ਐੱਨਡੀਆਰ. ਐੱਫ ਵੱਲੋਂ ਭੂਚਾਲ ਤੋਂ ਬਚਾ ਸਬੰਧੀ ਲਗਾਇਆ ਗਿਆ ਇੱਕ ਵਿਸ਼ੇਸ਼ ਸਿਖਲਾਈ ਕੈਂਪ

ਗੁਰਦਾਸਪੁਰ, (ਦ ਸਟੈਲਰ ਨਿਊਜ਼)। ਐੱਨ.ਡੀ.ਆਰ.ਐੱਫ ਬਠਿੰਡਾ ਵੱਲੋਂ ਅੱਜ ਜ਼ਿਲ੍ਹਾ ਸਦਰ ਮੁਕਾਮ ਗੁਰਦਾਸਪੁਰ ਵਿਖੇ ਕੁਦਰਤੀ ਆਫ਼ਤ ਭੂਚਾਲ ਤੋਂ ਬਚਾ ਸਬੰਧੀ ਇੱਕ ਵਿਸ਼ੇਸ਼ ਸਿਖਲਾਈ ਕੈਂਪ ਲਗਾਇਆ ਗਿਆ। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਨਿਧੀ ਕੁਮੁਦ ਬਾਮਬਾ, ਸਹਾਇਕ ਕਮਿਸ਼ਨਰ ਡਾ. ਵਰੁਣ ਕੁਮਾਰ, ਡੀ.ਆਰ.ਓ. ਗੁਰਮੀਤ ਸਿੰਘ, ਐੱਨ.ਡੀ.ਆਰ.ਐੱਫ ਦੇ ਇੰਸਪੈਕਟਰ ਸਿਧਾਨਾ ਨਾਇਕ, ਇੰਸਪੈਕਟਰ ਜੇ.ਐੱਸ. ਰਾਵਤ, ਸਬ ਇੰਸਪੈਕਟਰ ਰਜਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਇਸ ਸਿਖਲਾਈ ਕੈਂਪ ਵਿੱਚ ਭਾਗ ਲਿਆ।

Advertisements

ਐੱਨ.ਡੀ.ਆਰ.ਐੱਫ. ਬਠਿੰਡਾ ਦੇ ਅਸਿਟੈਂਟ ਕਮਾਂਡੇਟ ਡੀ.ਐੱਲ. ਜਾਖੜ ਨੇ ਸਿਖਲਾਈ ਦੌਰਾਨ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਸਮੇਤ ਸੂਬਾ ਪੰਜਾਬ ਭੂਚਾਲ ਦੇ ਹਾਈ ਰਿਸਕ ਜੋਨ ਵਿੱਚ ਆਉਂਦਾ ਹੈ ਅਤੇ ਇਥੋਂ ਦੇ ਵਸਨੀਕਾਂ ਨੂੰ ਭੂਚਾਲ ਵਰਗੀ ਕੁਦਰਤੀ ਆਫ਼ਤ ਤੋਂ ਬਚਾਅ ਲਈ ਹਮੇਸ਼ਾਂ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਭੂਚਾਲ ਤੋਂ ਬਾਅਦ ਰਾਹਤ ਕਾਰਜਾਂ ਸਬੰਧੀ ਵੱਖ-ਵੱਖ ਵਿਭਾਗਾਂ ਦੀਆਂ ਡਿਊਟੀਆਂ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਕਿਹਾ ਕਿ ਭੂਚਾਲ ਇੱਕ ਅਜਿਹੀ ਕੁਦਰਤੀ ਆਫ਼ਤ ਹੈ ਜਿਸਦਾ ਪਤਾ ਪਹਿਲਾਂ ਨਹੀਂ ਲਗਾਇਆ ਜਾ ਸਕਦਾ। ਅਕਸਰ ਹੀ ਭੂਚਾਲ ਸਮੇਂ ਰੀਐਕਸ਼ਨ ਟਾਈਮ ਬਿਲਕੁਲ ਨਹੀਂ ਮਿਲਦਾ ਅਤੇ ਭੂਚਾਲ ਦੀ ਤੀਬਰਤਾ ਵੱਧ ’ਤੇ ਜਾਨੀ-ਮਾਲੀ ਨੁਕਸਾਨ ਕਾਫੀ ਹੋ ਸਕਦਾ ਹੈ। ਜਾਖੜ ਨੇ ਕਿਹਾ ਕਿ ਹਰ ਵਿਭਾਗ ਨੂੰ ਭੂਚਾਲ ਵਰਗੀ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਆਪਣੇ ਆਪ ਨੂੰ ਪਹਿਲਾਂ ਹੀ ਤਿਆਰ ਰੱਖਣਾ ਚਾਹੀਦਾ ਹੈ ਤਾਂ ਜੋ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ।

ਅਸਿਟੈਂਟ ਕਮਾਂਡੇਟ ਡੀ.ਐੱਲ. ਜਾਖੜ ਨੇ ਦੱਸਿਆ ਕਿ ਐੱਨ.ਡੀ.ਆਰ.ਐੱਫ ਦੇ ਜਵਾਨਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ 13 ਦਸੰਬਰ ਨੂੰ 11:00 ਵਜੇ ਦੀਨਾਨਗਰ ਦੇ ਐੱਸ.ਐੱਸ.ਐੱਮ. ਕਾਲਜ ਵਿਖੇ ਭੂਚਾਲ ਸਬੰਧੀ ਮੌਕ ਡਰਿੱਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੌਕ ਡਰਿੱਲ ਦੌਰਾਨ ਭੂਚਾਲ ਤੋਂ ਪ੍ਰਭਾਵਤ ਵਿਅਕਤੀਆਂ ਨੂੰ ਨੁਕਸਾਨੀ ਇਮਾਰਤ ਵਿਚੋਂ ਬਾਹਰ ਕੱਢਣ ਅਤੇ ਹੋਰ ਬਚਾਅ ਕਾਰਜਾਂ ਦਾ ਅਭਿਆਸ ਕੀਤਾ ਜਾਵੇਗਾ।  

ਐੱਨ.ਡੀ.ਆਰ.ਐੱਫ. ਦੇ ਅਸਿਟੈਂਟ ਕਮਾਂਡੇਟ ਡੀ.ਐੱਲ. ਜਾਖੜ ਨੇ ਆਮ ਜਨਤਾ ਨੂੰ ਭੂਚਾਲ ਤੋਂ ਬਚਾਅ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਵੀ ਭੂਚਾਲ ਆਵੇ ਤਾਂ ਕਮਰੇ ਵਿਚੋਂ ਭੱਜਣ ਦੀ ਥਾਂ ਤੁਰੰਤ ਕਮਰੇ ਦੇ ਕੋਨੇ ’ਚ ਜਾਂ ਬੀਮ ਆਦਿ ਦੇ ਕੋਲ ਬੈਠ ਜਾਇਆ ਜਾਵੇ। ਹੋ ਸਕੇ ਤਾਂ ਕਮਰੇ ਵਿੱਚ ਪਏ ਮੇਜ ਆਦਿ ਥੱਲੇ ਆਸਰਾ ਲਿਆ ਜਾਵੇ। ਲਿਫਟ ਦਾ ਪ੍ਰਯੋਗ ਬਿਲਕੁਲ ਨਾ ਕੀਤਾ ਜਾਵੇ। ਘਰ/ਇਮਾਰਤ ’ਚੋਂ ਬਾਹਰ ਨਿਕਲਣ ਸਮੇਂ ਭਗਦੜ ਨਾ ਮਚਾਈ ਜਾਵੇ, ਸ਼ਾਂਤ ਰਹਿ ਕੇ ਸਾਵਧਾਨੀ ਪੂਰਵਕ ਆਪਣਾ ਬਚਾਅ ਕੀਤਾ ਜਾਵੇ। ਭੂਚਾਲ ਦੌਰਾਨ ਆਪਣੇ ਸਿਰ ਦਾ ਬਚਾਅ ਕੀਤਾ ਜਾਵੇ। ਘਰ ਤੋਂ ਬਾਹਰ ਹੋਣ ਦੀ ਸਥਿਤੀ ਵਿੱਚ ਇਮਾਰਤਾਂ, ਬਿਜਲੀ ਦੇ ਖੰਬਿਆਂ, ਟਾਵਰਾਂ, ਖੱਡਾਂ ਅਤੇ ਢਲਾਨਾਂ ਤੋਂ ਦੂਰੀ ਬਣਾਈ ਜਾਵੇ। ਵਾਹਨ ਆਦਿ ਚਲਾ ਰਹੇ ਹੋਵੋ ਤਾਂ ਤੁਰੰਤ ਆਪਣੇ ਵਾਹਨ ਨੂੰ ਰੋਕ ਲਵੋ। ਉਨ੍ਹਾਂ ਕਿਹਾ ਕਿ ਇਹ ਸਾਵਧਾਨੀਆਂ ਵਰਤ ਕੇ ਅਸੀਂ ਭੂਚਾਲ ਤੋਂ ਆਪਣਾ ਬਚਾਅ ਕਰ ਸਕਦੇ ਹਾਂ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਨਿਧੀ ਕੁਮੁਦ ਬਾਮਬਾ ਨੇ ਕਿਹਾ ਕਿ ਹਰ ਵਿਭਾਗ ਨੂੰ ਭੂਚਾਲ ਸਮੇਤ ਹਰ ਤਰਾਂ ਦੀਆਂ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਤਿਆਰ-ਬਰ-ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 13 ਦਸੰਬਰ ਨੂੰ ਦੀਨਾਨਗਰ ਵਿਖੇ ਐੱਨ.ਡੀ.ਆਰ.ਐੱਫ. ਵੱਲੋਂ ਕੀਤੀ ਜਾ ਰਹੀ ਮੌਕ ਡਰਿੱਲ ਵਿੱਚ ਸਬੰਧਤ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਜਰੂਰ ਹੋਣ।

LEAVE A REPLY

Please enter your comment!
Please enter your name here