
ਫਾਜ਼ਿਲਕਾ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਨੇ ਅੱਜ ਆਪਣੇ ਫੀਲਡ ਦੌਰੇ ਦੌਰਾਨ ਪਿੰਡ ਮਲੂਕਪੁਰਾ, ਚੰਨਣ ਖੇੜਾ, ਕੇਰਾ ਖੇੜਾ ਅਤੇ ਗੋਬਿੰਦਗੜ੍ਹ ਦੇ ਪਰਾਲੀ ਪ੍ਰਬੰਧਨ ਲਈ ਤਾਇਨਾਤ ਨੋਡਲ ਅਤੇ ਕਲਸਟਰ ਅਫ਼ਸਰਾਂ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਉਹ ਲਗਾਤਾਰ ਪਿੰਡਾਂ ਦੇ ਦੌਰੇ ਕਰਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਸਾੜਨ ਦੇ ਨੁਕਸਾਨ ਕਿਸਾਨਾਂ ਨੂੰ ਸਮਝਾਉਂਦੇ ਹੋਏ ਉਨ੍ਹਾਂ ਨੂੰ ਪਰਾਲੀ ਪ੍ਰਬੰਧਨ ਲਈ ਮਾਰਗਦਰਸ਼ਨ ਮੁਹਈਆ ਕਰਵਾਇਆ ਜਾਵੇ। ਡਿਪਟੀ ਕਮਿਸ਼ਨਰ ਵੱਲੋਂ ਸਮੂਹ ਨੋਡਲ ਅਤੇ ਕਲਸਟਰ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਲਗਾਤਾਰ ਖੇਤਾਂ ਦੇ ਦੌਰੇ ਕਰਕੇ ਕਿਸਾਨਾਂ ਨਾਲ ਰਾਬਤਾ ਰੱਖਣ।

ਉਨ੍ਹਾਂ ਨੇ ਕਿਹਾ ਕਿ ਪਿੰਡਾਂ ਵਿਚ ਉਪਲਬੱਧ ਮਸ਼ੀਨਾਂ ਦੀਆਂ ਸੂਚੀਆਂ ਪਿੰਡਾਂ ਦੀਆਂ ਸਾਂਝੀਆਂ ਥਾਂਵਾਂ ਤੇ ਲਗਵਾਈਆਂ ਗਈਆਂ ਹਨ ਅਤੇ ਨੋਡਲ ਅਫ਼ਸਰਾਂ ਕੋਲ ਵੀ ਇਹ ਸੂਚੀਆਂ ਹਨ ਤਾਂ ਜੋ ਇਹ ਮਸ਼ੀਨਾਂ ਅਤੇ ਕਿਸਾਨਾਂ ਵਿਚਕਾਰ ਤਾਲਮੇਲ ਕਰਵਾ ਸਕਨ। ਉਨ੍ਹਾਂ ਨੇ ਇਸ ਮੌਕੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਸਾੜਨ ਦੀ ਬਜਾਏ ਇਸਦਾ ਪ੍ਰਬੰਧਨ ਖੇਤੀਬਾੜੀ ਵਿਭਾਗ ਵੱਲੋਂ ਸੁਝਾਏ ਤਰੀਕਿਆਂ ਨਾਲ ਕੀਤਾ ਜਾਵੇ ਤਾਂ ਜੋ ਜਮੀਨ ਦੀ ਖੁਰਦੀ ਤਾਕਤ ਨੂੰ ਰੋਕਿਆ ਜਾ ਸਕੇ ਅਤੇ ਪ੍ਰਦੂਸ਼ਨ ਹੋਣ ਤੋ ਵੀ ਰੋਕਿਆ ਜਾ ਸਕੇ।












