ਪਰਾਲੀ ਦੇ ਸੁਚਾਰੂ ਪ੍ਰਬੰਧਾਂ ਲਈ ਗ੍ਰਾਮ ਪੰਚਾਇਤਾਂ ਤੇ ਸਹਿਕਾਰੀ ਸਭਾਵਾਂ ਆਉਣ ਅੱਗੇ: ਡਾ. ਗੁਰਦੇਵ ਸਿੰਘ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੇਵ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਸਾਉਣੀ-2023 ਦੌਰਾਨ ਜ਼ਿਲ੍ਹਾ ਹੁਸ਼ਿਆਰਪੁਰ ਨੂੰ ‘ਜ਼ੀਰੋ ਬਰਨਿੰਗ’ ਦਾ ਟੀਚਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿਚ ਕਮੀ ਆ ਰਹੀ ਹੈ, ਜਿਸ ਦਾ ਸਿਹਰਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਵੀਨਤਮ ਖੇਤੀ ਮਸ਼ੀਨਾਂ ਦੀ ਵਰਤੋਂ ਕਰਕੇ ਪਰਾਲੀ ਦੀ ਖੇਤਾਂ ਵਿਚ ਤੇ ਖੇਤਾਂ ਤੋਂ ਬਾਹਰ ਸੁਚਾਰੂ ਸੰਭਾਲ ਕੀਤੀ ਜਾ ਸਕਦੀ ਹੈ।

Advertisements

ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਸਰਕਾਰ ਵਲੌਂ ਫ਼ਸਲਾਂ ਦੀ ਰਹਿੰਦ-ਖੂਹੰਦ ਅਤੇ ਪਰਾਲੀ ਦੀ ਸੰਭਾਲ ਲਈ ਸਹਾਇਕ ਖੇਤੀ ਮਸ਼ੀਨਾਂ ਜਿਵੇਂ ਕਿ ਬੇਲਰ, ਰੇਕ, ਹੈਪੀ ਸੀਡਰ, ਸੁਪਰ ਸੀਡਰ, ਸੁਪਰ ਐਸ.ਐਮ.ਐਸ, ਜੀਰੋ ਟਿਲ ਡਰਿੱਲ, ਉਲਟਾਵਾਂ ਪਲਾਓ, ਪੈਡੀ ਸਟਰਾਅ ਚੋਪਰ/ਸ਼ਰੈਡਰ/ਮਲਚਰ, ਕ੍ਰਾਪ ਰੀਪਰ, ਸ਼ਰੱਬ ਮਾਸਟਰ/ਰੋਟਰੀ ਸਲੈਸ਼ਰ, ਸਮਾਰਟ ਸੀਡਰ ਦੀ ਖਰੀਦ ’ਤੇ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਖੇਤੀ ਮਸ਼ੀਨਰੀ ’ਤੇ ਸਬਸਿਡੀ ਮੁਹੱਈਆ ਕਰਵਾਉਣ ਲਈ ਕਿਸਾਂਨਾਂ ਤੋਂ ਆਨਲਾਈਨ ਬਿਨੈ ਪੱਤਰਾਂ ਦੀ ਮੰਗ ਪੰਜਾਬ ਦੇ ਐਗਰੀ ਮਸ਼ੀਨਰ ਪੋਰਟਲ (https://agrimachinerypb.com) ’ਤੇ 20 ਜੁਲਾਈ ਤੱਕ ਕੀਤੀ ਗਈ ਹੈ।

ਉਨ੍ਹਾਂ ਇਸ ਸਬੰਧੀ ਜ਼ਿਲ੍ਹੇ ਦੀ ਸਮੂਹ ਗ੍ਰਾਮ ਪੰਚਾਇਤ ਤੇ ਪਿੰਡ ਪੱਧਰ ’ਤੇ ਬਹੁਮੰਤਵੀ ਸਹਿਕਾਰੀ ਸਭਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਤਹਿਤ ਮਸ਼ੀਨਰੀ ਦੇ ਕਸਟਮ ਹਾਇਰਿੰਗ ਸੈਂਟਰ ਦੀ ਸਥਾਪਨਾ ਕਰਕੇ ਸਰਕਾਰ ਤੋਂ ਵਿਅਕਤੀਗਤ ਤੌਰ ’ਤੇ ਮਿਲਣ ਵਾਲੀ ਸਬਸਿਡੀ ਦਾ ਵੱਧ ਤੋਂ ਵੱਧ ਲਾਭ ਲੈਂਦੇ ਹੋਏ ਪਰਾਲੀ ਦੇ ਸੁਚਾਰੂ ਨਿਪਟਾਰੇ ਲਈ ਆਪਣਾ ਸਹਿਯੋਗ ਦੇਣ।
ਡਾ. ਗੁਰਦੇਵ ਸਿੰਘ ਨੇ ਕਿਹਾ ਕਿ ਕਿਸਾਨ ਖਾਸ ਤੌਰ ’ਤੇ ਛੋਟੇ ਤੇ ਸੀਮਾਂਤ ਕਿਸਾਨ ਇਨ੍ਹਾਂ ਕਸਟਮ ਹਾਇਰਿੰਗ ਸੈਂਟਰਾਂ ਵਿਚ ਉਪਲਬੱਧ ਮਸ਼ੀਨਾਂ ਨੂੰ ਕਿਰਾਏ ’ਤੇ ਲੈ ਕੇ ਵਰਤੋਂ ਕਰਨ ਉਪਰੰਤ ਪਰਾਲੀ ਨੂੰ ਸੰਭਾਲ ਸਕਣਗੇ ਅਤੇ ਨਾਲ ਹੀ ਮਸ਼ੀਨਾਂ ਦੀ ਵਰਤੋਂ ਮਸ਼ੀਨਾਂ ਦੀ ਸਮਰੱਥਾ ਅਨੁਸਾਰ ਹੋ ਸਕੇਗੀ। ਇਸ ਨਾਲ ਵੱਧ ਤੋਂ ਵੱਧ ਕਿਸਾਨ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਕਰ ਸਕਣਗੇ। ਇਸ ਤੋਂ ਇਲਾਵਾ ਇਨ੍ਹਾਂ ਕਸਟਮ ਹਾਇਰਿੰਗ ਸੈਂਟਰਾਂ ਦੀ ਸਥਾਪਨਾ ਨਾਲ ਵੱਧ ਕੀਮਤ ਵਾਲੀਆਂ ਮਸ਼ੀਨਾਂ ਦੀ ਖਰੀਦ ਨਾਲ ਵਿਅਕਤੀਗਤ ਕਿਸਾਨਾਂ ’ਤੇ ਪੈ ਰਹੇ ਵਿੱਤੀ ਬੋਝ ਤੋਂ ਨਿਜ਼ਾਤ ਮਿਲੇਗੀ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਪੱਧਰ ’ਤੇ ਇਕੱਤਰ ਹੋ ਕੇ  ਕਿਸਾਨ ਸਮੂਹ/ਸੋਸਾਇਟੀਆਂ ਤੇ ਕਿਸਾਨ ਉਤਪਾਦਕ ਸੰਗਠਨ (ਐਫ.ਪੀ.ਓ) ਬਣਾ ਕੇ ਇਸ ਸਕੀਮ ਦਾ ਲਾਭ ਲੈ ਸਕਦੇ ਹਨ।

ਉਨ੍ਹਾਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ  ਵੱਧ ਤੋਂ ਵੱਧ ਕਿਸਾਨ ਇਸ ਸਕੀਮ ਤਹਿਤ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਦਾ ਲਾਭ ਪ੍ਰਾਪਤ ਕਰਨ, ਤਾਂ ਜੋ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਪ੍ਰਥਾ ਬੰਦ ਹੋ ਸਕੇ ਅਤੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਕੀਮ ਸਬੰਧੀ ਵਧੇਰੇ ਜਾਣਕਾਰੀ ਲਈ ਕਿਸਾਨ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ/ਸਹਾਇਕ ਖੇਤੀ ਇੰਜੀਨੀਅਰ (ਉਪਕਰਨ) ਜਾਂ ਮੁੱਖ ਖੇਤੀਬਾੜੀ ਦਫ਼ਤਰ ਵਿਚ ਸੰਪਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here