ਡਿਪਟੀ ਕਮਿਸ਼ਨਰ ਵੱਲੋਂ ਪਾਤੜਾਂ ਦੇ ਪਿੰਡ ਕਲਵਾਣੂ ਦਾ ਦੌਰਾ

ਪਾਤੜਾਂ/ਪਟਿਆਲਾ (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਾਤੜਾਂ ਦੇ ਪਿੰਡ ਕਲਵਾਣੂ ਦਾ ਦੌਰਾ ਕੀਤਾ ਅਤੇ ਝੋਨੇ ਦੀ ਖੜੀ ਫ਼ਸਲ ਦਾ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ ਹੜ੍ਹਾਂ ਦੌਰਾਨ ਪਿੰਡ ਕਲਵਾਣੂ ਸਮੇਤ ਆਲੇ ਦੁਆਲੇ ਦੇ ਪਿੰਡਾਂ ਦੀ ਫ਼ਸਲ ਦਾ ਨੁਕਸਾਨ ਹੋਇਆ ਸੀ ਤੇ ਕਿਸਾਨਾਂ ਨੂੰ ਝੋਨੇ ਦੀ ਲਵਾਈ ਦੁਬਾਰਾ ਕਰਨੀ ਪਈ ਸੀ। ਇਸ ਮੌਕੇ ਉਨ੍ਹਾਂ ਦੇ ਨਾਲ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ ਵੀ ਮੌਜੂਦ ਸਨ।

Advertisements


ਸਾਕਸ਼ੀ ਸਾਹਨੀ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਹੜ੍ਹਾਂ ਤੋਂ ਬਾਅਦ ਲਾਏ ਝੋਨੇ ਸਬੰਧੀ ਜਾਣਕਾਰੀ ਲਈ ਜਿਸ ‘ਤੇ ਕਿਸਾਨਾਂ ਵੱਲੋਂ ਸੰਤੁਸ਼ਟੀ ਦਾ ਪ੍ਰਗਟਾਵਾਂ ਕਰਦਿਆਂ ਦੱਸਿਆ ਗਿਆ ਕਿ ਦੁਬਾਰਾ ਝੋਨੇ ਦੀ ਲਵਾਈ ਦੇ ਬਾਵਜੂਦ ਵੀ ਇਸ ਵਾਰ ਫ਼ਸਲ ਦੀ ਪੈਦਾਵਾਰ ਪ੍ਰਤੀ ਏਕੜ ਜ਼ਿਆਦਾ ਹੋਣ ਦੀ ਉਮੀਦ ਹੈ। ਕਿਸਾਨਾਂ ਨੇ ਦੱਸਿਆ ਕਿ ਦੁਬਾਰਾ ਝੋਨਾ ਲਗਾਉਣ ਸਮੇਂ ਡਰ ਸੀ ਕਿ ਇਸ ਵਾਰ ਝੋਨੇ ਦਾ ਝਾੜ ਘੱਟ ਹੋਵੇਗਾ ਪਰ ਫ਼ਸਲ ਦਾ ਮਿਆਰ ਅਤੇ ਝਾੜ ਇਸ ਵਾਰ ਪਹਿਲਾਂ ਨਾਲੋਂ ਵੀ ਚੰਗਾ ਦੇਖਣ ਨੂੰ ਮਿਲ ਰਿਹਾ ਹੈ।


ਇਸ ਮੌਕੇ ਪਿੰਡ ਕਲਵਾਣੂ ਦੇ ਅਗਾਂਹਵਧੂ ਕਿਸਾਨ ਰਣਧੀਰ ਸਿੰਘ ਨੇ ਦੱਸਿਆ ਕਿ ਜੁਲਾਈ ਦੌਰਾਨ ਆਏ ਹੜ੍ਹਾਂ ‘ਚ ਉਨ੍ਹਾਂ ਦੀ ਫ਼ਸਲ ਮਰ ਗਈ ਸੀ, ਉਸ ਤੋਂ ਬਾਅਦ ਲਾਈ ਫ਼ਸਲ ਚੰਗੀ ਹੋਈ ਹੈ ਤੇ ਆਉਂਦੇ ਦਿਨਾਂ ਵਿੱਚ ਵਾਢੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਫ਼ਸਲ ਦਾ ਮਿਆਰ ਇਸ ਵਾਰ ਉੱਚ ਕੁਆਲਟੀ ਦਾ ਦੇਖਣ ਨੂੰ ਮਿਲਿਆ ਹੈ।


ਪਿੰਡ ਕਲਵਾਣੂ ਵਿਖੇ ਹਾਜ਼ਰ ਕਿਸਾਨਾਂ ਨੂੰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਰਾਲੀ ਪ੍ਰਬੰਧਨ ਲਈ ਇੰਨ ਸੀਟੂ ਅਤੇ ਐਕਸ ਸੀਟੂ ਤਕਨੀਕਾਂ ਦੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਤਕਨੀਕਾਂ ਨਾਲ ਜਿਥੇ ਵਾਤਾਵਰਣ ਦੂਸ਼ਿਤ ਹੋਣ ਤੋਂ ਬਚਦਾ ਹੈ, ਉਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ। ਇਸ ਮੌਕੇ ਉਨ੍ਹਾਂ ਪਿੰਡ ਕਲਵਾਣੂ ਦੇ ਕਿਸਾਨ ਰਣਧੀਰ ਸਿੰਘ ਤੇ ਬਲਜਿੰਦਰ ਸਿੰਘ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ।


ਇਸ ਮੌਕੇ ਸਿੱਖ ਬੁੱਧੀਜੀਵੀ ਤੇ ਪੰਜਾਬੀ ਯੂਨੀਵਰਸਿਟੀ ਦੇ ਦੇਹਰਾਦੂਨ ਕੈਂਪ ਦੇ ਸਾਬਕਾ ਡਾਇਰੈਕਟਰ ਡਾ. ਹਰਭਜਨ ਸਿੰਘ, ਖੇਤੀਬਾੜੀ ਵਿਸਥਾਰ ਅਫ਼ਸਰ ਰਵਿੰਦਰਪਾਲ ਸਿੰਘ ਚੱਠਾ, ਇੰਦਰਜੀਤ ਸਿੰਘ ਸਮੇਤ ਵੱਡੀ ਗਿਣਤੀ ਕਿਸਾਨ ਮੌਜੂਦ ਸਨ।

LEAVE A REPLY

Please enter your comment!
Please enter your name here