
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਕੌਮਾਂਤਰੀ ਯੋਗਾ ਦਿਵਸ ਦੇ ਮੌਕੇ ਤੇ “ਮਹਿਲਾ ਸਸ਼ਕਤੀ ਕਰਨ ਲਈ ਯੋਗਾ ਦੀ ਮਹਹੱਤਾ” ਤੇ ਇਕ ਵਿਸ਼ੇਸ਼ ਯੋਗਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਰੀਰਕ,ਮਾਨਸਿਕ ਤੰਦਰੁਸਤੀ ਦੇ ਯਤਨਾਂ ਨੂੰ ਉਤਸ਼ਾਹਿਤ ਕਰਨ ਹਿੱਤ ਹਰੇਕ ਉਮਰ ਵਰਗ ਦੀਆਂ ਔਰਤਾਂ ਨੇ ਹਿੱਸਾ ਲਿਆ। ਇਸ ਯੋਗਾ ਕੈਂਪ ਵਿਚ ਕਰਨਲ ਸੇਵਾ ਸਿੰਘ ਯੋਗਾ ਮਾਹਿਰ ਦੇ ਤੌਰ ਤੇ ਹਾਜ਼ਰ ਹੋਏ ਅਤੇ ਉਨ੍ਹਾਂ ਨੇ ਮਹਿਲਾ ਸਸ਼ਕਤੀ ਅਤੇ ਸਪੂੰਰਨ ਸਿਹਤ ਨੂੰ ਉਤਸ਼ਾਹਤ ਕਰਨ ਵਿਚ ਯੋਗ ਆਸਣਾਂ ਦੀ ਮਹੱਹਤਾ ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਹੋ ਰਹੇ ਅਧਿਐਨਾਂ ਤੋਂ ਸਪਸ਼ਟ ਹੈ ਕਿ ਅੱਜ ਦੀ ਭੱਜ-ਦੌੜ ਅਤੇ ਤਣਾਅ ਭਰਪੂਰ ਆਧੁਨਿਕ ਜੀਵਨ-ਜਾਂਚ ਵਿਚ ਸਿਰਫ਼ ਯੋਗ ਅਭਿਆਸ ਨਾਲ ਤਣਾਅ ਮੁਕਤੀ, ਮਾਨਸਿਕ ਤੰਦਰੁਸਤੀ ਅਤੇ ਸਮੁੱਚੀ ਸਰੀਰਕ ਸਿਹਤ ਨੂੰ ਰਿਸ਼ਟ-ਪੁਸ਼ਟ ਰੱਖਿਆ ਜਾ ਸਕਦਾ ਹੈ।

ਉਨ੍ਹਾਂ ਹਾਜ਼ਰ ਔਰਤਾਂ ਨੂੰ ਤਣਾਅ ਮੁਕਤੀ ਅਤੇ ਖੁਸ਼ਹਾਲ ਜ਼ਿੰਦਗੀ ਦਾ ਅਨੰਦ ਲੈਣ ਲਈ ਤਿੰਨ ਤੋਂ ਪੰਜ ਮਿੰਟ ਤੱਕ ਰੋਜ਼ਾਨਾਂ ਯੋਗ ਅਭਿਆਸ ਕਰਨ ਦੀ ਲੋੜ *ਤੇ ਜ਼ੋਰ ਦਿੱਤਾ। ਇਸ ਮੌਕੇ ਸਾਇੰਸ ਸਿਟੀ ਦੇ ਵਿਗਿਆਨੀ-ਡੀ ਡਾ. ਮੁਨੀਸ਼ ਸੋਇਨ ਨੇ ਹਾਜ਼ਰ ਔਰਤਾਂ ਨੂੰ ਤੰਦਰੁਸਤੀ ਲਈ ਰੋਜ਼ਾਨਾਂ ਯੋਗ ਆਸਣ ਕਰਨ ਲਈ ਪ੍ਰੇਰਿਤ ਕੀਤਾ। ਵਰਕਸ਼ਾਪ ਦੇ ਦੌਰਾਨ ਪਦਮ ਆਸਣ, ਸੁਖ ਆਸਣ, ਤਾਦਸਣਾ ਅਤੇ ਭੁਜੰਗ ਆਦਿ ਅਸਾਣਾਂ ਦਾ ਅਭਿਆਸ ਕਰਵਾਇਆ ਗਿਆ।











