ਡਿਪਟੀ ਕਮਿਸ਼ਨਰ ਨਾਲ ਇੰਡਸਟਰੀਅਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕੀਤੀ ਮੀਟਿੰਗ

ਪਟਿਆਲਾ(ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿੱਚ ਇੰਡਸਟਰੀ ਨੂੰ ਕੰਮ ਕਰਨ ਲਈ ਸਾਜ਼ਗਾਰ ਮਾਹੌਲ ਪ੍ਰਦਾਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ ਤੇ ਇੰਡਸਟਰੀ ਨੂੰ ਆਉਂਦੀ ਕਿਸੇ ਵੀ ਸਮੱਸਿਆ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ। ਉਹ ਅੱਜ ਇੰਡਸਟਰੀਅਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਸਮਾਨ ਦੀ ਢੋਆ ਢੁਆਈ ਦੌਰਾਨ ਹੁੰਦੀ ਸਮੱਸਿਆ ਦੇ ਹੱਲ ਲਈ ਮੀਟਿੰਗ ਕਰ ਰਹੇ ਸਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ, ਐਸ.ਪੀ. (ਐਚ) ਹਰਵੰਤ ਕੌਰ ਤੇ ਆਰ.ਟੀ.ਏ. ਬਬਨਦੀਪ ਸਿੰਘ ਵੀ ਮੌਜੂਦ ਸਨ। ਸਾਕਸ਼ੀ ਸਾਹਨੀ ਨੇ ਕਿਹਾ ਕਿ ਇੰਡਸਟਰੀ ਨੂੰ ਸਮਾਨ ਦੇ ਆਯਾਤ ਅਤੇ ਨਿਰਯਾਤ ਕਰਨ ਸਮੇਂ ਆਉਂਦੀ ਸਮੱਸਿਆ ਦੇ ਹੱਲ ਲਈ ਪੁਲਿਸ ਅਤੇ ਆਰ.ਟੀ.ਏ. ਦਫ਼ਤਰ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ ਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਉਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮਾਨ ਦੇ ਨਿਰਵਿਘਨ ਆਯਾਤ ਅਤੇ ਨਿਰਯਾਤ ਸਬੰਧੀ ਪਹਿਲਾਂ ਹੀ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੋਇਆ ਹੈ, ਜਿਸ ਦੀ ਇੰਨ ਬਿੰਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।
ਉਨ੍ਹਾਂ ਇੰਡਸਟਰੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਸਮਾਨ ਦੇ ਆਯਾਤ ਅਤੇ ਨਿਰਯਾਤ ਸਮੇਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਣ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਜੀ.ਐਮ. ਡੀ.ਆਈ.ਸੀ. ਨੂੰ ਹਦਾਇਤ ਕੀਤੀ ਕਿ ਸਬ ਡਵੀਜ਼ਨ ਪੱਧਰ ਉਤੇ ਵੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਸਥਾਈ ਹੱਲ ਕੀਤਾ ਜਾ ਸਕੇ।
ਮੀਟਿੰਗ ਦੌਰਾਨ ਰਿਜਨਲ ਟਰਾਂਸਪੋਰਟ ਅਫ਼ਸਰ ਬਬਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਟਰੱਕ ਯੂਨੀਅਨਾਂ ਪਹਿਲਾਂ ਦੀ ਖਤਮ ਕੀਤੀਆਂ ਜਾ ਚੁੱਕੀਆਂ ਹਨ ਤੇ ਜੇਕਰ ਕੋਈ ਵੀ ਓਪਰੇਟਰ ਜਾਂ ਪਰਮਿਟ ਧਾਰਕ ਵੱਲੋਂ ਸਮਾਨ ਦੀ ਢੋਆ ਢੁਆਈ ਸਮੇਂ ਰੁਕਾਵਟ ਪੈਦਾ ਕੀਤੀ ਜਾਂਦੀ ਹੈ ਤਾਂ ਪ੍ਰਭਾਵਿਤ ਆਪ੍ਰੇਟਰ ਜਾਂ ਮਾਲ ਕੈਰੇਜ ਦਾ ਪਰਮਿਟ ਧਾਰਕ ਲੋਕਲ ਪੁਲਿਸ ਥਾਣੇ ਵਿੱਚ ਲਿਖਤੀ ਸ਼ਿਕਾਇਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੋਟਰ ਵਹੀਕਲ ਐਕਟ ਦੀ ਧਾਰਾ 86 ਅਧੀਨ ਬਣਦੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਜੀ.ਐਮ ਡੀ.ਆਈ.ਸੀ. ਅੰਗਦ ਸਿੰਘ ਸੋਹੀ, ਐਮ.ਐਸ.ਐਮ.ਈ. ਇੰਡਸਟਰੀਅਲ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਸੰਜੀਵ ਗੋਇਲ, ਪਟਿਆਲਾ ਚੈਂਬਰ ਆਫ਼ ਇੰਡਸਟਰੀਜ਼ ਦੇ ਜੁਆਇੰਟ ਸਕੱਤਰ ਭਾਨੂੰ ਪ੍ਰਤਾਪ ਸਿੰਗਲਾ ਸਮੇਤ ਫੋਕਲ ਪੁਆਇੰਟ ਇੰਡਸਟਰੀਜ਼ ਐਸੋਸੀਏਸ਼ਨ ਦੇ ਨੁਮਾਇੰਦੇ ਮੌਜੂਦ ਸਨ।

Advertisements

LEAVE A REPLY

Please enter your comment!
Please enter your name here