ਚੇਅਰਮੈਨ ਸੇਖਵਾਂ ਨੇ ਕਾਹਨੂੰਵਾਨ ਦੇ ਸਰਬਪੱਖੀ ਵਿਕਾਸ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਕਾਹਨੂੰਵਾਨ/ਗੁਰਦਾਸਪੁਰ, (ਦ ਸਟੈਲਰ ਨਿਊਜ਼): ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਾਹਨੂੰਵਾਨ ਦੇ ਸਰਬਪੱਖੀ ਵਿਕਾਸ ਨੂੰ ਲੈ ਕੇ ਅਧਿਕਾਰੀਆਂ ਦੇ ਨਾਲ ਅਹਿਮ ਮੀਟਿੰਗ ਕੀਤੀ। ਮੀਟਿੰਗ ਦੌਰਾਨ ਕਾਹਨੂੰਵਾਨ ਨਗਰ ਦੇ ਸਰਬਪੱਖੀ ਵਿਕਾਸ ਉੱਪਰ ਵਿਚਾਰ ਚਰਚਾ ਕਰਨ ਦੇ ਨਾਲ ਭਵਿੱਖ ਦਾ ਰੋਡ-ਮੈਪ ਤਿਆਰ ਕੀਤਾ ਗਿਆ।

Advertisements

ਮੀਟਿੰਗ ਦੌਰਾਨ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਕਾਹਨੂੰਵਾਨ ਨੂੰ ਪੰਚਾਇਤ ਤੋਂ ਨਗਰ ਕੌਂਸਲ ਦਾ ਦਰਜਾ ਦਿਵਾਇਆ ਜਾਵੇਗਾ ਜਿਸ ਲਈ ਉਨ੍ਹਾਂ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਗਰਾਮ ਪੰਚਾਇਤ ਕਾਹਨੂੰਵਾਨ ਵੱਲੋਂ ਇਸ ਸਬੰਧੀ ਜਲਦ ਹੀ ਮਤਾ ਪਾਸ ਕੀਤਾ ਜਾਵੇਗਾ ਅਤੇ ਸਰਕਾਰ ਕੋਲੋਂ ਇਸ ਨੂੰ ਨਗਰ ਕੌਂਸਲ ਦਾ ਦਰਜਾ ਦਿਵਾਉਣ ਲਈ ਚਾਰਾਜੋਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਹਨੂੰਵਾਨ ਇਲਾਕੇ ਦਾ ਵੱਡਾ ਨਗਰ ਹੈ ਅਤੇ ਇਹ ਨਗਰ ਕੌਂਸਲ ਬਣਨ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਬਣਨ ਨਾਲ ਇੱਥੇ ਸੀਵਰੇਜ, ਗਲੀਆਂ, ਸਟਰੀਟ ਲਾਈਟਾਂ ਆਦਿ ਦੇ ਕੰਮ ਮੁਕੰਮਲ ਕਰਕੇ ਲੋਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣਗੀਆਂ।

ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਅੱਗੇ ਕਿਹਾ ਕਿ ਕਹਾਨੂੰਵਾਨ ਦੇ ਸਰਕਾਰੀ ਹਸਪਤਾਲ ਦੀ ਕਾਇਆ-ਕਲਪ ਕੀਤੀ ਜਾਵੇਗੀ ਅਤੇ ਇਸ ਹਸਪਤਾਲ ਦੀ ਨਵੀਂ ਇਮਾਰਤ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ 25 ਲੱਖ ਰੁਪਏ ਮਨਜ਼ੂਰ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਦੀ ਪੁਰਾਣੀ ਇਮਾਰਤ ਦੀ ਵੀ ਮੁਰੰਮਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਸਟਾਫ਼ ਦੀ ਘਾਟ ਨੂੰ ਪੂਰਾ ਕਰਨ ਦੇ ਇਲਾਜ ਲਈ ਉਪਕਰਨ ਤੇ ਸਾਜ਼ੋ-ਸਮਾਨ ਵੀ ਮੁਹੱਈਆ ਕਰਵਾਇਆ ਜਾਵੇਗਾ। ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਸਰਕਾਰੀ ਸਕੂਲ ਕਾਹਨੂੰਵਾਨ ਨੂੰ ਖੇਡ ਮੈਦਾਨ ਲਈ ਜਗ੍ਹਾ ਦਿੱਤੀ ਗਈ ਹੈ ਅਤੇ ਜਲਦ ਹੀ ਇੱਥੇ ਸਟੇਡੀਅਮ ਦੀ ਉਸਾਰੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਹਨੂੰਵਾਨ ਵਿੱਚ ਸਹਿਕਾਰਤਾ ਵਿਭਾਗ ਦੀ ਖ਼ਾਲੀ ਪਈ ਥਾਂ ਉੱਪਰ ਲੱਗੇ ਕੂੜੇ ਦੇ ਡੰਪ ਚੁੱਕ ਕੇ ਓਥੇ ਪਾਰਕਿੰਗ ਅਤੇ ਮਾਰਕਿਟ ਬਣਾਈ ਜਾਵੇਗੀ।  

ਸ. ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਧਨੋਆ ਪੱਤਣ ਉੱਪਰ ਪੁਲ ਬਣਾ ਕੇ ਬੇਟ ਇਲਾਕੇ ਦੇ ਲੋਕਾਂ ਨੂੰ ਵੱਡੀ ਸਹੂਲਤ ਦਿੱਤੀ ਸੀ ਅਤੇ ਹੁਣ ਉਸ ਪੁਲ ਨੂੰ ਜਾਂਦੀ ਸੜਕ ਨੂੰ ਹੋਰ ਚੌੜਿਆਂ ਕੀਤਾ ਜਾਵੇਗਾ।  ਇਸ ਤੋਂ ਇਲਾਵਾ ਕਾਹਨੂੰਵਾਨ ਨਗਰ ਦੇ ਦੁਆਲੇ ਬਾਈਪਾਸ ਤਿਆਰ ਕੀਤਾ ਜਾਵੇਗਾ।  ਉਨ੍ਹਾਂ ਕਿਹਾ ਕਿ ਕਾਹਨੂੰਵਾਨ ਤੋਂ ਚੰਡੀਗੜ੍ਹ ਲਈ ਰੋਡਵੇਜ਼ ਦੀ ਬੱਸ ਦੀ ਸੇਵਾ ਦੁਬਾਰਾ ਸ਼ੁਰੂ ਕਰਵਾਈ ਜਾਵੇਗੀ।  ਸ. ਸੇਖਵਾਂ ਨੇ ਕਿਹਾ ਕਿ ਕਾਹਨੂੰਵਾਨ ਵਿੱਚ ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟਰੈਫ਼ਿਕ ਪੁਲਿਸ ਦੇ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ।

ਸ. ਸੇਖਵਾਂ ਨੇ ਕਿਹਾ ਕਿ ਅੱਜ ਦੀ ਮੀਟਿੰਗ ਦੌਰਾਨ ਕਾਹਨੂੰਵਾਨ ਨਗਰ ਦੇ ਵਿਕਾਸ ਏਜੰਡੇ ਉੱਪਰ ਖੁੱਲ੍ਹ ਕੇ ਵਿਚਾਰਾਂ ਹੋਈਆਂ ਹਨ ਅਤੇ ਉਪਰੋਕਤ ਸਾਰੇ ਪ੍ਰੋਜੈਕਟਾਂ ਨੂੰ ਨੇਪਰੇ ਚਾੜ੍ਹਨ ਲਈ ਉਹ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਸਮੇਤ ਸਬੰਧਿਤ ਵਿਭਾਗਾਂ ਦੇ ਮੰਤਰੀ ਨਾਲ ਨਿੱਜੀ ਤੌਰ ‘ਤੇ ਮੁਲਾਕਾਤ ਕਰਕੇ ਸਾਰੇ ਮਾਮਲਿਆਂ ਦੀ ਪੈਰਵੀ ਕਰਨਗੇ। ਉਨ੍ਹਾਂ ਕਿਹਾ ਕਿ ਵਿਕਾਸ ਪੱਖੋਂ ਕਾਹਨੂੰਵਾਨ ਨੂੰ ਸੂਬੇ ਮੋਹਰੀ ਨਗਰਾਂ ਵਿੱਚ ਸ਼ੁਮਾਰ ਕੀਤਾ ਜਾਵੇਗਾ। 

LEAVE A REPLY

Please enter your comment!
Please enter your name here