ਕਿਸਾਨ  ਝੋਨੇ ਦੀ ਪਨੀਰੀ ਦੀ ਅਗੇਤੀ ਬਿਜਾਈ ਤੋਂ ਕਰਨ ਗੁਰੇਜ਼: ਮੁੱਖ ਖੇਤੀਬਾੜੀ ਅਫ਼ਸਰ

ਹੁਸ਼ਿਆਰਪੁਰ,( ਦ ਸਟੈਲਰ ਨਿਊਜ਼)। ਲਗਾਤਾਰ ਡਿੱਗ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਪੰਜਾਬ ਸਰਕਾਰ ਵਲੋਂ ਸਮੁੱਚੇ ਪੰਜਾਬ ਲਈ ਝੋਨੇ ਦੀ ਸਿੱਧੀ ਬਿਜਾਈ ਅਤੇ ਕੱਦੂ ਕਰਕੇ ਝੋਨੇ ਦੀ ਕਾਸ਼ਤ ਲਈ ਪਨੀਰੀ ਦੀ ਖੇਤਾਂ ਵਿੱਚ ਲੁਆਈ ਦੀਆਂ ਮਿਤੀਆਂ ਸਬੰਧੀ ਨੋਟੀਫਿਕੇਸ਼ਨ ਮਿਤੀ 15 ਮਈ 2023 ਨੂੰ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੇਵ ਸਿੰਘ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਪੂਰੇ ਪੰਜਾਬ ਰਾਜ ਵਿੱਚ 20 ਮਈ ਤੋਂ ਲਾਗੂ ਕੀਤੀ ਗਈ ਹੈ ਤਾਂ ਜੋ ਜ਼ਮੀਨ ਹੇਠਲੇ ਪਾਣੀ ਦੀ ਬੱਚਤ ਕੀਤੀ ਜਾ ਸਕੇ।

Advertisements

ਉਨ੍ਹਾਂ ਦੱਸਿਆ ਕਿ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪੰਜਾਬ ਸਰਕਾਰ ਵਲੋਂ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸਨਮਾਨ ਰਾਸ਼ੀ ਵੀ ਦਿੱਤੀ ਜਾਵੇਗੀ। ਕੱਦੂ ਕਰਕੇ ਝੋਨੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਪਨੀਰੀ ਦੀ ਅਗੇਤੀ ਬਿਜਾਈ ਤੋਂ ਗੁਰੇਜ਼ ਕਰਨ ਤਾਂ ਜੋ ਝੋਨੇ ਉੱਤੇ ਮਧਰੇਪਨ ਵਰਗੀ ਬਿਮਾਰੀ ਨੂੰ ਠੱਲ੍ਹ ਪਾਈ ਜਾ ਸਕੇ ਅਤੇ ਇਸ ਦੇ ਨਾਲ ਹੀ ਪਾਣੀ ਦੀ ਹੋਣ ਵਾਲੀ ਵਧੇਰੇ ਖਪਤ ਨੂੰ ਵੀ ਘਟਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪਨੀਰੀ ਦੀ ਲੁਆਈ ਲਈ ਮਿਤੀ 21 ਜੂਨ ਨਿਰਧਾਰਤ ਕੀਤੀ ਗਈ ਹੈ ਅਤੇ ਇਸ ਦੌਰਾਨ ਫਸਲ ਲਈ ਪਾਣੀ ਦੀ ਪੂਰਤੀ ਵਾਸਤੇ ਲੋੜੀਂਦੀ ਬਿਜਲੀ ਵੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਸਾਨਾਂ ਵਲੋਂ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਲਈ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ ਵਿੱਚ ਪੂਰਨ ਸਹਿਯੋਗ ਕਰਨ ਦੀ ਆਸ ਪ੍ਰਗਟਾਈ।

LEAVE A REPLY

Please enter your comment!
Please enter your name here