ਸਪੀਕਰ ਸੰਧਵਾਂ ਵੱਲੋਂ ਨੌਜਵਾਨਾਂ ਨੂੰ ਸਰਗਰਮ ਰਾਜਨੀਤੀ ‘ਚ ਹਿੱਸਾ ਲੈਣ ਦਾ ਸੱਦਾ

ਪਟਿਆਲਾ (ਦ ਸਟੈਲਰ ਨਿਊਜ਼)। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਨੌਜਵਾਨਾਂ ਨੂੰ ਸਰਗਰਮ ਰਾਜਨੀਤੀ ਵਿੱਚ ਹਿੱਸਾ ਲੈਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਅੱਜ ਪਟਿਆਲਾ ਵਿਖੇ ‘ਪੰਜਾਬੀ ਯੂਨੀਵਰਸਿਟੀ ਅੰਤਰ ਖੇਤਰੀ ਯੁਵਕ ਤੇ ਲੋਕ ਮੇਲੇ’ ਦਾ ਉਦਘਾਟਨ ਕਰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਪੰਜਾਬ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰੰਗਲਾ ਪੰਜਾਬ ਬਣਾਉਣ ਦਾ ਜੋ ਸੁਪਨਾ ਲਿਆ ਹੈ, ਉਸ ਨੂੰ ਪੂਰਾ ਕਰਨ ਲਈ ਹਰ ਨੌਜਵਾਨ ਸਰਗਰਮ ਸਿਆਸਤ ਵਿੱਚ ਜਰੂਰ ਹਿੱਸਾ ਲਵੇ। 

Advertisements

ਸਪੀਕਰ ਸੰਧਵਾਂ ਨੇ ਗੁਰੂ ਗੋਬਿੰਦ ਸਿੰਘ ਵੱਲੋਂ ਸਿੱਖਾਂ ਨੂੰ ਕੀਤੇ ਗਏ 52 ਹੁਕਮਾਂ ਦਾ ਜਿਕਰ ਕਰਦਿਆਂ ਕਿਹਾ ਕਿ ਪੰਜਾਬ ਨਾਲ ਹੋਈਆਂ ਸਾਜਿਸ਼ਾਂ ਦਾ ਮੁਕਾਬਲਾ ਕਰਨ ਲਈ ਹਰ ਪੰਜਾਬੀ ਨੌਜਵਾਨ ਸਰਗਰਮ ਸਿਆਸਤ ਵਿੱਚ ਰੁਚੀ ਨਾਲ ਲਾਜਮੀ ਹਿੱਸਾ ਲਵੇ ਕਿਉਂਕਿ ਜੇਕਰ ਤੁਸੀਂ ਅਜਿਹਾ ਨਾ ਕੀਤਾ ਤਾਂ ਕੋਈ ਹੋਰ ਤੁਹਾਡੀ ਥਾਂ ਲੈ ਲਵੇਗਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਇਸ ਯੂਨੀਵਰਸਿਟੀ ਨੂੰ ਵਿੱਤੀ ਤੌਰ ‘ਤੇ ਪੈਰਾਂ ਸਿਰ ਕਰਨ ਲਈ ਇਸ ਦੀ ਬਾਂਹ ਫੜੀ ਹੈ।

ਕੁਲਤਾਰ ਸਿੰਘ ਸੰਧਵਾਂ ਨੇ ਯੁਵਕ ਮੇਲੇ ਦੌਰਾਨ ਨੌਜਵਾਨਾਂ ਵੱਲੋਂ ਭੰਗੜੇ ਵਿੱਚ ਪਾਈਆਂ ਧਮਾਲਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਦੀ ਪਛਾਣ ਜਿੱਥੇ ਕੁਰਬਾਨੀਆਂ ਤੇ ਜ਼ਿੰਦਾ ਦਿਲੀ ਹੈ, ਉਥੇ ਭੰਗੜਾ ਵੀ ਸਾਡੀ ਇੱਕ ਵਿਲੱਖਣ ਪਹਿਚਾਣ ਹੈ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਕੇ ਇਸ ਭੰਗੜੇ ਵਾਲੀ ਮਸਤੀ ਨੂੰ ਸਦਾ ਬਣਾ ਕੇ ਰੱਖਣ ਦਾ ਹੋਕਾ ਦਿੰਦਿਆਂ ਸਪੀਕਰ ਨੇ ਕਿਹਾ ਕਿ ਨੌਜਵਾਨ ਹੀ ਸਾਡੇ ਪੰਜਾਬ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰੰਗਲਾ ਪੰਜਾਬ ਬਣਾਉਣ ਦੇ ਲਏ ਸੁਪਨੇ ਨੂੰ ਪੂਰਾ ਕਰ ਸਕਦੇ ਹਨ।

ਸਪੀਕਰ ਸੰਧਵਾਂ ਨੇ ਆਪਣੀ ਮਿਸਾਲ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਸਾਰਾ ਕੁਝ ਲੋਕਾਂ ਦੀ ਸੇਵਾ ਕਰਕੇ ਹੀ ਹਾਸਲ ਹੋਇਆ ਹੈ, ਇਸ ਲਈ ਨੌਜਵਾਨ ਦੁਨੀਆਂ ਦੇ ਕਿਸੇ ਵੀ ਖਿੱਤੇ ‘ਚ ਜਾਣ ਅਤੇ ਕੋਈ ਵੀ ਕੰਮ ਕਰਨ ਪਰੰਤੂ ਲੋਕਾਂ ਦੀ ਸੇਵਾ ਨੂੰ ਹਮੇਸ਼ਾ ਅੱਗੇ ਰੱਖਣ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਉਨ੍ਹਾਂ ਦੀ ਤਰੱਕੀ ਨੂੰ ਰੋਕ ਨਹੀਂ ਸਕੇਗੀ। ਉਨ੍ਹਾਂ ਨੇ ਉਤਰੀ ਭਾਰਤ ਯੁਵਕ ਮੇਲੇ ਲਈ ਪੰਜਾਬੀ ਯੂਨੀਵਰਸਿਟੀ ਨੂੰ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ।

ਨੌਜਵਾਨਾਂ ਨੂੰ ਪਰਾਲੀ ਸੜਨੋ ਰੋਕਣ ਲਈ ਆਪਣਾ ਯੋਗਦਾਨ ਪਾਉਣ ਦਾ ਸੱਦਾ ਦਿੰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨ ਖੁਸ਼ਹਾਲ ਹੁੰਦੇ ਹਨ, ਇਸ ਲਈ ਨੌਜਵਾਨ ਕਿਸਾਨਾਂ ਨੂੰ ਅੱਗ ਨਾ ਲਾਉਣ ਲਈ ਪ੍ਰੇਰਿਤ ਕਰਨ। ਸਪੀਕਰ ਸੰਧਵਾਂ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਸਾਨੂੰ ਬਾਬਾ ਗੁਰੂ ਨਾਨਕ ਦੇਵ ਜੀ ਵੱਲੋਂ ਪੌਣ-ਪਾਣੀ ਤੇ ਧਰਤੀ ਸੰਭਾਲਣ ਦੇ ਸੁਨੇਹੇ ਉਤੇ ਚੱਲਦੇ ਹੋਏ ਪਰਾਲੀ ਨੂੰ ਅੱਗ ਲਾਉਣੀ ਬੰਦ ਕਰਨੀ ਹੋਵੇਗੀ।

ਇਸ ਤੋਂ ਪਹਿਲਾਂ ਏ.ਡੀ.ਜੀ.ਪੀ. ਮੁਖਵਿੰਦਰ ਸਿੰਘ ਛੀਨਾ ਨੇ ਨੌਜਵਾਨਾਂ ਨੂੰ ਸੱਦਾ ਕਿ ਜਿਸ ਜੋਸ਼ ਨਾਲ ਨੌਜਵਾਨ ਇਸ ਖੇਤਰੀ ਯੁਵਕ ਮੇਲੇ ਦਾ ਆਨੰਦ ਮਾਣ ਰਹੇ ਹਨ, ਉਸੇ ਜੋਸ਼ ਨਾਲ ਅਕਾਦਮਿਕ, ਖੇਡਾਂ ਤੇ ਆਪਣੇ ਚੁਣੇ ਖੇਤਰ ਵਿੱਚ ਵੀ ਟਾਪਰ ਬਣਨ ਅਤੇ ਆਪਣਾ ਜੋਸ਼ ਮੱਠਾ ਨਾ ਪੈਣ ਦੇਣ।

ਪੰਜਾਬੀ ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋ. ਅਰਵਿੰਦ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਹੋਰ ਮਹਿਮਾਨਾਂ ਦਾ ਸਵਾਗਤ ਕਰਦਿਆਂ ਅੰਤਰ ਖੇਤਰੀ ਯੁਵਕ ਤੇ ਲੋਕ ਮੇਲੇ ਦੀ ਰੂਪ ਰੇਖਾ ਦਸਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਹਰ ਖੇਤਰ ਵਿੱਚ ਮੱਲਾਂ ਮਾਰ ਰਹੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਤੌਰ ‘ਤੇ ਪੈਰਾਂ ਸਿਰ ਕਰਨ ਲਈ ਪਾਏ ਯੋਗਦਾਨ ਲਈ ਮੁੱਖ ਮੰਤਰੀ ਤੇ ਸੂਬਾ ਸਰਕਾਰ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ।

LEAVE A REPLY

Please enter your comment!
Please enter your name here