
ਖੰਨਾ (ਦ ਸਟੈਲਰ ਨਿਊਜ਼)। ਖੰਨਾ ਵਿੱਚ ਇੱਕ ਨਾਬਾਲਿਗ ਲੜਕੀ ਦੇ ਕਾਤਲ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ 24 ਘੰਟਿਆਂ ਦੇ ਅੰਦਰ-ਅੰਦਰ ਅੰਨ੍ਹੇ ਕਤਲ ਦੀ ਗੁੱਧੀ ਨੂੰ ਸੁਲਝਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਸੰਜੀਤ ਮੰਡੀ ਗੋਬਿੰਦਗੜ੍ਹ ਦੇ ਸੰਗਤ ਨਗਰ ਦਾ ਰਹਿਣ ਵਾਲਾ ਹੈ ਤੇ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਤੇ ਉਹ 2 ਬੱਚਿਆਂ ਦਾ ਪਿਤਾ ਹੈ। ਮ੍ਰਿਤਕ ਲੜਕੀ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਲਰਾਮਪੁਰ, ਤਹਿਸੀਲ ਉਤਰੌਲਾ ਦੀ ਰਹਿਣ ਵਾਲੀ ਸੀ ਜਦਕਿ ਮੁਲਜ਼ਮ ਸੰਜੀਤ ਮੂਲ ਰੂਪ ਵਿੱਚ ਬਿਹਾਰ ਦੇ ਸਹਰਸਾ ਜ਼ਿਲ੍ਹੇ ਦੀ ਸਿਮਰੀ ਬਖਤਿਆਰਪੁਰ ਤਹਿਸੀਲ ਦੇ ਤੁਲਸੀਆ ਪਿੰਡ ਦਾ ਰਹਿਣ ਵਾਲਾ ਹੈ।

ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਦੇ ਘਰ ਦੇ ਨਜ਼ਦੀਕ ਸੰਜੀਤ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਤੇ ਸੰਜੀਤ ਨੇ ਨਾਬਾਲਿਗ ਲੜਕੀ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਤੇ ਲੜਕੀ ਨੂੰ ਮੋਬਾਈਲ ਫ਼ੋਨ ਲੈ ਕੇ ਦਿੱਤਾ ਤੇ ਲੜਕੀ 11 ਮਾਰਚ ਨੂੰ ਸ਼ਾਮ 6:30 ਵਜੇ ਦੇ ਕਰੀਬ ਆਪਣੇ ਘਰੋਂ ਲਾਪਤਾ ਹੋ ਗਈ ਸੀ ਇਸਦੀ ਸੂਚਨਾ ਉਸਦੇ ਪਰਿਵਰਕ ਮੈਬਰਾਂ ਨੇ ਮੰਡੀ ਗੋਬਿੰਦਗੜ੍ਹ ਪੁਲਿਸ ਸਟੇਸ਼ਨ ਵਿੱਚ ਦਰਜ ਕਰਵਾਈ ਸੀ। ਵੀਰਵਾਰ ਸਵੇਰੇ ਇਸ ਲੜਕੀ ਦੀ ਲਾਸ਼ ਖੰਨਾ ਦੇ ਅਲੌੜ ਪਿੰਡ ਵਿਖੇ ਰੇਲਵੇ ਲਾਈਨ ਦੇ ਨਾਲ ਕਣਕ ਦੇ ਖੇਤਾਂ ਵਿੱਚ ਨੰਗੀ ਹਾਲਤ ਵਿੱਚ ਮਿਲੀ। ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਲਾਂ ਪਹਿਚਾਣ ਨਹੀਂ ਹੋ ਸਕੀ ਸੀ। ਜਦੋਂ ਪੁਲਿਸ ਨੇ ਮ੍ਰਿਤਕਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਤਾਂ ਮੰਡੀ ਗੋਬਿੰਦਗੜ੍ਹ ਤੋਂ ਮ੍ਰਿਤਕਾ ਦੇ ਪਰਿਵਾਰਿਕ ਮੈਂਬਰ ਪੁਲਿਸ ਕੋਲ ਆਏ ਤੇ ਆਪਣੀ ਧੀ ਦੀ ਪਹਿਚਾਣ ਕੀਤੀ। ਜਿਸਤੋਂ ਬਾਅਦ ਉਸਦੀ ਭੈਣ ਨੇ ਪੁਲਿਸ ਨੂੰ ਸੰਜੀਤ ਬਾਰੇ ਸੂਚਨਾ ਦਿੱਤੀ ਤੇ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਤੇ ਸੰਜੀਤ ਨੇ ਆਪਣਾ ਅਪਰਾਧ ਕਬੂਲ ਕਰ ਲਿਆ।












