ਬੀਜ ਵਾਲੇ ਆਲੂਆਂ ਨੂੰ ਪਿਛੇਤੇ ਝੁਲਸ ਰੋਗ ਤੋਂ ਬਚਾਉਣ ਕਿਸਾਨ: ਡਾ. ਮਨਿੰਦਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪਿਛੇਤਾ ਝੁਲਸ ਰੋਗ ਆਲੂਆਂ ਦੀ ਇਕ ਗੰਭੀਰ ਸਮੱਸਿਆ ਹੈ ਅਤੇ ਜੇਕਰ ਇਸ ਦਾ ਹੱਲਾ ਆਲੂਆਂ ਦੀ ਫ਼ਸਲ ’ਤੇ ਹੋ ਜਾਵੇ, ਤਾਂ ਅਨੁਕੂਲ ਮੌਸਮ ਦੌਰਾਨ ਇਸ ਦਾ ਵਾਧਾ ਹੁੰਦਾ ਹੁੰਦਾ ਹੈ, ਜਿਸ ਕਰਕੇ ਆਲੂਆਂ ਦੇ ਝਾੜ ’ਤੇ ਮਾੜਾ ਅਸਰ ਪੈ ਜਾਂਦਾ ਹੈ। ਇਸ ਰੋਗ ਦੇ ਹਮਲੇ ਨਾਲ ਪੱਤਿਆਂ ਦੇ ਕਿਨਾਰਿਆਂ ’ਤੇ ਪਾਣੀ ਭਿੱਜੇ ਗੂੁੜ੍ਹੇ ਰੰਗ ਦੇ ਧੱਬੇ (ਚੱਟਾਖ) ਪੈ ਜਾਂਦੇ ਹਨ, ਜੋ ਕਿ ਬਾਅਦ ਵਿਚ ਕਾਲ਼ੇ ਹੋ ਜਾਂਦੇ ਹਨ ਅਤੇ ਸਵੇਰ ਵੇਲੇ ਵੇਖਣ ’ਤੇ ਪੱਤਿਆਂ ਦੇ ਹੇਠਲੇ ਪਾਸੇ ਚਿੱਟੀ ਰੂੰ ਵਰਗੀ ਉੱਲੀ ਵੀ ਨਜਦਰ ਆਉਂਦੀ ਹੈ। ਜ਼ਿਆਦਾ ਅਨੁਕੂਲ ਮੌਸਮ (10-20 ਡਿਗਰੀ ਸੈਂਟੀਗ੍ਰੇਡ ਤਾਪਮਾਨ, 90 ਫੀਸਦੀ ਤੋਂ ਵੱਧ ਨਮੀ ਅਤੇ ਰੁਕ-ਰੁਕ ਕੇ ਬਾਰਿਸ਼ ਪੈਣਾ) ਦੌਰਾਨ ਇਹ ਰੋਗ ਬਹੁਤ ਤੇਜ਼ੀ ਨਾਲ ਫ਼ੈਲਦਾ ਹੈ ਅਤੇ ਅਜਿਹੇ ਮੌਸਮ ਵਿਚ 7-10 ਦਿਨਾਂ ਦੇ ਵਿਚ ਹੀ ਫ਼ਸਲ ਤਬਾਹ ਕਰ ਦਿੰਦਾ ਹੈ, ਜਿਸ ਕਰਕੇ ਖੇਤ ਦੂਰੋਂ ਹੀ ਝੁਲਸੇ ਹੋਏ ਨਜ਼ਰ ਆਉਂਦੇ ਹਨ।

Advertisements

ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਦੇ ਸਹਿਯੋਗ ਨਿਰਦੇਸ਼ਕ (ਸਿਖਲਾਈ) ਡਾ. ਮਨਿੰਦਰ ਸਿੰਘ ਬੌਂਸ ਨੇ ਆਲੂਆਂ ਦੇ ਪਿਛੇਤੇ ਝੁਲਸ ਰੋਗ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੰਬਰ ਮਹੀਨੇ ਮੀਂਹ ਪੈਣ ਕਰਕੇ ਮੌਸਮ ਇਸ ਰੋਗ ਦੇ ਹਮਲੇ ਅਤੇ ਵਾਧੇ ਲਈ ਅਨੁਕੂਲ ਹੋ ਗਿਆ ਸੀ ਅਤੇ ਇਸ ਦਾ ਹਮਲਾ ਨਵੰਬਰ ਦੇ ਦੂਜੇ ਪੰਦਰਵਾੜੇ ਲੁਧਿਆਣੇ ਜ਼ਿਲ੍ਹੇ ਦੇ ਸਮਰਾਲੇ ਨੇੜੇ ਲੱਗਦੇ ਪਿੰਡਾਂ ਹੇੜੀਆਂ, ਬਹਿਲੋਲਪੁਰ, ਬਰਮਾ, ਸਹਿਜੋ ਮਾਜਰਾ ਅਤੇ ਬਾਅਦ ਵਿਚ ਹੁਸ਼ਿਆਰਪੁਰ, ਪਟਿਆਲਾ, ਰੋਪੜ, ਸ਼ਹੀਦ ਭਗਤ ਸਿੰਘ ਨਗਰ ਦੇ ਕਈ ਪਿੰਡਾਂ ਵਿਚ ਵੇਖਿਆ ਗਿਆ। ਆਲੂਆਂ ਦੀ ਫ਼ਸਲ ’ਤੇ ਹਮਲੇ ਤੋਂ ਬਾਅਦ ਇਹ ਰੋਗ ਪਟਿਆਲਾ ਜ਼ਿਲ੍ਹੇ ਦੇ ਕਈ ਪਿੰਡਾਂ ਵਿਚ ਟਮਾਟਰਾਂ ਦੀ ਫ਼ਸਲ ’ਤੇ ਗੰਭੀਰ ਰੂਪ ਧਾਰਨ ਕਰ ਗਿਆ ਸੀ। ਜਿਹੜੇ ਕਿਸਾਨ ਵੀਰਾਂ ਨੇ ਸਮੇਂ ਸਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਮੁਤਾਬਿਕ ਛਿੜਕਾਅ ਕੀਤੇ, ਉਨ੍ਹਾਂ ਦੀ ਫ਼ਸਲ ਇਸ ਰੋਗ ਤੋਂ ਬਚ ਗਈ ਹੈ। ਪਰੰਤੂ ਇਸ ਦੇ ਉਲਟ ਜਿਨ੍ਹਾਂ ਕਿਸਾਨਾਂ ਨੇ ਸਮੇਂ ਸਿਰ ਇਸ ਰੋਗ ਦੀ ਰੋਕਥਾਮ ਨਹੀਂ ਕੀਤੀ, ਉਥੇ ਇਸ ਰੋਗ ਦਾ ਹਮਲਾ ਜ਼ਿਆਦਾ ਵੇਖਣ ਨੂੰ ਮਿਲਿਆ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਨਵਰੀ ਮਹੀਨੇ ਦਾ ਮੌਸਮ ਵੀ ਇਸ ਰੋਗ ਦੇ ਅਨੁਕੂਲ ਚੱਲ ਰਿਹਾ ਹੈ ਅਤੇ ਆਉਂਦੇ ਦਿਨਾਂ ਵਿਚ ਮੀਂਹ ਪੈਣ ਦੀ ਸੰਭਾਵਨਾ ਵੀ ਹੈ।

ਇਸ ਰੋਗ ਦੀ ਉੱਲੀ ਦੇ ਬੀਜਾਣੂ ਮੀਂਹ ਪੈਣ ਨਾਲ ਪੱਤਿਆਂ ਅਤੇ ਤਣੇ ਤੋਂ ਝੜ ਕੇ ਜ਼ਮੀਨ ਵਿਚ ਰਲ਼ ਜਾਂਦੇ ਹਨ, ਜੋ ਧਰਤੀ ਵਿਚਲੇ ਲਵੇਂ ਬਣ ਰਹੇ ਆਲੂਆਂ ’ਤੇ ਬੇਢੰਗੇ ਭੂਰੇ ਰੰਗ ਦੇ ਧੱਬੇ ਬਣਾ ਦਿੰਦੇ ਹਨ। ਇਸੇ ਤਰ੍ਹਾਂ ਆਉਂਦੇ ਦਿਨਾਂ ਵਿਚ ਮੌਸਮ ਨਿੱਘਾ ਹੋਣ ’ਤੇ ਤੇਲੇ ਦੀ ਆਮਦ ਵਧਣ ਦੀ ਸੰਭਾਵਨਾ ਬਣ ਜਾਂਦੀ ਹੈ, ਜਿਸ ਨਾਲ ਵਿਸ਼ਾਣੂ ਰੋਗ ਫ਼ੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਆਲੂਆਂ ਦੇ ਵਿਸ਼ਾਣੂ ਰੋਗ ਵੀ ਪੱਤਿਆਂ ਰਾਹੀਂ ਜ਼ਮੀਨ ਵਿਚ ਹੇਠਾਂ ਬਣ ਰਹੇ ਆਲੂਆਂ ’ਤੇ ਚਲੇ ਜਾਂਦੇ ਹਨ। ਪੁਟਾਈ ਤੋਂ ਬਾਅਦ ਇਹ ਰੋਗੀ ਆਲੂ ਸਿਹਤਮੰਦ ਆਲੂਆਂ ਨਾਲ ਹੀ ਗੁਦਾਮਾਂ ਵਿਚ ਰੱਖ ਦਿੱਤੇ ਜਾਂਦੇ ਹਨ ਅਤੇ ਅਗਲੀ ਫ਼ਸਲ ਵਾਸਤੇ ਰੋਗ ਲਗਾਉਣ ਦਾ ਮੁੱਖ ਕਾਰਨ ਬਣਦੇ ਹਨ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਬੀਜ ਵਾਲੀ ਫ਼ਸਲ ਦੀਆਂ ਵੇਲਾਂ ਸਮੇਂ ਸਿਰ ਕੱਟ ਲੈਣ। ਜਿਹੜੇ ਖੇਤਾਂ ਵਿਚ ਝੁਲਸ ਰੋਗ ਦਾ ਹਮਲਾ ਹੋਇਆ ਹੈ, ਉਸ ਖੇਤ ਦੀਆਂ ਵੇਲਾਂ ਖੇਤ ਵਿਚੋਂ ਬਾਹਰ ਕੱਢ ਲੈਣ, ਤਾਂ ਜੋ ਇਹ ਰੋਗ ਜ਼ਮੀਨ ਹੇਠਾਂ ਪਏ ਆਲੂਆਂ ’ਤੇ ਨਾ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ, ਕਪੂਰਥਲਾ ਅਤੇ ਜਲੰਧਰ ਦੇ ਕਈ ਕਿਸਾਨ ਵੀਰ ਬਹਾਰ ਰੁੱਤ ਵਾਲੇ ਆਲੂਆਂ ਦੀ ਕਾਸ਼ਤ ਕਰਦੇ ਹਨ। ਬਹਾਰ ਰੁੱਤ ਦੀ ਫਸਲ ਤੇ ਇਹ ਬਿਮਾਰੀ ਪਹਿਲਾਂ ਲੱਗੀ ਫਸਲ (ਮੁੱਖ ਸਮੇਂ ਦੀ ਫਸਲ) ਤੋਂ ਆ ਜਾਂਦੀ ਹੈ ਜਿਸ ਕਾਰਨ ਕਰੂੰਬਲਾਂ ਮਰ ਜਾਂਦੀਆਂ ਹਨ, ਤਣੇ ਤੇ ਭੂਰੀਆਂ ਧਾਰੀਆਂ ਪੈ ਜਾਂਦੀਆਂ ਹਨ ਅਤੇ ਛੋਟੀ ਉਮਰ ਦੇ ਬੂਟੇ ਜਲਦੀ ਮਰ ਜਾਂਦੇ ਹਨ।

ਬਹਾਰ ਰੁੱਤ ਦੇ ਆਲੂਆਂ ਨੂੰ ਇਸ ਰੋਗ ਤੋਂ ਬਚਾਉਣ ਲਈ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਮੇਂ-ਸਮੇਂ ਸਿਰ ਆਪਣੇ ਖੇਤਾਂ ਦਾ ਸਰਵੇਖਣ ਕਰਦੇ ਰਹਿਣ ਅਤੇ ਜੇਕਰ ਝੁਲਸ ਰੋਗ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ ਫਸਲ ਤੇ ਸਿਸਟੈਮਿਕ ਉੱਲੀਨਾਸ਼ਕਾਂ ਜਿਵੇਂ ਕਿ 700 ਗ੍ਰਾਮ ਮਿਲੋਡੀ ਡਿਊ ਜਾਂ ਰਿਡੋਮਿਲ ਗੋਲਡ ਜਾਂ ਕਰਜ਼ੇਟ ਐਮ-8 ਜਾਂ ਸੈਕਟਿਨ ਜਾਂ 250 ਮਿ.ਲਿ. ਰੀਵਸ ਜਾਂ 200 ਮਿ.ਲਿ ਈਕੂਏਸ਼ਣ ਪ੍ਰੋ ਨੂੰ 250 ਤੋਂ 350 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ 10 ਦਿਨ੍ਹਾਂ ਦੇ ਵਕਫੇ ਤੇ ਦੋ ਛਿੜਕਾਅ ਕਰਨ ਤਾਂ ਜੋ ਇਸ ਰੋਗ ਨੂੰ ਸਮੇਂ ਸਿਰ ਕਾਬੂ ਕੀਤਾ ਜਾ ਸਕੇ। ਇਸ ਰੋਗ ਦਾ ਹਮਲਾ ਆਲੂਆਂ ਤੋਂ ਇਲਾਵਾ ਨੈੱਟ/ਪੌਲੀਹਾਊਸ ਵਿਚ ਲੱਗੀ ਟਮਾਟਰਾਂ ਦੀ ਫ਼ਸਲ ’ਤੇ ਵੀ ਹੋ ਸਕਦਾ ਹੈ। ਟਮਾਟਰਾਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਵੀਰ ਸਮੇਂ ਸਿਰ ਛਿੜਕਾਅ ਕਰਕੇ ਆਪਣੀ ਟਮਾਟਰਾਂ ਦੀ ਫ਼ਸਲ ਨੂੰ ਇਸ ਰੋਗ ਤੋਂ ਬਚਾ ਸਕਦੇ ਹਨ। ਉਨ੍ਹਾਂ ਆਲੂਆਂ ਦੇ ਬੀਜ ਉਤਪਾਦਕ ਵੀਰਾਂ ਨੂੰ ਸਲਾਹ ਦਿੱਤੀ ਕਿ ਉਹ ਬੀਜ ਵਾਲੇ ਆਲੂਆਂ ਨੂੰ ਗੋਦਾਮਾਂ ਵਿੱਚ ਰੱਖਣ ਤੋਂ ਪਹਿਲਾਂ ਇਨ੍ਹਾਂ ਰੋਗਾਂ ਨਾਲ ਪ੍ਰਭਾਵਿਤ ਆਲਅੂਾਂ ਨੂੰ ਛਾਂਟ ਕੇ ਨਸ਼ਟ ਕਰ ਦੇਣ। ਇਸ ਤਰ੍ਹਾਂ ਕਰਨ ਨਾਲ ਬੀਜ ਰਾਹੀਂ ਫੈਲਣ ਵਾਲੀਆਂ ਇਨ੍ਹਾਂ ਬਿਮਾਰੀਆਂ ਨੂੰ ਅੱਗੋਂ ਨਵੇਂ ਖੇਤਾਂ ਜਾਂ ਖੇਤਰਾਂ ਵਿਚ ਫੈਲ਼ਣ ਤੋਂ ਰੋਕਿਆ ਜਾ ਸਕਦਾ ਹੈ।

LEAVE A REPLY

Please enter your comment!
Please enter your name here