਕਰਵਾਉਣ ਵਿੱਚ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਇਸ ਕੰਮ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਖਾਣ-ਪੀਣ ਦੀਆਂ ਚੀਜ਼ਾਂ ਦੇ ਕਾਰੋਬਾਰੀ ਅਤੇ ਦੁਕਾਨਦਾਰਾਂ ਨੂੰ ਜ਼ਿਲ੍ਹਾ ਸਿਹਤ ਵਿਭਾਗ ਦੇ ਫ਼ੂਡ ਸੇਫ਼ਟੀ ਵਿੰਗ ਕੋਲੋਂ ਆਪਣਾ ਰਜਿਸਟਰੇਸ਼ਨ ਸਰਟੀਫਿਕੇਟ ਹਾਸਲ ਕਰਨਾ ਜਾਂ ਲਾਇਸੰਸ ਬਣਵਾਉਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਰਜਿਸਟਰੇਸ਼ਨ ਕਰਵਾਉਣ ਦੀ ਸਮੁੱਚੀ ਪ੍ਰਕ੍ਰਿਆ ਆਨਲਾਈਨ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੀ ਵੈਬਸਾਈਟ ਤੇ ਆਨਲਾਈਨ ਤਰੀਕੇ ਨਾਲ ਘਰ ਬੈਠੇ ਹੀ ਰਜਿਸਟਰੇਸ਼ਨ ਸਰਟੀਫਿਕੇਟ ਜਾਂ ਲਾਇਸੰਸ ਬਣਵਾਇਆ ਜਾ ਸਕਦਾ ਹੈ ਜਿਸ ਵਾਸਤੇ ਸਰਕਾਰੀ ਫ਼ੀਸ ਲਈ ਜਾਂਦੀ ਹੈ। ਉਨ੍ਹਾਂ ਵਿਭਾਗ ਵੱਲੋਂ ਕੀਤੀ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਤੂਬਰ ਤੇ ਨਵੰਬਰ ਮਹੀਨੇ ਦੌਰਾਨ ਵੱਖ ਵੱਖ ਸਥਾਨਾਂ ਤੋਂ ਖਾਣ-ਪੀਣ ਦੀਆਂ ਵਸਤਾਂ ਦੇ 70 ਸੈਂਪਲ ਲਏ ਗਏ ਹਨ ਜਿਨ੍ਹਾਂ ਵਿਚੋਂ 24 ਮਿਆਰ ਅਨੁਸਾਰ, 2 ਗੈਰ ਮਿਆਰੀ ਅਤੇ 44 ਸੈਂਪਲਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।
ਮੀਟਿੰਗ ਵਿੱਚ ਸਿਵਲ ਸਰਜਨ ਡਾ. ਵਰਿੰਦਰ ਗਰਗ, ਡੀ.ਐਸ.ਪੀ. (ਐਚ) ਹਰਦੀਪ ਸਿੰਘ, ਡੀ.ਪੀ.ਓ. ਨਰੇਸ਼ ਕੁਮਾਰ, ਏ.ਡੀ.ਓ. ਜਸ਼ਨਦੀਪ ਕੌਰ, ਐਫ.ਐਸ.ਓ. ਕੰਵਰਦੀਪ ਸਿੰਘ, ਅਨਿਲ ਵਰਮਾ, ਗੌਰਵ, ਦੀਪਕ ਮਲਹੋਤਰਾ, ਬਲਕਾਰ ਸਿੰਘ, ਸੰਦੀਪਇੰਦਰ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।












