ਜ਼ਿਲ੍ਹਾ ਮੈਜਿਸਟ੍ਰੇਟ ਨੇ ਪਤੰਗਾਂ/ਗੁੱਡੀਆਂ ਉਡਾਉਣ ਲਈ ਸੰਥੇਟਿਕ/ਪਲਾਸਟਿਕ ਦੀ ਡੋਰ ਨੂੰ ਵੇਚਣ, ਸਟੋਰ ਕਰਨ ਅਤੇ ਇਸਦੀ ਵਰਤੋਂ ਕਰਨ ’ਤੇ ਪਾਬੰਦੀ ਲਗਾਈ

ਗੁਰਦਾਸਪੁਰ(ਦ ਸਟੈਲਰ ਨਿਊਜ਼)। ਡਾ. ਹਿਮਾਂਸ਼ੂ ਅਘਰਵਾਲ, ਆਈ.ਏ.ਐੱਸ., ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਨੇ ਫ਼ੌਜਦਾਰੀ ਜਾਬਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਤੰਗਾਂ/ਗੁੱਡੀਆਂ ਉਡਾਉਣ ਲਈ ਸੰਥੇਟਿਕ/ਪਲਾਸਟਿਕ ਦੀ ਡੋਰ ਨੂੰ ਵੇਚਣ, ਸਟੋਰ ਕਰਨ ਅਤੇ ਇਸਦੀ ਵਰਤੋਂ ਕਰਨ ’ਤੇ ਮੁਕੰਮਲ ਤੌਰ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਹੁਕਮ ਜ਼ਿਲ੍ਹੇ ਵਿੱਚ ਮਿਤੀ 21 ਦਸੰਬਰ 2022 ਤੋਂ 21 ਫਰਵਰੀ 2023 ਤੱਕ ਲਾਗੂ ਰਹੇਗਾ।

Advertisements

ਪਾਬੰਦੀ ਦੇ ਇਹ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਹੈ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਅੱਜ ਕਲ ਪਤੰਗ/ਗੁੱਡੀਆਂ ਉਡਾਉਣ ਲਈ ਜਿਹੜੀ ਡੋਰ ਦੀ ਵਰਤੋਂ ਕੀਤੀ ਜਾ ਰਹੀ ਹੈ, ਉਹ ਸੂਚੀ ਡੋਰ ਤੋਂ ਹੱਟ ਕੇ ਸੰਬੋਟਿਕ/ਪਲਾਸਟਿਕ ਦੀ ਬਣੀ ਹੋਈ ਹੈ ਅਤੇ ਉਹ ਬਹੁਤ ਮਜ਼ਬੂਤ, ਨਾ ਗਲਣਯੋਗ ਅਤੇ ਨਾ ਹੀ ਟੁੱਟਣਯੋਗ ਹੈ। ਇਸ ਡੋਰ ਨਾਲ ਸਾਈਕਲ, ਸਕੂਟਰ ਅਤੇ ਮੋਟਰ ਸਾਈਕਲ ਚਾਲਕਾਂ ਦੇ ਗਲੇ ਅਤੇ ਕੰਨ ਕੱਟੇ ਜਾਂਦੇ ਹਨ, ੳੁੱਡਦੇ ਪੰਛੀਆਂ ਦੇ ਫਸਣ ’ਤੇ ਉਹਨਾਂ ਦੇ ਮਰਨ ਬਾਰੇ ਵੀ ਕਾਫੀ ਘਟਨਾਵਾਂ ਵਾਪਰਦੀਆਂ ਹਨ। ਇਸ ਤਰ੍ਹਾਂ ਸੰਥੇਟਿਕ/ਪਲਾਸਟਿਕ ਦੀ ਬਣੀ ਇਹ ਡੋਰ ਜਦੋਂ ਪਤੰਗ ਉਡਾਉਣ ਲਈ ਵਰਤੀ ਜਾਂਦੀ ਹੈ ਤਾਂ ਇਹ ਮਨੁੱਖੀ ਜਾਨਾਂ/ਰਾਹਗੀਰਾਂ ਅਤੇ ਪੰਛੀਆਂ ਲਈ ਘਾਤਕ ਸਿੱਧ ਹੁੰਦੀ ਹੈ, ਜਿਸਨੂੰ ਰੋਕਿਆ ਜਾਣਾ ਬੇਹੱਦ ਜਰੂਰੀ ਹੈ।

ਜ਼ਿਲ੍ਹਾ ਮੈਜਿਸਟ੍ਰੇਟ ਗੁਰਦਾਸਪੁਰ ਵੱਲੋਂ ਸੰਥੈਟਿਕ ਡੋਰ ’ਤੇ ਪਾਬੰਦੀ ਲਗਾਉਣ ਦਨੇ ਨਾਲ ਪੰਜਾਬ ਸਰਕਾਰ ਦੇ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਵਲੋਂ ਜਾਰੀ ਨੋਟਿਫਿਕੇਸ਼ਨ ਦੀ ਰੋਸ਼ਨੀ ਵਿੱਚ ਵੱਖ-ਵੱਖ ਅਧਿਕਾਰੀਆਂ ਦੀ ਡਿਊਟੀ ਇਸ ਪਾਬੰਦਸ਼ੁਦਾ ਡੋਰ ਦੀ ਵਰਤੋਂ ਨੂੰ ਰੋਕਣ ਲਈ ਲਗਾਈ ਗਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਐੱਸ.ਐੱਸ.ਪੀ. ਗੁਰਦਾਸਪੁਰ ਤੇ ਬਟਾਲਾ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਅਧੀਨ ਆਉਂਦੇ ਪੁਲਿਸ ਅਧਿਕਾਰੀਆਂ ਦੀਆਂ ਟੀਮਾਂ ਗਠਿਤ ਕਰਕੇ ਡਿਊਟੀਆਂ ਲਗਾਉਣਗੇ ਕਿ ਉਹ ਪਲਾਸਟਿਕ ਡੋਰ ਦੀ ਵਿਕਰੀ, ਸਟੋਰ ਕਰਨ ਅਤੇ ਖਰੀਦਣ ਤੇ ਰੋਕ ਲਗਾਉਣ ਸਬੰਧੀ ਆਪਣੇ ਆਪਣੇ ਇਲਾਕੇ ਵਿਚ ਛਾਪੇਮਾਰੀ ਕਰਨ ਅਤੇ ਰੋਜ਼ਾਨਾਂ ਬਜ਼ਾਰਾਂ ਵਿਚੋਂ ਅਤੇ ਗੱਡੀਆਂ ਦੀ ਚੈਕਿੰਗ ਕਰਕੇ ਯਕੀਨੀ ਬਣਾਉਣਗੇ ਕਿ ਕਿਤੇ ਵੀ ਪਲਾਸਟਿਕ ਡੋਰ ਦੀ ਵਿਕਰੀ-ਖਰੀਦ ਜਾਂ ਵਰਤੋਂ ਨਹੀਂ ਹੋ ਰਹੀ ਹੈ। ਪੁਲਿਸ ਵੱਲੋਂ ਚੈਕਿੰਗ ਦੌਰਾਨ ਬਰਾਮਦ ਕੀਤੀ ਗਈ ਪਲਾਸਟਿਕ ਦੀ ਡੋਰ ਨੂੰ ਨਸ਼ਟ ਕਰਨ ਲਈ ਕਾਰਜਕਾਰੀ ਇੰਜੀਨੀਅਰ, ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਮੂਹ ਐੱਸ.ਡੀ.ਐੱਮ. ਆਪਣੀ ਤਹਿਸੀਲ ਵਿੱਚ ਪਲਾਸਟਿਕ ਡੋਰ ਦੀ ਵਿਕਰੀ ਅਤੇ ਖਰੀਦ ਦੀ ਰੋਕਥਾਮ ਲਈ ਓਵਰਆਲ ਇੰਚਾਰਜ ਹੋਣਗੇ ਅਤੇ ਆਮ ਜਨਤਾ ਨੂੰ ਸੂਤੀ ਧਾਗੇ ਦੀ ਵਰਤੋਂ ਲਈ ਪ੍ਰੇਰਿਤ ਕਰਨਗੇ।

ਜਿਲ੍ਹਾ ਸਿੱਖਿਆ ਅਫਸਰ (ਸ) ਅਤੇ ਜਿਲ੍ਹਾ ਸਿੱਖਿਆ ਅਫਸਰ (ਅ), ਗੁਰਦਾਸਪੁਰ ਵੱਲੋਂ ਜ਼ਿਲ੍ਹੇ ਦੇ ਸਮੂਹ ਸਰਕਾਰੀ/ਗੈਰ ਸਰਕਾਰੀ/ਪ੍ਰਾਈਵੇਟ/ਮਾਨਤਾ ਪ੍ਰਾਪਤ ਸਕੂਲਾਂ ਆਦਿ ਵਿਚ ਪਲਾਸਟਿਕ ਦੀ ਡੋਰ ਦੀ ਰੋਕਥਾਮ ਸਬੰਧੀ ਜਾਗਰੂਕਤਾ ਪ੍ਰੋਗਰਾਮ ਕੀਤੇ ਜਾਣਗੇ ਅਤੇ ਬੱਚਿਆਂ ਦੀ ਸਕੂਲ ਡਾਇਰੀ ਵਿਚ ਪਲਾਸਟਿਕ ਦੀ ਡੋਰ ਦੀ ਵਰਤੋਂ ਨਾ ਕਰਨ ਅਤੇ ਸੂਤੀ ਧਾਗੇ ਦੀ ਵਰਤੋਂ ਕਰਨ ਸਬੰਧੀ ਲਿਖ ਕੇ ਭੇਜਣਗੇ। ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਨਗਰ ਨਿਗਮ, ਬਟਾਲਾ, ਸਹਾਇਕ ਕਮਿਸ਼ਨਰ ਕਰ ਵਿਭਾਗ, ਗੁਰਦਾਸਪੁਰ, ਸਮੂਹ ਬੀ.ਡੀ.ਪੀ.ਓ. ਅਤੇ ਸਮੂਹ ਨਗਰ ਕੌਂਸਲਾਂ ਵਲੋਂ ਪਲਾਸਟਿਕ ਦੀ ਡੋਰ ਦੀ ਚੈਕਿੰਗ ਸਬੰਧੀ ਆਪਣੇ ਅਧਿਕਾਰ ਖੇਤਰ ਵਿਚ ਦੁਕਾਨਦਾਰਾਂ/ਵਪਾਰੀਆਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਪਲਾਸਟਿਕ ਦੀ ਝੋਰ ਸਬੰਧੀ ਪੁਰਾਣਾ ਮਾਲ ਵੇਚਣ ਤੋਂ ਅਤੇ ਨਵਾਂ ਮਾਲ ਖਰੀਦਣ ਤੋਂ ਮਨਾਹੀ ਕਰਨ ਲਈ ਜਾਗਰੂਕ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਸੂਤੀ ਧਾਗੇ ਨੂੰ ਪ੍ਰਮੋਟ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਇਹਨਾਂ ਵੱਲੋਂ ਆਪਣੇ ਪੱਧਰ ਤੇ ਇਹਨਾਂ ਦੀ ਚੈਕਿੰਗ ਕਰਕੇ ਪੁਲਿਸ ਨਾਲ ਤਾਲਮੇਲ ਕੀਤਾ ਜਾਵੇਗਾ ਅਤੇ ਪਲਾਸਟਿਕ ਡੋਰ ਵੇਚਣ ਜਾਂ ਖਰੀਦਣ ਵਾਲੇ ਖਿਲਾਫ ਕਾਰਵਾਈ ਆਰੰਭੀ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਲੈ ਕੇ ਪਲਾਸਟਿਕ ਦੀ ਡੋਰ ਦੀ ਵਰਤੋਂ ਨੂੰ ਰੋਕਣ ਅਤੇ ਸੂਤੀ ਧਾਗੇ ਨੂੰ ਪ੍ਰਮੋਟ ਕਰਨ ਲਈ ਆਮ ਜਨਤਾ ਨੂੰ ਜਾਗਰੂਕ/ਪ੍ਰੇਰਿਤ ਕੀਤਾ ਜਾਵੇਗਾ।

ਪਲਾਸਟਿਕ ਡੋਰ ਦੀ ਵਰਤੋਂ ਨੂੰ ਰੋਕਣ ਲਈ ਕਮਿਸ਼ਨਰ ਨਗਰ ਨਿਗਮ/ਸਮੂਹ ਕਾਰਜ ਸਾਧਕ ਅਫਸਰ ਸਹਿਬਾਨ ਸ਼ਹਿਰੀ ਖੇਤਰ ਵਿੱਚ ਐਨ.ਜੀ.ਓ. ਨਾਲ ਮਿਲ ਕੇ ਵਾਰਡ ਪੱਧਰ ਤੇ ਅਤੇ ਸਮੂਹ ਬੀ.ਡੀ.ਪੀ.ਓ. ਸਹਿਬਾਨ ਪੇਂਡੂ ਖੇਤਰ ਵਿੱਚ ਮੋਹਤਬਾਰ ਵਿਅਕਤੀਆਂ ਨਾਲ ਮਿਲ ਕੇ ਪਿੰਡ ਪੱਧਰ ਤੇ ਨਿਗਰਾਨ ਕਮੇਟੀਆਂ ਬਨਾਉਣਗੇ ਜੋ ਕਿ ਲੋਕਾਂ ਵਿੱਚ ਪਲਾਸਟਿਕ ਡੋਰ ਦੀ ਵਰਤੋਂ ਨਾ ਕਰਨ ਨੂੰ ਲੈ ਕੇ ਜਾਗਰੂਕਤਾ ਪੈਦਾ ਕਰਨਗੀਆਂ ਅਤੇ ਨਾਲ ਹੀ ਜ਼ਿਲ੍ਹੇ ਵਿੱਚ ਕਿਤੇ ਵੀ ਪਲਾਸਟਿਕ ਡੋਰ ਦੀ ਵਿਕਰੀ ਸਬੰਧੀ ਸੂਚਨਾ ਪ੍ਰਸ਼ਾਸਨ ਨੂੰ ਦੇਣਗੀਆਂ। ਸਭ ਤੋਂ ਵੱਧੀਆ ਕੰਮ ਕਰਨ ਵਾਲੀ ਕਮੇਟੀ ਨੂੰ ਜ਼ਿਲ੍ਹਾ ਪੱਧਰ ’ਤੇ ਸਨਮਾਨਿਤ ਕੀਤਾ ਜਾਵੇਗਾ। ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੰਥੈਟਿਕ ਡੋਰ ਦੀ ਵਰਤੋਂ ਨੂੰ ਰੋਕਣ ਅਤੇ ਸੂਤੀ ਧਾਗੇ ਦੀ ਡੋਰ ਨੂੰ ਉਤਸ਼ਾਹਤ ਕਰਨ ਲਈ ਜਨਵਰੀ ਦੇ ਦੂਸਰੇ ਹਫ਼ਤੇ ਗੁਰਦਾਸਪੁਰ ਵਿੱਚ ਪਤੰਗਬਾਜ਼ੀ ਦਾ ਮੇਲਾ ਕਰਵਾਇਆ ਜਾਵੇਗਾ ਜਿਸ ਵਿੱਚ ਦੇਸ਼ ਅਤੇ ਸੂਬੇ ਭਰ ਵਿੱਚੋਂ ਨਾਮੀ ਪਤੰਗਬਾਜ਼ ਸ਼ਾਮਿਲ ਹੋਣਗੇ।

LEAVE A REPLY

Please enter your comment!
Please enter your name here