ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਵੇਅ ਲਈ ਅਕਵਾਇਰ ਕੀਤੀ ਗਈ ਜਮੀਨ ਦੀ ਅਦਾਇਗੀ ਲਈ ਕੁੱਲ 475.23 ਕਰੋੜ ਰੁਪਏ ਦੇ ਅਵਾਰਡ ਸੁਣਾਏ ਜਾ ਚੁਕੇ

ਗੁਰਦਾਸਪੁਰ(ਦ ਸਟੈਲਰ ਨਿਊਜ਼): ਜ਼ਿਲ੍ਹਾ ਗੁਰਦਾਸਪੁਰ ਵਿੱਚ ਲੰਘ ਰਹੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ, ਅੰਮ੍ਰਿਤਸਰ-ਮਹਿਤਾ-ਊਨਾ ਹਾਈਵੇਅ ਅਤੇ ਬਿਆਸ-ਡੇਰਾ ਬਾਬਾ ਨਾਨਕ ਹਾਈਵੇਅ ਲਈ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਐਕਵਾਇਰ ਕੀਤੀ ਜ਼ਮੀਨ ਦੇ ਭੂਮੀ ਮਾਲਕਾਂ ਨੂੰ ਮੁਆਵਜੇ ਦੀ ਅਦਾਇਗੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ। ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦੇ ਇਸ ਨੈਸ਼ਨਲ ਪ੍ਰੋਜੈਕਟ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਹ ਐਕਸਪ੍ਰੈਸ ਵੇਅ 43.51 ਕਿਲੋਮੀਟਰ ਜ਼ਿਲ੍ਹਾ ਗੁਰਦਾਸਪੁਰ ਦੀਆਂ ਦੋ ਤਹਿਸੀਲਾਂ ਬਟਾਲਾ ਤੇ ਗੁਰਦਾਸਪੁਰ ਵਿਚੋਂ ਦੀ ਲੰਘੇਗਾ ਅਤੇ 43 ਪਿੰਡਾਂ ਦੀ 498.4 ਹੈਕਟੇਅਰ ਜ਼ਮੀਨ ਇਸ ਪ੍ਰੋਜੈਕਟ ਲਈ ਅਕਵਾਇਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਕਵਾਇਰ ਕੀਤੀ ਗਈ ਜਮੀਨ ਅਤੇ ਹੋਰ ਖਰਚਿਆਂ ਸਮੇਤ ਕੁੱਲ 475.23 ਕਰੋੜ ਰੁਪਏ ਦੀ ਅਦਾਇਗੀ ਕਰਨ ਸਬੰਧੀ ਅਵਾਰਡ ਸੁਣਾਏ ਜਾ ਚੁਕੇ ਹਨ। ਉਨ੍ਹਾਂ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਅਕਵਾਇਰ ਕੀਤੀ ਗਈ ਜਮੀਨ ਅਤੇ ਹੋਰ ਖਰਚਿਆ ਲਈ 278 ਕਰੋੜ ਰੁਪਏ ਦੇ ਫੰਡ ਪ੍ਰਾਪਤ ਹੋਏ ਸਨ ਅਤੇ ਇਹਨਾਂ ਪ੍ਰਾਪਤ ਹੋਏ ਫੰਡਾਂ ਵਿੱਚੋਂ 199.96 ਕਰੋੜ ਰੁਪਏ ਦੇ ਮੁਆਵਜੇ ਦੀ ਅਦਾਇਗੀ ਸਬੰਧਤ ਭੂਮੀ ਮਾਲਕਾਂ ਨੂੰ ਸਬੰਧਤ ਐੱਸ.ਡੀ.ਐੱਮਜ਼ ਵੱਲੋਂ ਕੀਤੀ ਜਾ ਚੁੱਕੀ ਹੈ।

Advertisements

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਅੰਮ੍ਰਿਤਸਰ-ਮਹਿਤਾ-ਊਨਾ ਹਾਈਵੇਅ ਦਾ 21.15 ਕਿਲੋਮੀਟਰ ਲੰਮਾ ਹਿੱਸਾ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਦੇ ਵਿਚੋਂ ਗੁਜ਼ਰੇਗਾ ਜਿਸਦੀ ਉਸਾਰੀ ਲਈ ਜ਼ਮੀਨ ਵੱਖਰੇ ਤੌਰ ’ਤੇ ਜ਼ਿਲ੍ਹਾ ਮਾਲ ਅਫ਼ਸਰ ਦੁਆਰਾ ਅਕਵਾਇਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਲਈ ਤਹਿਸੀਲ ਬਟਾਲਾ ਦੇ 19 ਪਿੰਡਾਂ ਦੀ 74.65 ਹੈਕਟੇਅਰ ਜ਼ਮੀਨ ਅਕਵਾਇਰ ਕੀਤੀ ਗਈ ਹੈ ਅਤੇ ਇਸ ਲਈ ਜ਼ਮੀਨ ਅਤੇ ਹੋਰ ਖਰਚਿਆਂ ਸਮੇਤ ਕੁੱਲ 80.40 ਕਰੋੜ ਰੁਪਏ ਦੀ ਅਦਾਇਗੀ ਕਰਨ ਲਈ ਸਬੰਧੀ ਅਵਾਰਡ ਸੁਣਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਐਕਵਾਇਰ ਕੀਤੀ ਜ਼ਮੀਨ ਲਈ ਪ੍ਰਾਪਤ ਫੰਡਾਂ ਵਿਚੋਂ 50 ਕਰੋੜ ਰੁਪਏ ਦੇ ਮੁਆਵਜੇ ਦੀ ਅਦਾਇਗੀ ਸਬੰਧਤ ਭੂਮੀ ਮਾਲਕਾਂ ਨੂੰ ਕੀਤੀ ਜਾ ਚੁੱਕੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਿਆਸ-ਡੇਰਾ ਬਾਬਾ ਨਾਨਕ ਹਾਈਵੇਅ ਵੀ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੱਕ ਬਣ ਰਿਹਾ ਹੈ ਜਿਸਦੀ ਲੰਬਾਈ 47.30 ਕਿਲੋਮੀਟਰ ਜ਼ਿਲ੍ਹੇ ਦੀ ਹਦੂਦ ਅੰਦਰ ਪੈਂਦੀ ਹੈ। ਇਸ ਹਾਈਵੇਅ ਲਈ ਜ਼ਿਲ੍ਹੇ ਵਿਚੋਂ 285.70 ਹੈਕਟੇਅਰ ਰਕਬਾ ਅਕਵਾਇਰ ਕੀਤਾ ਗਿਆ ਹੈ। ਇਸ ਲਈ 311.21 ਕਰੋੜ ਰੁਪਏ ਦੇ ਅਵਾਰਡ ਸੁਣਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਅਕਵਾਇਰ ਕੀਤੀ ਗਈ ਜਮੀਨ ਅਤੇ ਹੋਰ ਖਰਚਿਆ ਲਈ 207 ਕਰੋੜ ਰੁਪਏ ਦੇ ਫੰਡ ਪ੍ਰਾਪਤ ਹੋਏ ਸਨ ਅਤੇ ਇਹਨਾਂ ਪ੍ਰਾਪਤ ਹੋਏ ਫੰਡਾਂ ਵਿੱਚੋਂ 115.53 ਕਰੋੜ ਰੁਪਏ ਦੇ ਮੁਆਵਜੇ ਦੀ ਅਦਾਇਗੀ ਸਬੰਧਤ ਭੂਮੀ ਮਾਲਕਾਂ ਨੂੰ ਸਬੰਧਤ ਐੱਸ.ਡੀ.ਐੱਮਜ਼ ਵੱਲੋਂ ਕੀਤੀ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਦਿੱਲੀ-ਕਟੜਾ-ਅੰਮ੍ਰਿਤਸਰ ਐਕਸਪ੍ਰੈਸ ਵੇਅ ਲਈ 483 ਭੂਮੀ ਮਾਲਕਾਂ ਨੂੰ ਮੁਆਵਜਾ ਦਿੱਤਾ ਜਾ ਚੁੱਕਾ ਹੈ ਜਦਕਿ ਬਾਕੀ ਮਾਲਕਾਂ ਨੂੰ ਮੁਆਵਜਾ ਦੇਣ ਦਾ ਕੰਮ ਜਾਰੀ ਹੈ। ਇਸੇ ਤਰਾਂ ਅੰਮ੍ਰਿਤਸਰ-ਮਹਿਤਾ-ਊਨਾ ਹਾਈਵੇਅ ਲਈ 439 ਭੂਮੀ ਮਾਲਕਾਂ ਨੇ ਮੁਆਵਜਾ ਪ੍ਰਾਪਤ ਕਰ ਲਿਆ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਪੈਂਦੇ ਪਿੰਡਾਂ ਦੀ ਅਕਵਾਇਰ ਹੋਈ ਜ਼ਮੀਨ ਦੇ ਭੁਮੀ ਮਾਲਕਾਂ ਜਿੰਨ੍ਹਾਂ ਵੱਲੋਂ ਹਾਲੇ ਤੀਕ ਮੁਆਵਜੇ ਦੀ ਰਕਮ ਪ੍ਰਾਪਤ ਨਹੀ ਕੀਤੀ ਗਈ ਹੈ, ਉਹਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਆਪਣੇ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਆਧਾਰ ਕਾਰਡ, ਹਲਫੀਆ ਬਿਆਨ, ਬੈਂਕ ਅਕਾਊਂਟ ਨੰਬਰ ਆਦਿ ਸਬੰਧਤ ਤਹਿਸੀਲ ਦਫਤਰ ਵਿੱਚ ਤੁਰੰਤ ਜਮ੍ਹਾਂ ਕਰਵਾਉਣ ਤਾਂ ਜੋ ਇਸ ਅਕਵਾਇਰ ਕੀਤੀ ਗਈ ਜਮੀਨ ਦੇ ਮੁਆਵਜੇ ਦੀ ਰਕਮ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਜਾ ਸਕੇ। ਇਸ ਤੋਂ ਇਲਾਵਾ ਸਬੰਧਤ ਭੁਮੀ ਮਾਲਕਾਂ ਨੂੰ ਇਹ ਵੀ ਅਪੀਲ ਕੀਤੀ ਜਾਂਦੀ ਹੈ ਕਿ ਜਿੰਨ੍ਹਾਂ ਵਿਅਕਤੀ ਵੱਲੋ ਇਸ ਅਕਵਾਇਰ ਹੋਈ ਜ਼ਮੀਨ ਦਾ ਕਬਜਾ ਹਾਲੇ ਤੀਕ ਨਹੀ ਸੋਂਪਿਆ ਗਿਆ ਹੈ ਉਹ ਤੁਰੰਤ ਇਸਦਾ ਕਬਜ਼ਾ ਨੈਸਨਲ ਹਾਈਵੇ ਅਥਾਰਟੀ ਨੂੰ ਸੌਂਪਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਮੀਨ ਦੇ ਮੁਆਵਜ਼ੇ ਸਬੰਧੀ ਕੋਈ ਵੀ ਸ਼ਿਕਾਇਤ ਜਾਂ ਮੁਸ਼ਕਲ ਸਬੰਧੀ ਸਬੰਧਤ ਐੱਸ.ਡੀ.ਐੱਮ. ਜਾਂ ਜ਼ਿਲ੍ਹਾ ਮਾਲ ਅਫ਼ਸਰ ਨਾਲ ਰਾਬਤਾ ਕੀਤਾ ਜਾ ਸਕਦਾ ਹੈ।

ਉਨਾਂ ਕਿਹਾ ਕਿ ਇਸ ਤੋਂ ਇਲਾਵਾ ਜੇਕਰ ਕਿਸੇ ਭੂਮੀ ਮਾਲਕ ਨੂੰ ਲੱਗਦਾ ਹੋਵੇ ਕਿ ਉਸਨੂੰ ਅਕਵਾਇਰ ਹੋਈ ਭੂਮੀ ਦਾ ਮੁਆਵਜਾ ਘੱਟ ਮਿਲ ਰਿਹਾ ਹੈ ਤਾਂ ਉਹ ਆਰਬੀਟ੍ਰੇਸ਼ਨ (ਅਪੀਲ ਦੀ ਕਿਸਮ) ਵਿੱਚ ਵੀ ਜਾ ਸਕਦਾ ਹੈ। ਉਨਾਂ ਦੱਸਿਆ ਕਿ ਆਰਬੀਟ੍ਰੇਸ਼ਨ ਦੀਆਂ ਪਾਵਰਾਂ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਜੀ ਕੋਲ ਹਨ ਜਿਥੇ ਉਹ ਆਪਣੀ ਗੱਲ/ਮੰਗ ਰੱਖ ਸਕਦਾ ਹੈ। ਉਨਾਂ ਕਿਹਾ ਕਿ ਆਰਬੀਟ੍ਰੇਸ਼ਨ ਵਿੱਚ ਜਾਣ ਤੋਂ ਪਹਿਲਾਂ ਵੀ ਮਾਲਕ ਵੱਲੋਂ ਆਪਣਾ ਮੁਆਵਜਾ ਲਿਆ ਜਾ ਸਕਦਾ ਹੈ, ਇਸ ਨਾਲ ਓਹਦੇ ਆਰਬੀਟ੍ਰੇਸ਼ਨ ਕੇਸ ’ਤੇ ਕੋਈ ਫਰਕ ਨਹੀਂ ਪਵੇਗਾ। ਉਨਾਂ ਦੱਸਿਆ ਕਿ ਇਸ ਸਬੰਧੀ ਐੱਸ.ਡੀ.ਐੱਮ. ਦਫ਼ਤਰਾਂ ਵੱਲੋਂ ਇੱਕ ਹੈਲਪ ਡੈਸਕ ਵੀ ਸਥਾਪਤ ਕੀਤਾ ਗਿਆ ਹੈ ਜਿਥੇ ਆਰਬੀਟ੍ਰੇਸ਼ਨ ਸਬੰਧੀ ਸਾਰੀ ਜਾਣਕਾਰੀ ਮਿਲ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਐੱਸ.ਡੀ.ਐੱਮ. ਦਫ਼ਤਰਾਂ ਵਿੱਚ ਜਿਥੇ ਵਿਸ਼ੇਸ਼ ਹੈਲਪ ਡੈਸਕ ਸਥਾਪਤ ਕੀਤੇ ਗਏ ਹਨ ਓਥੇ ਨਾਲ ਹੀ ਐੱਸ.ਡੀ.ਐੱਮ ਦਫ਼ਤਰਾਂ ਵੱਲੋਂ ਹੈਲਪ ਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ। ਉਨਾਂ ਦੱਸਿਆ ਕਿ ਤਹਿਸੀਲ ਬਟਾਲਾ ਲਈ ਐੱਸ.ਡੀ.ਐੱਮ. ਬਟਾਲਾ ਦੇ ਦਫ਼ਤਰ ਦਾ ਹੈਲਪ ਲਾਈਨ ਨੰਬਰ 01871-240036 ਹੈ ਜਦਕਿ ਗੁਰਦਾਸਪੁਰ ਤਹਿਸੀਲ ਦੇ ਭੂਮੀ ਮਾਲਕ ਐੱਸ.ਡੀ.ਐੱਮ.ਦਫ਼ਤਰ ਗੁਰਦਾਸਪੁਰ ਦੇ ਹੈਲਪ ਲਾਈਨ ਨੰਬਰ 97818-62712 ’ਤੇ ਸੰਪਰਕ ਕਰ ਸਕਦੇ ਹਨ। ਉਨਾਂ ਦੱਸਿਆ ਕਿ ਇਨਾਂ ਹੈਲਪ ਲਾਈਨ ਨੰਬਰਾਂ ’ਤੇ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਕਾਲ ਕੀਤੀ ਜਾ ਸਕਦੀ ਹੈ।

LEAVE A REPLY

Please enter your comment!
Please enter your name here