ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਰਹੱਦੀ ਪਿੰਡਾਂ ਦੇ ਵਿਕਾਸ ਲਈ ਦ੍ਰਿੜ ਸੰਕਲਪਿਤ: ਨਰਿੰਦਰਪਾਲ ਸਵਨਾ

ਫਾਜਿ਼ਲਕਾ(ਦ ਸਟੈਲਰ ਨਿਊਜ਼): ਫਾਜਿ਼ਲਕਾ ਦੇ ਸਤਲੁਜ਼ ਨਦੀ ਦੇ ਪਾਰ ਵਸਦੇ ਸਰਹੱਦੀ ਪਿੰਡਾਂ ਦੇ ਲੋਕਾਂ ਲਈ ਵੀਰਵਾਰ ਦਾ ਦਿਨ ਭਾਗਾਂ ਵਾਲਾ ਚੜਿਆ ਜਦ ਅਜਾਦੀ ਦੇ ਸਾਢੇ 7 ਦਹਾਕੇ  ਬਾਅਦ ਇੰਨ੍ਹਾਂ ਪਿੰਡਾਂ ਦੀ ਪੁਲ ਦੀ ਮੰਗ ਪੂਰੀ ਹੋਈ ਅਤੇ ਹਲਕੇ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਪੁਲ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਿਆ।
ਨੀਂਹ ਪੱਥਰ ਰੱਖਣ ਮੌਕੇ ਵਿਧਾਇਕ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਸਿਆਸਤ ਵਿਚ ਆਉਣ ਤੋਂ ਪਹਿਲਾਂ ਤੋਂ ਇੰਨ੍ਹਾਂ ਸਰਹੱਦੀ ਪਿੰਡਾਂ ਦੇ ਲੋਕਾਂ ਨਾਲ ਨੇੜਲੀ ਸਾਂਝ ਰੱਖਦੇ ਹਨ ਅਤੇ ਹੁਣ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਇਲਾਕੇ ਦੀ ਵੱਡੀ ਮੰਗ ਪੂਰੀ ਕਰਦਿਆਂ ਮੌਜਮ ਅਤੇ ਤੇਜਾ ਰੁਹੇਲਾ ਵਿਚਕਾਰ ਸਤਲੁਜ਼ ਦੀ ਕਰੀਕ ਤੇ ਪੁਲ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ ਹੈ। ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਪਹਿਲਾਂ ਇੰਨ੍ਹਾਂ ਲੋਕਾਂ ਨੂੰ ਜਾਂ ਤਾਂ ਕਿਸਤੀ ਰਾਹੀਂ ਨਦੀ ਪਾਰ ਕਰਨੀ ਪੈਂਦੀ ਜਾਂ ਲਗਭਗ 15 ਕਿਲੋਮੀਟਰ ਘੁੰਮ ਕੇ ਕਾਵਾਂ ਵਾਲੀ ਪੱਤਣ ਤੇ ਬਣੇ ਪੁਲ ਰਾਹੀਂ ਫਾਜਿ਼ਲਕਾ ਆਉਣਾ ਪੈਂਦਾ ਸੀ। ਜਦ ਕਿ ਇਸ ਪੁਲ ਦੇ ਬਣਨ ਨਾਲ ਇੰਨ੍ਹਾਂ ਲੋਕਾਂ ਨੂੰ ਵੱਡੀ ਸੌਖ ਹੋਵੇਗੀ।
ਵਿਧਾਇਕ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਨੇ ਦੱਸਿਆ ਕਿ ਇਸ ਪੁਲ ਤੇ ਪੰਜਾਬ ਸਰਕਾਰ ਵੱਲੋਂ 7.5 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ 12 ਫੁੱਟ ਚੌੜੇ ਇਸ ਪੁਲ ਦੀ ਲੰਬਾਈ 140 ਮੀਟਰ ਹੋਵੇਗੀ।ਇਹ ਪੁਲ ਦੇਸ਼ ਲਈ ਰਣਨੀਤਿਕ ਤੌਰ ਤੇ ਵੀ ਮਹੱਤਵਪੂਰਨ ਹੋਵੇਗਾ ਜਦ ਕਿ ਸਰਹੱਦੀ ਪਿੰਡਾਂ ਦੇ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਪੁਲ ਦਾ ਨਿਰਮਾਣ ਦਸੰਬਰ 2023 ਤੱਕ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਇਸ ਮੌਕੇ ਪਿੰਡ ਦੇ ਲੋਕਾਂ ਦੀ ਖੁਸ਼ੀ ਸਾਂਭੀ ਨਹੀਂ ਜਾ ਰਹੀ ਸੀ ਅਤੇ ਜਦ ਨੀਂਹ ਪੱਥਰ ਰੱਖਣ ਲਈ ਵਿਧਾਇਕ ਅਤੇ ਅਧਿਕਾਰੀ ਪਹੁੰਚੇ ਤਾਂ ਉਹ ਇਕ ਦੂਜ਼ੇ ਨੂੰ ਉਚੀ ਉਚੀ ਵਧਾਈਆਂ ਦਿੰਦੇ ਸੁਣਾਈ ਦਿੱਤੇ।
ਇਸ ਮੌਕੇ ਜਲ ਸ਼ੋ੍ਰਤ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਅਲੋਕ ਚੌਧਰੀ, ਐਸਡੀਓ ਵਿਵੇਕ ਮੱਕੜ, ਸਾਜਨ ਖਾਰਬਾਟ, ਰਜਿੰਦਰ ਜਲੰਧਰਾ, ਸੁਰਿੰਦਰ ਕੰਬੋਜ਼, ਜਿ਼ਲ੍ਹਾ ਪ੍ਰੀਸ਼ਦ ਮੈਂਬਰ ਖੁ਼ਸਹਾਲ ਸਿੰਘ, ਗੁਲਸ਼ਨ ਸਿੰਘ ਸਰਪੰਚ ਨਵਾਂ ਹਸਤਾ, ਪਰਮਜੀਤ ਸਿੰਘ ਨੂਰਸ਼ਾਹ, ਡਾ: ਅੰਗਰੇਜ਼ ਸਿੰਘ ਤੇਜਾ ਰੁਹੇਲਾ, ਬਲਵੀਰ ਸਿੰਘ ਸਰਪੰਚ ਨਿਓਲਾ ਆਦਿ ਵੀ ਹਾਜਰ ਸਨ।

Advertisements

LEAVE A REPLY

Please enter your comment!
Please enter your name here