ਜ਼ਿਲ੍ਹੇ ‘ਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਘਟੇ, ਪਿਛਲੇ ਸਾਲ ਹੁਣ ਤੱਕ 640 ਦੇ ਮੁਕਾਬਲੇ ਇਸ ਵਾਰ 339 ਮਾਮਲੇ ਆਏ ਸਾਹਮਣੇ

ਮਾਲੇਰਕੋਟਲਾ (ਦ ਸਟੈਲਰ ਨਿਊਜ਼): ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਲਈ ਜੰਗੀ ਪੱਧਰ ‘ਤੇ ਵਿੱਢੀ ਗਈ ਜਾਗਰੂਕਤਾ ਮੁਹਿੰਮ ਕਾਫੀ ਲਾਹੇਵੰਦ ਸਾਬਤ ਹੋ ਰਹੀ ਹੈ ਜਿਸਦੇ ਨਤੀਜੇ ਵਜੋਂ ਖੇਤਾਂ ਵਿਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਵਿਚ ਪਿਛਲੇ ਸਾਲ ਨਾਲੋਂ ਵੱਡਾ ਅੰਤਰ ਦਰਜ ਕੀਤਾ ਗਿਆ ਹੈ। ਪਿਛਲੇ ਸਾਲ 2022 ਦੌਰਾਨ ਜ਼ਿਲ੍ਹੇ ਦੇ 153 ਪਿੰਡਾਂ ਵਿੱਚ ਕੁਲ 677 ਮਾਮਲੇ ਦਰਜ ਕੀਤੇ ਗਏ ਸਨ, 14 ਨਵੰਬਰ 2022 ਤੱਕ ਪਰਾਲੀ ਨੂੰ ਅੱਗ ਲਾਉਣ ਦੇ 153 ਪਿੰਡਾਂ ਵਿੱਚ ਕਰੀਬ 640 ਮਾਮਲੇ ਸਾਹਮਣੇ ਆਏ ਸਨ ਜਿਨ੍ਹਾਂ ਵਿਚ ਇਸ ਵਾਰ 48 ਫੀਸਦੀ ਦੀ ਗਿਰਾਵਟ ਨਾਲ ਇਹ ਮਾਮਲੇ 14 ਨਵੰਬਰ 2023 ਤੱਕ 339 ਦਰਜ ਕੀਤੇ ਗਏ ਹਨ। ਉਨ੍ਹਾਂ ਹੋਰ ਦੱਸਿਆ ਕਿ ਸਾਲ 2021 ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਰੀਬ 2 ਲੱਖ 50 ਹਜਾਰ ਰੁਪਏ ਦੇ ਜੁਰਮਾਨੇ ਕੀਤੇ ਗਏ ਸਨ ਅਤੇ ਸਾਲ 2022 ਦੌਰਾਨ 32 ਹਜਾਰ 500 ਰੁਪਏ ਦੇ ਜੁਰਮਾਨੇ ਕੀਤੇ ਗਏ ਸਨ।

Advertisements

ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਪੀ.ਆਰ.ਐਸ.ਸੀ ਤੇ ਕਰੀਬ 339 ਥਾਵਾਂ ‘ਤੇ ਅੱਗ ਲਾਉਣ ਦੀਆਂ ਸੂਂਚਨਾਵਾਂ ਪ੍ਰਾਪਤ ਹੋਈਆ ਹਨ। ਹੁਣ ਤੱਕ ਕੇਵਲ 17 ਅੱਗ ਲੱਗਣ ਦੀ ਘਟਨਾਵਾਂ ਦੀ ਪੁਸਟੀ ਵੱਖ ਵੱਖ ਸਥਾਨਾਂ ਤੇ ਨਿਰਖਣ ਕਰਨ ਉਪਰੰਤ ਹੋਈ ਹੈ ਜਿਨ੍ਹਾਂ ਵਿੱਚੋਂ  10 ਕਿਸਾਨਾਂ ਦੇ ਚਲਾਨ ਕੱਟ ਕੇ 25,000 ਰੁਪਏ ਜੁਰਮਾਨੇ ਕੀਤੇ ਜਾ ਚੁੱਕੇ ਹਨ। ਹੁਣ ਤੱਕ 17 ਕਿਸਾਨਾਂ ਵਿਰੁੱਧ ਐਫ.ਆਈ.ਆਰਜ਼ ਦਰਜ ਕੀਤੀਆਂ ਜਾ ਚੁੱਕੀਆਂ ਹਨ। ਪਿਛਲੇ ਸਾਲ ਦੇ ਮੁਕਾਬਲੇ ਕਰੀਬ 48 ਫੀਂਸਦੀ ਅੱਗ ਲੱਗਣ ਦੀਆਂ ਘਟਨਾਵਾਂ ਘੱਟ ਦਰਜ ਹੋਈਆ ਹਨ।  ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਜਾਗਰੂਕਤਾ ਦੇ ਪਸਾਰ ਨਾਲ ਅਤੇ ਜਨਤਕ ਹਿੱਤਾਂ ਦੇ ਮੱਦੇਨਜ਼ਰ ਕਿਸਾਨਾਂ ਵਲੋਂ ਖੇਤਾਂ ਵਿਚ ਪਰਾਲੀ ਦੇ ਸੁਚੱਜੇ ਪ੍ਰਬੰਧਨ ਸਬੰਧੀ ਦਿਖਾਏ ਉਤਸ਼ਾਹ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਾ ਕੇ ਉਹ ਵਾਤਾਵਰਨ ਅਤੇ ਮਨੁੱਖੀ ਸਿਹਤ ਦੇ ਫਾਇਦੇ ਲਈ ਵੱਡਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਆਪਣੇ ਖੇਤਾਂ ਵਿਚ ਹੀ ਮਸ਼ੀਨਾਂ ਰਾਹੀਂ ਪਰਾਲੀ ਨੂੰ ਸਾਂਭਣਾ ਲੋਕ ਹਿੱਤਾਂ ਵਿਚ ਸ਼ਲਾਘਾਯੋਗ ਸੁਨੇਹਾ ਹੈ।

ਪਿੰਡ-ਪਿੰਡ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਵਿਚ ਸ਼ਾਮਲ ਖੇਤੀਬਾੜੀ ਅਤੇ ਸਬੰਧਿਤ ਵਿਭਾਗਾਂ ਦੀਆਂ ਟੀਮਾਂ ਦੀ ਹੌਂਸਲਾ ਅਫਜਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਦੇ ਕੇਸਾਂ ਵਿਚ ਗਿਰਾਵਟ ਦਾ ਸਿਹਰਾ ਕਿਸਾਨਾਂ ਦੇ ਨਾਲ-ਨਾਲ ਇਨ੍ਹਾਂ ਟੀਮਾਂ ਨੂੰ ਵੀ ਜਾਂਦਾ ਹੈ ਜਿਹੜੀਆਂ ਪਿਛਲੇ ਕਈ ਮਹੀਨਿਆ ਤੋਂ ਲਗਾਤਾਰ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕਿਸਾਨਾਂ ਵਲੋਂ ਇਨ-ਸੀਟੂ ਤਕਨੀਕ ਰਾਹੀਂ ਵੀ ਪਰਾਲੀ ਪ੍ਰਬੰਧਨ ਲਈ ਉਤਸ਼ਾਹ ਦਿਖਾਇਆ ਗਿਆ ਹੈ ਅਤੇ ਹੁਣ ਤੱਕ 1412 ਇਨ-ਸੀਟੂ ਮਸ਼ੀਨਾਂ, ਜਿਨ੍ਹਾਂ ਵਿਚ ਸੁਪਰ ਸੀਡਰ, ਹੈਪੀ ਸੀਡਰ, ਐਮ ਬੀ ਪਲਾਓ ਅਤੇ ਜ਼ੀਰੋ ਟਿੱਲ ਸ਼ਾਮਲ ਹਨ, ਦੀ ਖਰੀਦ ਰਾਹੀਂ ਕਿਸਾਨ ਆਧੁਨਿਕ ਤਕਨੀਕ ਦਾ ਲਾਹਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਖੇਤੀਬਾੜੀ ਅਤੇ ਸਬੰਧਿਤ ਵਿਭਾਗਾਂ ਦੀਆਂ ਟੀਮਾਂ ਨਾਲ ਰਾਬਤਾ ਕਰਕੇ ਪਰਾਲੀ ਪ੍ਰਬੰਧਨ ਦਾ ਢੰਗ ਜਾਣ ਰਹੇ ਹਨ ਅਤੇ ਆਉਂਦੇ ਸਮੇਂ ਵਿਚ ਪਰਾਲੀ ਨੂੰ ਅੱਗ ਲਾਉਣ ਦੇ ਕੇਸਾਂ ‘ਚ ਹੋਰ ਗਿਰਾਵਟ ਦਰਜ ਹੋਣ ਦੀ ਸੰਭਵਾਨਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵਲੋਂ ਕਿਸਾਨਾਂ ਨਾਲ ਰਾਬਤਾ ਕਰਕੇ ਬੇਲਰ ਮਸ਼ੀਨਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 49 ਸਹਿਕਾਰੀ ਸਭਾਵਾਂ ਕੋਲ ਫਸਲਾਂ ਦੀ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਲਈ ਮਸ਼ੀਨਾਂ ਉਪਲਬਧ ਹਨ ਜਿਨ੍ਹਾਂ ਦਾ ਕਿਸਾਨ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਨਾ ਲਾਉਣ ਲਈ ਉਤਸ਼ਾਹ ਦਿਖਾਇਆ ਜਾ ਰਿਹਾ ਹੈ ਜਿਸਦਾ ਸੁਨੇਹਾ ਅੱਗੇ ਤੋਂ ਅੱਗੇ ਪਹੁੰਚ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਈ ਪਿੰਡਾਂ ਵਿਚ ਕਿਸਾਨਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਾਈ ਜਾ ਰਹੀ ਅਤੇ ਅਗਲੀਆਂ ਫਸਲਾਂ ਦਾ ਵਧੀਆਂ ਝਾੜ ਪ੍ਰਾਪਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਆਪਣੇ ਇਲਾਕੇ ਦੇ ਖੇਤੀਬਾੜੀ ਅਧਿਕਾਰੀਆਂ ਨਾਲ ਰਾਬਤਾ ਕਰ ਸਕਦੇ ਹਨ।

LEAVE A REPLY

Please enter your comment!
Please enter your name here