ਸੂਬਾ ਸਰਕਾਰ ਮੀਡੀਆ ਦੀ ਨਿਰਪੱਖਤਾ ਨੂੰ ਖ਼ਤਮ ਕਰਕੇ ਆਪਣੀਆਂ ਨਾਕਾਮੀਆਂ ਨੂੰ ਛੁਪਾਉਣਾ ਚਾਹੁੰਦੀ ਹੈ:ਭਾਜਪਾ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪੰਜਾਬੀਆਂ ਦੇ ਹਰਮਨ-ਪਿਆਰੇ ਅਤੇ ਨਿਰਪੱਖਤਾ ਨਾਲ ਪੰਜਾਬੀਆਂ ਦੀ ਸੇਵਾ ਕਰ ਰਹੇ ਰੋਜ਼ਾਨਾ ਅਜੀਤ ਪੰਜਾਬੀ ਅਖ਼ਬਾਰ ਦਾ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਸਰਕਾਰੀ ਇਸ਼ਤਿਹਾਰ ਬੰਦ ਕਰਕੇ ਪੰਜਾਬੀਆਂ ਦੀ ਨਿਰਪੱਖ ਆਵਾਜ਼ ਨੂੰ ਦਬਾਉਣ ਦੀ ਅਸਫ਼ਲ ਕੋਸ਼ਿਸ਼ ਕੀਤੀ ਜਾ ਰਹੀ ਹੈ।ਜੋ ਕਿ ਕੁਝ ਸਮਾਂ ਪਹਿਲਾਂ ਕਾਂਗਰਸ ਦੀਆਂ ਸਰਕਾਰਾਂ ਨੇ ਵੀ ਕੀਤੀ ਸੀ,ਜਿਨ੍ਹਾਂ ਨੂੰ ਮੂੰਹ ਦੀ ਖਾਣੀ ਪਈ ਸੀ।ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਮੀਡੀਆ ਦੀ ਨਿਰਪੱਖਤਾ ਨੂੰ ਖ਼ਤਮ ਕਰਕੇ ਆਪਣੀ ਸਰਕਾਰ ਦੀਆਂ ਨਾਕਾਮੀਆਂ ਨੂੰ ਛੁਪਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਨੂੰ ਕੁਚਲਣ ਵਾਲੀਆਂ ਤਾਕਤਾਂ ਅੱਜ ਪਹਿਲਾਂ ਨਾਲੋਂ ਜ਼ਿਆਦਾ ਤਾਕਤਵਰ ਹਨ। ਪੂਰੇ ਵਿਸ਼ਵਾਸ ਨਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਸੰਕਟ ਕਾਲ ਵਰਗੀ ਸਥਿਤੀ ਫਿਰ ਦੁਹਰਾਈ ਨਹੀਂ ਜਾ ਸਕਦੀ।ਪੰਜਾਬ ਦਾ ਰਾਜਨੀਤਕ ਤੰਤਰ ਹਾਲੇ ਵੀ ਸੰਕਟ ਕਾਲ ਦੀ ਘਟਨਾ ਦੇ ਅਰਥ ਪੂਰੀ ਤਰ੍ਹਾਂ ਸਮਝ ਨਹੀਂ ਸਕਿਆ ਅਤੇ ਇਸ ਗੱਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਸੰਕਟਕਾਲ ਵਰਗੀਆਂ ਹਾਲਤਾਂ ਪੈਦਾ ਕਰਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਸਕਦੀ ਹੈ।

Advertisements

ਉਨ੍ਹਾਂ ਕਿਹਾ ਕਿ ਨਿਰਪੱਖਤਾ ਤੇ ਨਿਡਰਤਾ ਦੇ ਨਾਲ ਪੰਜਾਬ ਦੇ ਹੱਕਾਂ ਦੀ ਗੱਲ੍ਹ ਕਰਨ ਵਾਲੇ ਅਦਾਰਾ ਅਜੀਤ ਦੇ ਸਰਕਾਰੀ ਇਸ਼ਤਿਹਾਰ ਬੰਦ ਕਰਕੇ ਪੰਜਾਬ ਸਰਕਾਰ ਜਬਰ ਨਾਲ ਪ੍ਰੈੱਸ ਦੀ ਆਜ਼ਾਦੀ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੀ ਹੈ।ਖੋਜੇਵਾਲ ਨੇ ਦਾਅਵਾ ਕੀਤਾ ਹੈ ਕਿ ਭਾਵੇਂ ਦੁਨੀਆਂ ਭਰ ਦੇ ਇਤਿਹਾਸ ਚ ਕਿਸੇ ਅਖ਼ਬਾਰ ਨੂੰ ਮਾਰਨ ਜਾਂ ਬੰਦ ਕਰਾਉਣ ਲਈ ਸ਼ਕਤੀਸ਼ਾਲੀ ਲੋਕਾਂ ਵਲੋਂ ਅੱਡੀ ਚੋਟੀ ਦਾ ਜ਼ੋਰ ਲਾਉਣ ਦੀ ਇਕ ਵੀ ਮਿਸਾਲ ਨਹੀਂ ਮਿਲਦੀ,ਜਿਸ ਤਰ੍ਹਾਂ ਰੋਜ਼ਾਨਾ ਅਜੀਤ ਅਖਬਾਰ ਵਿਰੁਧ ਚਹੁੰਪਾਸੜ ਹੱਲੇ ਬੋਲੇ ਗਏ,ਕੂੜ-ਪ੍ਰਚਾਰ ਕੀਤਾ ਗਿਆ,ਸਰਕਾਰੀ ਇਸ਼ਤਿਹਾਰਾਂ ਤੇ ਪਾਬੰਦੀ ਆਦਿ ਪਰ ਫ਼ਿਰ ਵੀ ਰੋਜ਼ਾਨਾ ਅਜੀਤ ਅਖਬਾਰ ਦੁਨੀਆਂ ਦਾ ਸੱਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖ਼ਬਾਰ ਬਣ ਗਿਆ।ਖੋਜੇਵਾਲ ਨੇ ਕਿਹਾ ਕਿ ਪੁਜਾਰੀਵਾਦ ਨੇ ਹਮੇਸ਼ਾ ਪੰਥ ਲਈ ਚੜ੍ਹਦੀ ਕਲਾ ਦੀ ਬਜਾਏ ਢਹਿੰਦੀ ਕਲਾ ਦਾ ਰੋਲ ਨਿਭਾਇਆ ਹੈ ਤੇ ਹਮੇਸ਼ਾ ਪੰਥ ਦੀ ਬੇੜੀ ਚ ਵੱਟੇ ਹੀ ਪਾਏ ਹਨ। ਉਨ੍ਹਾਂ ਕਿਹਾ ਕਿ ਰੋਜ਼ਾਨਾ ਅਜੀਤ ਅਖਬਾਰ ਵਲੋਂ ਡੇਰਾਵਾਦ,ਪਾਖੰਡਵਾਦ,ਗੰਦੀ ਰਾਜਨੀਤੀ,ਕਰਮਕਾਂਡ ਅਤੇ ਪੰਥ ਵਿਰੋਧੀ ਸ਼ਕਤੀਆਂ ਦੇ ਕੋਝੇ ਹਥਕੰਡਿਆਂ ਨੂੰ ਬੇਨਕਾਬ ਕਰਨ ਲਈ ਜੋ ਰੋਲ ਨਿਭਾਇਆ ਹੈ,ਉਸ ਦੀ ਜਿੰਨੀਂ ਪ੍ਰਸ਼ੰਸਾ ਕੀਤੀ ਜਾਵੇ,ਥੋੜੀ ਹੈ ਕਿਉਂਕਿ ਪੁਜਾਰੀਵਾਦ ਮੁੱਢ ਕਦੀਮ ਤੋਂ ਹੀ ਮਨੁੱਖਤਾ ਦਾ ਨੁਕਸਾਨ ਕਰਦਾ ਆ ਰਿਹਾ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਹਰ ਫ਼ਰੰਟ ਤੇ ਫ਼ੇਲ੍ਹ ਸਾਬਤ ਹੋ ਚੁੱਕੀ ਹੈ।ਪਿਛਲੇ ਸਮੇਂ ਤੋਂ ਲੈ ਕੇ ਪੰਜਾਬ ‘ਚ ਗੈਗਸਟਰਾਂ ਵਲੋਂ ਦਿਨ-ਦਿਹਾੜੇ ਹੱਤਿਆਵਾਂ ਕੀਤੀਆਂ ਜਾ ਰਹੀਆਂ ਹਨ।ਰੋਜ਼ਾਨਾ ਲੁੱਟਾਂ,ਖੋਹਾਂ,ਫਿਰੌਤੀਆਂ ਲਈ ਨੌਜਵਾਨਾਂ ਨੂੰ ਅਗਵਾ ਕਰਕੇ ਮਾਰਿਆ ਜਾ ਰਿਹਾ ਹੈ।ਸ਼ਰੇਆਮ ਨਸ਼ੇ ਵਿਕ ਰਹੇ ਹਨ।ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਖ਼ਤਰੇ ਚ ਪੈਣ ਕਰਕੇ ਪੰਜਾਬ ਦਾ ਵਸਨੀਕ,ਵਪਾਰੀ ਤੇ ਉਦਯੋਗਪਤੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੀਤ ਅਖਬਾਰ ਨੂੰ ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿਚ ਪੰਜਾਬੀ ਵਿਚ ਸਭ ਤੋਂ ਵੱਧ ਛੱਪਣ ਵਾਲਾ ਅਖ਼ਬਾਰ ਹੋਣ ਦਾ ਮਾਣ ਹਾਸਲ ਹੈ।ਇਸ ਨੂੰ ‘ਪੰਜਾਬ ਦੀ ਆਵਾਜ਼’ ਕਿਹਾ ਜਾਂਦਾ ਹੈ। ਭਾਵੇਂ ਪੰਜਾਬੀ ਪੱਤਰਕਾਰੀ ਭਾਰਤੀ ਮੁੱਖਧਾਰਾ ਦੀ ਪੱਤਰਕਾਰੀ ਨਾਲੋਂ ਤਕਰੀਬਨ ਸੌ ਸਾਲ ਬਾਅਦ ਹੋਂਦ ਵਿਚ ਆਈ ਪਰ ਫਿਰ ਵੀ ਇਹ ਉਸ ਦਾ ਪੂਰੀ ਤਰ੍ਹਾਂ ਮੁਕਾਬਲਾ ਕਰਨ ਦੇ ਸਮਰੱਥ ਹੈ ਅਤੇ ਕਈ ਖੇਤਰਾਂ ਵਿਚ ਕੌਮੀ ਪੱਧਰ ਦੀ ਪੱਤਰਕਾਰੀ ਦੇ ਬਿਲਕੁਲ ਬਰਾਬਰ ਜਾ ਰਹੀ ਹੈ। ਇਸ ਗੱਲ ਦੀ ਇਕ ਜਿਊਂਦੀ-ਜਾਗਦੀ ਉਦਾਹਰਣ ਅਜੀਤ ਹੈ ਜੋ ਕਵਰੇਜ ਅਤੇ ਸਜ-ਧਜ ਦੇ ਮਾਮਲੇ ਵਿਚ ਕੌਮੀ ਪੱਧਰ ਦੀ ਕਿਸੇ ਵੀ ਅਖ਼ਬਾਰ ਦਾ ਹਰ ਪੱਖੋਂ ਮੁਕਾਬਲਾ ਕਰਦਾ ਹੈ।

LEAVE A REPLY

Please enter your comment!
Please enter your name here