ਕ੍ਰਿਸ਼ੀ ਵਿਗਿਆਨ ਕੇਂਦਰ ਨੇ ਪਿੰਡ ਬੱਸੀ ਗੁਲਾਮ ਹੁਸੈਨ ਵਿਖੇ ‘ਕੁਦਰਤੀ ਖੇਤੀ’ ਬਾਰੇ ਲਗਾਇਆ ਸਿਖਲਾਈ ਕੈਂਪ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੱਸੀ ਗੁਲਾਮ ਹੁਸੈਨ ਵਿਖੇ ਕੁਦਰਤੀ ਖੇਤੀ ਬਾਰੇ ਸਿਖਲਾਈ ਸਬੰਧੀ ਕੈਂਵਪ ਲਗਾਇਆ ਗਿਆ। ਸਿਖਿਆਰਥੀਆਂ ਦਾ ਸਵਾਗਤ ਕਰਦਿਆਂ ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ ਡਾ. ਮਨਿੰਦਰ ਸਿੰਘ ਬੌਂਸ ਨੇ ਕੇ. ਵੀ. ਕੇ ਦੀਆਂ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ਨੂੰ ਉਨ੍ਹਾਂ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਕੁਦਰਤੀ ਖੇਤੀ ਦੀ ਮਹੱਤਤਾ ਅਤੇ ਦਾਇਰੇ ਬਾਰੇ ਚਾਨਣਾ ਪਾਇਆ ਅਤੇ ਕਿਸਾਨਾਂ ਨੂੰ ਬਿਹਤਰ ਮਨੁੱਖੀ, ਮਿੱਟੀ ਅਤੇ ਵਾਤਾਵਰਨ ਦੀ ਸਿਹਤ ਲਈ ਕੁਦਰਤੀ ਖੇਤੀ ਨੂੰ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ। ਡਾ. ਬੌਂਸ ਨੇ ਸਿਖਿਆਰਥੀਆਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਤੋਂ ਸਿੱਧੀ ਖਰੀਦ ਕਰਕੇ ਉਹ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਹੌਸਲਾ ਵਧਾਉਣ।

Advertisements

ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ) ਕੇ.ਵੀ.ਕੇ ਡਾ: ਸੁਖਵਿੰਦਰ ਸਿੰਘ ਔਲਖ ਨੇ ਕੁਦਰਤੀ ਖੇਤੀ ਦੇ ਵੱਖ-ਵੱਖ ਪਹਿਲੂਆਂ, ਇਸ ਦੇ ਸਿਧਾਂਤਾਂ ਅਤੇ ਭਾਗਾਂ ਜਿਵੇਂ ਕਿ ਜੀਵ ਅੰਮ੍ਰਿਤ, ਬੀਜ ਅੰਮ੍ਰਿਤ, ਮਲਚਿੰਗ ਅਤੇ ਵੱਖ-ਵੱਖ ਪੌਦਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਕੁਦਰਤੀ ਖੇਤੀ ਵਿਚ ਅਗਨੀ ਅਸਤਰ, ਬ੍ਰਹਮ ਅਸਤਰ, ਖੱਟੀ ਲੱਸੀ ਦੀ ਵਰਤੋਂ ਵਰਗੇ ਸੁਰੱਖਿਆ ਉਪਾਅ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਉਨ੍ਹਾਂ ਸਿਖਿਆਰਥੀਆਂ ਨੂੰ ਆਪਣੀ ਜ਼ਮੀਨ ਦੇ ਕੁਝ ਹਿੱਸੇ ਨੂੰ ਕੁਦਰਤੀ ਖੇਤੀ ਵਿਚ ਤਬਦੀਲ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਇਨੋਵੇਟਿਵ ਫਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਨੇ ਕੁਦਰਤੀ ਖੇਤੀ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣੂੰ ਕਰਵਾਇਆ ਅਤੇ ਕੁਦਰਤੀ ਖੇਤੀ ਵਿਚ ਮਿੱਤਰ ਕੀੜਿਆਂ ਅਤੇ ਉਨ੍ਹਾਂ ਦੀ ਭੂਮਿਕਾ ਨੂੰ ਪਛਾਣਨ ਅਤੇ ਉਨ੍ਹਾਂ ਦੀ ਸੰਭਾਲ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।

ਸਿਖਿਆਰਥੀਆਂ ਨਾਲ ਜ਼ਿਲ੍ਹੇ ਦੇ ਹੋਰ ਅਗਾਂਹਵਧੂ ਕੁਦਰਤੀ ਖੇਤੀ ਕਰਨ ਵਾਲੇ ਕਿਸਾਨ ਵੀ ਸਿਖਿਆਰਥੀਆਂ ਨਾਲ ਰੂਬਰੂ ਹੋਏ। ਪਿੰਡ ਬੱਸੀ ਗੁਲਾਮ ਹੁਸੈਨ ਦੇ ਕਰਨੈਲ ਸਿੰਘ, ਜੋਕਿ ਆਈ.ਐਫ.ਏ ਦੇ ਸਿਖਲਾਈ ਸਕੱਤਰ ਵੀ ਹਨ, ਨੇ ਆਪਣੇ ਫਾਰਮ ’ਤੇ ਉਗਾਈਆਂ ਸਬਜ਼ੀਆਂ ਦੀ ਕਾਸ਼ਤ ਅਤੇ ਸਵੈ-ਮੰਡੀਕਰਨ ਬਾਰੇ ਦੱਸਿਆ। ਆਈ.ਐਫ.ਏ ਦੇ ਇਕ ਹੋਰ ਅਨੁਭਵੀ ਮੈਂਬਰ, ਤਰਸੇਮ ਸਿੰਘ, ਪਿੰਡ ਨੀਲਾ ਨਲੋਆ ਨੇ ਮੁੱਲ ਵਧਾਉਣ ਲਈ ਪ੍ਰੋਸੈਸਿੰਗ ਕਰਨ ਅਤੇ ਦਾਲਾਂ ਦੀ ਕਾਸ਼ਤ ਬਾਰੇ ਚਰਚਾ ਕੀਤੀ ਅਤੇ ਬਖਸ਼ੀਸ਼ ਸਿੰਘ, ਪਿੰਡ ਹਰੀਪੁਰ ਨੇ ਰਵਾਇਤੀ ਖੇਤੀ ਅਤੇ ਰੋਜ਼ਾਨਾ ਰਸੋਈ ਵਿਚ ਵਰਤੀਆਂ ਜਾਣ ਵਾਲੀਆਂ ਜੜੀਆਂ-ਬੂਟੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕੁਦਰਤੀ ਖੇਤੀ ਵਿਚ ਪੌਦਿਆਂ ਦੀ ਖੁਰਾਕ ਅਤੇ ਸੁਰੱਖਿਆ ਲਈ ਜੀਵ ਅੰਮ੍ਰਿਤ, ਬੀਜ ਅੰਮ੍ਰਿਤ ਅਤੇ ਹੋਰ ਮਿਸ਼ਰਣ ਤਿਆਰ ਕਰਨ ਬਾਰੇ ਵਿਧੀ ਪ੍ਰਦਰਸ਼ਨ ਵੀ ਕੀਤਾ ਗਿਆ। ਹਾਜ਼ਰ ਕਿਸਾਨਾਂ ਨੂੰ ਸਥਾਨਕ ਜੜੀਆਂ-ਬੂਟੀਆਂ ਅਤੇ ਉਪਯੋਗੀ ਪੌਦਿਆਂ ਦੀ ਪਛਾਣ ਵੀ ਕਰਵਾਈ ਗਈ।

LEAVE A REPLY

Please enter your comment!
Please enter your name here