ਭਾਸ਼ਾ ਵਿਭਾਗ ਨੇ ਦੁਕਾਨਾਂ ਦੇ ਬੋਰਡ ਪੰਜਾਬੀ ਵਿੱਚ ਲਿਖਵਾਉਣ ਲਈ ਕੀਤੀ ਵਪਾਰ ਮੰਡਲ ਨਾਲ ਮੀਟਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਸਥਾਨਕ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਨੇ ਜ਼ਿਲ੍ਹੇ ਦੀਆਂ ਦੁਕਾਨਾਂ ਦੇ ਬੋਰਡ ਪੰਜਾਬੀ ਭਾਵ ਗੁਰਮੁਖੀ ਵਿੱਚ ਲਿਖਵਾਉਣ ਲਈ ਜ਼ਿਲ੍ਹਾ ਵਪਾਰ ਮੰਡਲ ਦੇ ਪ੍ਰਧਾਨ ਗੋਪੀ ਚੰਦ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਅਦਾਰਿਆਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਜਸਵੰਤ ਰਾਏ ਖੋਜ ਅਫ਼ਸਰ ਨੇ ਰਾਜ ਭਾਸ਼ਾ ਐਕਟ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਅਤੇ ਮਾਂ ਬੋਲੀ ਨਾਲ ਸਾਡੀਆਂ ਸਿਰਫ਼ ਜੜ੍ਹਾਂ ਹੀ ਨਹੀਂ ਲਗਦੀਆਂ ਸਗੋਂ ਸਾਡੀ ਹੋਂਦ ਵੀ ਬਰਕਰਾਰ ਰਹਿੰਦੀ ਹੈ। ਇਸ ਗੱਲ ਨੂੰ ਭਾਸ਼ਾ ਅਤੇ ਮਨੋਵਿਗਿਆਨੀ ਵੀ ਸਿੱਧ ਕਰ ਚੁੱਕੇ ਹਨ।

Advertisements

ਮਾਂ ਬੋਲੀ ਨਾਲ ਹੀ ਮਨੱੁਖ ਅੰਦਰ ਆਤਮ ਵਿਸ਼ਵਾਸ ਅਤੇ ਆਪਣੇਪਨ ਦੀ ਭਾਵਨਾ ਪੈਦਾ ਹੁੰਦੀ ਹੈ ਜਿਹੜੀ ਕਿਸੇ ਵੀ ਅਦਾਰੇ ਦੀ ਸਫ਼ਲਤਾ ਦਾ ਰਾਜ਼ ਹੁੰਦੀ ਹੈ। ਆਪਣੀ ਮਾਂ ਬੋਲੀ ਦੇ ਮਾਣ- ਸਤਿਕਾਰ ਅਤੇ ਇਸਦੇ ਬਣਦੇ ਹੱਕ ਅਨੁਸਾਰ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਆਪਣੀਆਂ ਦੁਕਾਨਾਂ ਦੇ ਬੋਰਡ ਪੰਜਾਬੀ ਭਾਸ਼ਾ ਭਾਵ ਗੁਰਮੁਖੀ ਵਿੱਚ ਲਿਖਵਾਏ ਜਾਣ। ਬੋਰਡ ਦੀ ਸਭ ਤੋਂ ਉਪਰਲੀ ਪੱਟੀ ’ਤੇ ਨਾਂ ਮੋਟੇ ਫੌਂਟ ਵਿੱਚ ਪੰਜਾਬੀ ਭਾਸ਼ਾ ਵਿੱਚ ਹੋਵੇ ਉਸ ਤੋਂ ਹੇਠਾਂ ਥੋੜ੍ਹੇ ਛੋਟੇ ਫੌਂਟ ਵਿੱਚ ਤੁਸੀਂ ਕਿਸੇ ਵੀ ਹੋਰ ਭਾਸ਼ਾ ਵਿੱਚ ਲਿਖਵਾ ਸਕਦੇ ਹੋ।

ਮੰਡਲ ਦੇ ਪ੍ਰਧਾਨ ਗੋਪੀ ਚੰਦ ਨੇ ਸਰਕਾਰ ਅਤੇ ਭਾਸ਼ਾ ਵਿਭਾਗ ਦੇ ਇਸ ਉਪਰਾਲੇ ਨੂੰ ਇੱਕ ਚੰਗੀ ਪਹਿਲਕਦਮੀ ਦੱਸਦਿਆਂ ਕਿਹਾ ਕਿ ਭਾਵੇਂ ਇਹ ਇੱਕ ਵੱਡਾ ਪ੍ਰੋਜੈਕਟ ਹੈ ਤੇ ਇਸ ਨੂੰ ਕੁਝ ਸਮਾਂ ਵੀ ਲੱਗ ਸਕਦਾ ਹੈ ਪਰ ਆਪਾਂ ਇਸ ਕਾਰਜ ਨੂੰ ਪਹਿਲ ਦੇ ਅਧਾਰ ’ਤੇ ਬੋਰਡਾਂ ਦੇ ਨਾਂ ਪੰਜਾਬੀ ਵਿੱਚ ਲਿਖਵਾਉਣ ਦੀ ਮੁਹਿੰਮ ਵਿੱਢਦੇ ਹਾਂ। ਇਸ ਮੌਕੇ ਬਰਜਿੰਦਰਜੀਤ ਸਿੰਘ ਪ੍ਰਧਾਨ ਫੋਟੋਗ੍ਰਾਫਰ ਐਸੋਸੀਏਸ਼ਨ, ਰਾਜਨ ਗੁਪਤਾ ਹੋਲਸੇਲ ਕਰਿਆਨਾ, ਰਾਕੇਸ਼ ਭਾਰਦਵਾਜ਼ ਜਨਰਲ ਸਕੱਤਰ ਵਪਾਰ ਮੰਡਲ ਤੇ ਹੋਲਸੇਲ ਮਨਿਆਰੀ ਯੂਨੀਅਨ, ਅਨੂਪ ਕੁਮਾਰ ਜੈਨ ਹੋਲਸੇਲ ਸ਼ਰਾਫ਼ਾ ਅਸੋਸੀਏਸ਼ਨ, ਸੁਨੀਲ ਵਰਮਾ ਕੰਪਿਊਟਰ ਐਸੋਸੀਏਸ਼ਨ, ਚੰਦਰ ਮੋਹਨ ਇਲੈਕਟ੍ਰਿਕ ਐਸੋਸੀਏਸ਼ਨ, ਭੂਸ਼ਨ ਕੁਮਾਰ ਪਲਾਸਟਿਕ ਬੈਗ ਐਸੋਸੀਏਸ਼ਨ, ਸਤਿੰਦਰਪਾਲ ਸਿੰਘ ਰੱਸਾ ਵਣ ਐਸੋਸੀਏਸ਼ਨ, ਸੁਸ਼ੀਲ ਕੁਮਾਰ ਸਵਰਨਕਾਰ ਸੰਘ, ਪਵਨ ਕੁਮਾਰ ਆਦਿ ਅਹੁਦੇਦਾਰਾਂ ਨੇ ਵੀ ਇਸ ਅਹਿਮ ਮੁੱਦੇ ਪ੍ਰਤੀ ਭਰੋਸਾ ਪ੍ਰਗਟ ਕਰਦਿਆਂ ਵਿਚਾਰ ਰੱਖੇ। ਮੀਟਿੰਗ ਵਿੱਚ ਧੰਨਵਾਦੀ ਸ਼ਬਦ ਬੜੇ ਭਾਵਪੂਰਤ ਢੰਗ ਨਾਲ ਵਪਾਰ ਮੰਡਲ ਦੇ ਪ੍ਰਧਾਨ ਗੋਪੀ ਚੰਦ ਨੇ ਆਖੇ।

LEAVE A REPLY

Please enter your comment!
Please enter your name here