ਜ਼ਮੀਨ ਗ੍ਰਹਿਣ ਮਾਮਲਾ: ਭਾਰੀ ਪੁਲੀਸ ਬੰਦੋਬਸਤ ਨਾਲ ਪੈਲੇਸ ਦਾ ਦਖ਼ਲ ਲੈਣ ਪੁੱਜੇ ਪ੍ਰਸ਼ਾਸਨ ਅਤੇ ਜਮੀਨ ਮਾਲਕਾਂ ਵਿਚਾਲੇ ਟਕਰਾਅ ਟਲਿਆ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ । ਬਲਾਕ ਦੇ ਸਰਹੱਦੀ ਪਿੰਡ ਭਟੌਲੀ, ਭਵਨੌਰ, ਰਾਮਗ, ਸੀਕਰੀ, ਕਰਟੌਲੀ ਅਤੇ ਨੰਗਲ ਖਨੌੜਾ ਦੇ ਵਾਸੀ ਤਜਵੀਜ਼ਤ ਨੰਗਲ ਡੈਮ- ਤਲਵਾੜਾ ਵਾਇਆ ਊਨਾ ਰੇਲ ਪ੍ਰਾਜੈਕਟ ਲਈ ਗ੍ਰਹਿਣ ਕੀਤੀ ਜਾ ਰਹੀ ਜ਼ਮੀਨ ਦੇ ਵਾਜਬ ਭਾਅ ਅਤੇ ਕਥਿਤ ਬੇਨਿਯਮੀਆਂ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ। ਅੱਜ ਸਥਿਤੀ ਉਸ ਵਕਤ ਤਣਾਅ ਪੂਰਨ ਬਣ ਗਈ, ਜਦੋਂ ਐਸਡੀਐਮ ਮੁਕੇਰੀਆਂ ਅਸ਼ੋਕ ਕੁਮਾਰ ਭਾਰੀ ਪੁਲੀਸ ਬੰਦੋਬਸਤ ਨਾਲ ਪਿੰਡ ਕਰਟੌਲੀ ਵਿਖੇ ਬਣਨ ਵਾਲੇ ਰੇਲਵੇ ਸਟੇਸ਼ਨ ’ਚ ਆਉਂਦੇ ਵਿਸ਼ਾਲ ਮੈਰਿਜ ਪੈਲੇਸ ’ਤੇ ਕਬਜ਼ਾ ਲੈਣ ਪਹੁੰਚੇ, ਪਰ ਜ਼ਮੀਨ ਮਾਲਕਾਂ ਦੀ ਇੱਕਜੁਟਤਾ, ਸਾਬਕਾ ਕਾਂਗਰਸੀ ਵਿਧਾਇਕ ਅਰੁਣ ਡੋਗਰਾ, ਸੀਨੀਅਰ ਭਾਜਪਾ ਆਗੂ ਐਡ ਰਾਜਗੁਲਜਿੰਦਰ ਸਿੱਧੂ, ਜ਼ਮਹੂਰੀ ਕਿਸਾਨ ਸਭਾ,ਇਕਾਈ ਮੁਕੇਰੀਆਂ ਤੋਂ ਦੀਪਕ ਠਾਕੁਰ ਸਮੇਤ ਹੋਰ ਮੋਹਤਬਰਾਂ ਦੇ ਦਖ਼ਲ ਮਗਰੋਂ ਪ੍ਰਸ਼ਾਸਨ ਨੇ ਪੈਲੇਸ ਦੇ ਮਾਲਕ ਲੰਬੜਦਾਰ ਸੰਜੀਵ ਕੁਮਾਰ ਉਰਫ਼ ਬੱਲੂ ਨੂੰ 15 ਦਿਨ ਦੀ ਮਹੌਲਤ ਦੇ ਕੇ ਮਾਮਲਾ ਸ਼ਾਂਤ ਕੀਤਾ।
ਲੰਬੜਦਾਰ ਬੱਲੂ ਨੇ ਰੇਲਵੇ ਲਈ ਕੀਤੀ ਜਾ ਰਹੀ ਜ਼ਮੀਨ ਗ੍ਰਹਿਣ ’ਚ ਵੱਡੇ ਪੱਧਰ ’ਤੇ ਬੇਨਿਯਮੀਆਂ ਹੋਣ ਦਾ ਖੁਲਾਸਾ ਕੀਤਾ। ਸਰਪੰਚ ਅਸ਼ਵਨੀ ਕੁਮਾਰ, ਸਰਪੰਚ ਸੁਰੇਸ਼ ਠਾਕੁਰ, ਦਿਨੇਸ਼ ਸ਼ਰਮਾ, ਸੁਨੀਲ ਕੌਸ਼ਲ, ਗੁਰਦਿੱਤ ਆਦਿ ਨੇ ਦਸਿਆ ਕਿ ਪ੍ਰਸ਼ਾਸਨ ਮਾਲਕਾਂ ਤੋਂ 867 ਤੋਂ 4600 ਰੁਪਏ ਪ੍ਰਤੀ ਮਰਲੇ ਦੇ ਹਿਸਾਬ ਨਾਲ ਜ਼ਬਰੀ ਜ਼ਮੀਨ ਲੈ ਰਿਹਾ ਹੈ। ਜਦਕਿ ਵਾਜਬ ਭਾਅ ਲੈਣ ਲਈ ਪੀੜਤਾਂ ਦੀ ਕੰਢੀ ਏਰੀਆ ਰੇਲਵੇ ਪ੍ਰਭਾਵਿਤ ਸੰਘਰਸ਼ ਕਮੇਟੀ ਦੇ ਬੈਨਰ ਹੇਠਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਅਫਸੋਸ ਦੀ ਗੱਲ ਹੈ ਕਿ ਮੀਟਿੰਗਾਂ ’ਚ ਕੀਤੇ ਫੈਸਲੇ ਲਾਗੂ ਕਰਨ ’ਚ ਪ੍ਰਸ਼ਾਸਨ ਹੁਣ ਤੱਕ ਨਾਕਾਮ ਰਿਹਾ ਹੈ। ਲੋਕਾਂ ’ਚ ਪ੍ਰਸ਼ਾਸਨ ਅਤੇ ਸਰਕਾਰ ਪ੍ਰਤੀ ਡਾਹਢਾ ਰੋਸ ਹੈ, ਮਹਿਕਮਾ ਮਾਲ ਦੀਆਂ ਗਲਤੀਆਂ ਦਾ ਖਮਿਆਜ਼ਾ ਲੋਕ ਭੁਗਤ ਰਹੇ ਹਨ, ਅਤੇ ਹੁਣ ਪ੍ਰਸ਼ਾਸਨ ਧੱਕੇ ’ਤੇ ਉਤਰ ਆਇਆ ਹੈ।

Advertisements

ਸੇਵਾ ਮੁਕਤ ਮਾਸਟਰ ਦੀਵਾਨ ਚੰਦ ਨੇ ਦਸਿਆ ਕਿ ਪ੍ਰਸ਼ਾਸਨ ਵੱਲੋਂ ਜ਼ਮੀਨ ਗ੍ਰਹਿਣ ਲਈ ਕੀਤੇ ਅਵਾਰਡ ’ਚ ਉਸਦੀ ਰਸੋਈ ਦਾ ਹੀ ਮੁਆਵਾਜਾ ਦਿੱਤਾ ਗਿਆ, ਪਰ ਰੇਲਵੇ ਵਿਭਾਗ ਨੇ ਉਸਦਾ ਸਾਰਾ ਮਕਾਨ ਹੀ ਤੋੜ ਦਿੱਤਾ ਹੈ, ਅਤੇ ਉਹ ਹੁਣ ਆਪਣੇ ਪਰਿਵਾਰ ਨਾਲ ਟੈਂਟ ’ਚ ਰਹਿ ਰਿਹਾ ਹੈ। ਮੈਰਿਜ ਪੈਲੇਸ ਦੇ ਮਾਲਕ ਲੰਬੜਦਾਰ ਸੰਜੀਵ ਕੁਮਾਰ ਬੱਲੂ ਨੇ ਦਸਿਆ ਕਿ ਉਸਦਾ ਪੈਲੇਸ 4 ਕਨਾਲ 14 ਮਰਲੇ ’ਚ ਹੈ, ਜਦਕਿ ਪ੍ਰਸ਼ਾਸਨ ਨੇ ਤਿੰਨ ਕਨਾਲ ਦਾ ਅਵਾਰਡ ਕੀਤਾ ਹੈ। ਜ਼ਮੀਨ ਗ੍ਰਹਿਣ ਐਕਟ ਤਹਿਤ ਰਾਜ ਮਾਰਗ ਨਾਲ ਲੱਗਦੀ ਦੋ ਕਿੱਲੇ ਜ਼ਮੀਨ ਦੀ ਕਿਸਮ ਕਮਰਸ਼ਿਅਲ ਮੰਨਣ ਦੀ ਸ਼ਰਤ ਨੂੰ ਪ੍ਰਸ਼ਾਸਨ ਨੇ ਲਾਗੂ ਨਹੀਂ ਕੀਤਾ। ਮਾਲਕਾਂ ਨੂੰ ਸਹੀ ਭਾਅ ਨਹੀਂ ਮਿਲਿਆ। ਇਸ ਮੌਕੇ ਐਸਡੀਐਮ ਮੁਕੇਰੀਆਂ ਅਸ਼ੋਕ ਕੁਮਾਰ ਨੇ ਕਿਹਾ ਕਿ ਉਨ੍ਹਾਂ ਪਿਛਲੇ ਮਹੀਨੇ ਹੀ ਜੁਆਇਨ ਕੀਤਾ ਹੈ, ਮਾਮਲੇ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ।

ਉਨ੍ਹਾਂ ਪੀੜਤਾਂ ਨੂੰ ਆਪਣੀਆਂ ਸਮਸਿਆਵਾਂ ਲਿਖਤੀ ਰੂਪ ’ਚ ਮੁੜ ਦਫ਼ਤਰ ਦੇਣ ਦੀ ਅਪੀਲ ਕਰਦਿਆਂ ਇੱਕ ਇੱਕ ਕਰਕੇ ਹੱਲ ਕਰਨ ਦਾ ਭਰੋਸਾ ਦਿੱਤਾ। ਐਸਡੀਐਮ ਨੇ ਲਿਖਤੀ ਸਮਝੌਤੇ ਉਪਰੰਤ ਪੈਲੇਸ ਮਾਲਕ ਲੰਬੜਦਾਰ ਨੂੰ 15 ਦਿਨ ਦੀ ਮਹੌਲਤ ਦਿੱਤੀ, ਪ੍ਰਸ਼ਾਸਨ ਦੀ ਮੌਜ਼ੂਦਗੀ ’ਚ ਰੇਲਵੇ ਅਧਿਕਾਰੀ ਨੇ ਪੈਲੇਸ ਦੇ ਗੇਟ ਨੂੰ ਰਸਮੀ ਤੌਰਤੇ ਜਿੰਦਰਾ ਲਗਾ ਕੇ ਦਖ਼ਲ ਦੀ ਕਾਰਵਾਈ ਨੂੰ ਪੂਰਾ ਕੀਤਾ। ਉਧਰ ਮਾਲਕਾਂ ਨੇ ਜ਼ਮੀਨ ਦਾ ਵਾਜਬ ਭਾਅ ਮਿਲਣ ਤੱਕ ਸੰਘਰਸ਼ ਜ਼ਾਰੀ ਰੱਖਣ ਦਾ ਐਲਾਨ ਕੀਤਾ ਹੈ। ਇਸ ਮੌਕੇ ਉਨ੍ਹਾਂ ਨਾਲ ਤਹਿਸੀਲਦਾਰ ਮੁਕੇਰੀਆਂ ਅਮ੍ਰਿਤਵੀਰ ਸਿੰਘ, ਡੀਐਸਪੀ ਦਸੂਹਾ ਹਰਕ੍ਰਿਸ਼ਨ ਸਿੰਘ, ਥਾਣਾ ਤਲਵਾੜਾ ਮੁਖੀ ਹਰਗੁਰਦੇਵ ਸਿੰਘ, ਨਾਇਬ ਤਹਿਸਲੀਦਾਰ ਉਂਕਾਰ ਸਿੰਘ, ਰੇਲਵੇ ਵਿਭਾਗ ਤੋਂ ਨਾਇਬ ਤਹਿਸੀਲਦਾਰ ਨਿਰਮਲ ਸਿੰਘ ਸਮੇਤ ਵੱਡੀ ਗਿਣਤੀ ਪੰਜਾਬ ਪੁਲੀਸ ਦੇ ਮੁਲਾਜ਼ਮ ਅਤੇ ਪਿੰਡ ਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here