ਵਧੇਰੇ ਪੈਦਾਵਾਰ ਲਈ ਕਣਕ ਦੀ ਫਸਲ ਵਿੱਚੋਂ ਨਦੀਨਾਂ ਦੀ ਰੋਕਥਾਮ ਕਰਨ ਦੀ ਜ਼ਰੂਰਤ: ਡਾ. ਅਮਰੀਕ

ਗੁਰਦਾਸਪੁਰ, ( ਦ ਸਟੈਲਰ ਨਿਊਜ਼): ਜੇਕਰ ਕਣਕ ਦੀ ਫਸਲ ਵਿੱਚੋਂ ਨਦੀਨਾਂ ਦੀ ਸਹੀ ਸਮੇਂ ਤੇ ਸਹੀ ਤਕਨੀਕ ਵਰਤ ਕੇ ਰੋਕਥਾਮ ਨਾ ਕੀਤੀ ਜਾਵੇ ਤਾਂ ਕਣਕ ਦੀ ਪੈਦਾਵਾਰ ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਹ ਪ੍ਰਗਟਾਵਾ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਸਿਖਲਾਈ ਅਫ਼ਸਰ ਡਾ. ਅਮਰੀਕ ਸਿੰਘ ਨੇ ਬਲਾਕ ਡੇਰਾ ਬਾਬਾ ਨਾਨਕ ਦੇ ਪਿੰਡ ਰਾਏਚਕ ਵਿੱਚ ਕਿਸਾਨਾਂ ਨੂੰ ਕਣਕ ਦੀ ਫਸਲ ਵਿੱਚੋਂ ਨਦੀਨਾਂ ਦੀ ਸਰਬਪੱਖੀ ਰੋਕਥਾਮ ਬਾਰੇ ਜਾਣਕਾਰੀ ਦਿੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਣਕ ਦੀ ਫਸਲ ਵਿੱਚੋਂ ਨਦੀਨਾਂ ਦੇ ਖਾਤਮੇ ਲਈ ਸਿਰਫ ਨਦੀਨਨਾਸ਼ਕਾਂ ਦੀ ਵਰਤੋਂ ਕਰਕੇ ਹੀ ਰੋਕਥਾਮ ਨਹੀਂ ਕਰਨੀ ਚਾਹੀਦੀ ਸਗੋਂ ਨਦੀਨਾਂ ਦੀ ਸਰਬਪੱਖੀ ਤਕਨੀਕ ਵਰਤ ਕੇ ਰੋਕਥਾਮ ਕਰਨੀ ਚਾਹੀਦੀ ਹੈ।

Advertisements

ਡਾ. ਅਮਰੀਕ ਸਿੰਘ ਨੇ ਕਿਹਾ ਕਿ ਜਿਨ੍ਹਾਂ ਖੇਤਾਂ ਵਿੱਚ ਗੁੱਲੀ-ਡੰਡੇ ਦੀ ਵਧੇਰੇ ਸਮੱਸਿਆ ਹੈ ਉਥੇ ਨਵੰਬਰ ਦੇ ਪਹਿਲੇ ਹਫਤੇ ਦੌਰਾਨ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ ਅਤੇ ਜਿਨ੍ਹਾਂ ਖੇਤਾਂ ਵਿੱਚ ਜੰਗਲੀ ਜਵੀ ਦੀ ਸਮੱਸਿਆ ਵਧੇਰੇ ਹੋਵੇ, ਉਥੇ ਅਗੇਤੀ ਬਿਜਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਸਮੇਂ ਤਾਪਮਾਨ ਵਧੇਰੇ ਹੋਣ ਕਾਰਨ ਜੰਗਲੀ ਜਵੀ ਦੇ ਬੀਜ ਵਧੇਰੇ ਉੱਗਦੇ ਹਨ। ਉਨ੍ਹਾਂ ਦੱਸਿਆ ਕਿ ਕਣਕ ਦੀ ਫਸਲ ਵਿੱਚੋਂ ਨਦੀਨਾਂ ਦੀ ਰੋਕਥਾਮ, ਕਣਕ ਦੀ ਬਿਜਾਈ, ਖੇਤ ਨੂੰ ਬਿਨਾਂ ਵਾਹੇ ਅਤੇ ਝੋਨੇ ਦੀ ਪਰਾਲੀ ਖੇਤ ਵਿੱਚ ਰੱਖ ਕੇ ਹੈਪੀ ਸੀਡਰ ਨਾਲ ਕਰਕੇ ਵੀ ਕੀਤੀ ਜਾ ਸਕਦੀ ਹੈ ਕਿਉਂਕਿ ਖੇਤ ਦੀ ਮਿੱਟੀ ਉੱਪਰ ਪਰਾਲੀ ਦੀ ਤਹਿ ਹੋਣ ਕਾਰਨ ਨਦੀਨ ਖਾਸ ਕਰਕੇ ਗੁੱਲੀ ਡੰਡਾ ਅਤੇ ਹੋਰ ਘਾਹ ਵਾਲੇ ਨਦੀਨ ਬਹੁਤ ਘੱਟ ਉਗਦੇ ਹਨ।

ਉਨ੍ਹਾਂ ਦੱਸਿਆ ਕਿ ਸਰਫ਼ੇਸ ਸੀਡਿੰਗ ਜਾਂ ਮਲਚਿੰਗ ਤਕਨੀਕ ਨਾਲ ਕਣਕ ਦੀ ਬਿਜਾਈ ਕਰਕੇ ਵੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ, ਕਿਓਂਕਿ ਖੇਤ ਵਿੱਚ ਪਰਾਲੀ ਦੀ ਤਹਿ ਪਈ ਹੋਣ ਕਾਰਨ ਨਦੀਨ ਘੱਟ ਉਗਦੇ ਹਨ ਅਤੇ ਜੇਕਰ ਧੋੜੀਆਂ ਵਿੱਚ ਨਦੀਨ ਉੱਗ ਵੀ ਜਾਣ ਤਾਂ ਉਨ੍ਹਾਂ ਜਗਾ ਤੇ ਹੀ ਨਦੀਨ ਨਾਸ਼ਕ ਦਾ ਛਿੱੜਕਾਅ ਕੀਤਾ ਜਾ ਸਕਦਾ ਹੈ।  ਉਨ੍ਹਾਂ ਕਿਹਾ ਕਿ ਫਸਲਾਂ ਦੀ ਅਦਲਾ ਬਦਲੀ ਕਰਕੇ ਵੀ ਨਦੀਨਾਂ ਦੀ ਸਮੱਸਿਆ ਨੂੰ ਘਟਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਖੇਤਾਂ ਵਿੱਚ ਨਦੀਨਾਂ ਖਾਸ ਕਰਕੇ ਗੁੱਲੀ ਡੰਡੇ ਦੀ ਸਮੱਸਿਆ ਵਧੇਰੇ ਹੋਵੇ ਉਨ੍ਹਾਂ ਖੇਤਾਂ ਵਿੱਚ ਕਣਕ ਦੀ ਬਿਜਾਏ ਬਰਸੀਮ, ਗੰਨਾ, ਆਲੂ ਜਾਂ ਸਰੋਂ ਦੀ ਬਿਜਾਈ ਕੀਤੀ ਜਾ ਸਕਦੀ ਹੈ। ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਕਣਕ ਦੀ ਬਿਜਾਈ ਤੋਂ ਬਾਅਦ ਦੋ ਦਿਨ ਦੇ ਅੰਦਰ-ਅੰਦਰ 1.5 ਲਿਟਰ ਪੈਂਡੀਮੇਥਾਲਿਨ 30 ਈ.ਸੀ. ਜਾਂ 60 ਗ੍ਰਾਮ ਪਾਈਰੌਕਸਾਸਲਫੌਨ 85 ਡਬਲੀਯੂ ਜਾਂ 1 ਲਿਟਰ ਪੈਂਡੀਮੈਥਾਲੀਨ ਪਲੱਸ  ਮੈਟ੍ਰਿਬਿਊਜ਼ਨ 385 ਐਸ ਈ ਜਾਂ 900 ਮਿਲੀ ਲਿਟਰ ਪੈਂਡੀਮੈਥਾਲੀਨ ਪਲੱਸ ਮੈਟ੍ਰਿਬਿਊਜ਼ਨ 48 ਈ ਸੀ  ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਦੇ ਘੋਲ ਵਿੱਚ ਇਕਸਾਰ ਛਿੱੜਕਾਅ ਕਰ ਦੇਣਾ ਚਾਹੀਦਾ।

LEAVE A REPLY

Please enter your comment!
Please enter your name here