
ਪਟਿਆਲਾ (ਦ ਸਟੈਲਰ ਨਿਊਜ਼)। ਪਟਿਆਲਾ ਵਿਚ ਇਕ ਕਰਨਲ ਨਾਲ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਬਾਹਰ ਕੁੱਟਮਾਰ ਕਰਨ ਦੇ ਮਾਮਲੇ ਵਿਚ ਵੱਡੀ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਤਿੰਨ ਇੰਸਪੈਕਟਰਾਂ ਸਮੇਤ 12 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।


ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਮਾਮਲੇ ਵਿਚ ਐਫਆਈਆਰ ਨੰਬਰ 65 ਥਾਣਾ ਸਿਵਲ ਲਾਈਨ ਵਿਚ ਦਰਜ ਕੀਤੀ ਗਈ ਹੈ ਤੇ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਜੋ 45 ਦਿਨਾਂ ਦੇ ਅੰਦਰ-ਅੰਦਰ ਪੂਰੀ ਕੀਤੀ ਜਾਵੇਗੀ। ਸਸਪੈਂਡ ਕੀਤੇ ਗਏ ਅਫਸਰਾਂ ਵਿਚ ਇੰਸਪੈਕਟਰ, ਏਐਸਆਈ ਤੇ ਕਾਂਸਟੇਬਲ ਪੱਧਰ ਦੇ ਅਧਿਕਾਰੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅਸੀਂ ਫੌਜੀ ਅਧਿਕਾਰੀ ਦੇ ਮਾਮਲੇ ‘ਚ ਮੁਆਫੀ ਮੰਗਦੇ ਹਾਂ। ਅਸੀਂ ਫੌਜ ਦਾ ਪੂਰਾ ਸਨਮਾਨ ਕਰਦੇ ਹਾਂ।
ਦੂਜੇ ਪਾਸੇ ਇਸ ਘਟਨਾ ਸਬੰਧੀ ਕਰਨਲ ਦੀ ਪਤਨੀ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਪੁਸ਼ਪਿੰਦਰ ਸਿੰਘ ਬਾਠ ਅਤੇ ਲੜਕੇ ਅੰਗਦ ਸਿੰਘ ਦੀ ਪੁਲਿਸ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ, ਇੰਸਪੈਕਟਰ ਹੈਰੀ ਬੋਪਾਰਾਏ ਅਤੇ ਇੰਸਪੈਕਟਰ ਰੌਣੀ ਸਿੰਘ ਅਤੇ ਉਨ੍ਹਾਂ ਦੇ ਕਰੀਬ 10 ਪੁਲਿਸ ਮੁਲਾਜ਼ਮਾਂ ਨੇ ਡੰਡਿਆਂ, ਬੇਸਬਾਲ ਬੈਟ ਅਤੇ ਕੁਝ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਉਸ ਦੇ ਪਤੀ ਨੂੰ ਕਈ ਸੱਟਾਂ ਲੱਗੀਆਂ ਅਤੇ ਉਸ ਦਾ ਖੱਬਾ ਹੱਥ ਟੁੱਟ ਗਿਆ। ਜਦਕਿ ਪੁੱਤਰ ਅੰਗਦ ਸਿੰਘ ਦੇ ਸਿਰ ‘ਤੇ ਡੂੰਘਾ ਜ਼ਖ਼ਮ ਹੈ। ਦੋਵੇਂ 14 ਮਾਰਚ ਨੂੰ ਦੁਪਹਿਰ 2 ਵਜੇ ਤੋਂ ਇਲਾਜ ਲਈ ਹਸਪਤਾਲ ਵਿੱਚ ਦਾਖਲ ਹਨ। ਘਟਨਾ ਵਾਲੀ ਥਾਂ ਦੀ ਫੁਟੇਜ ‘ਚ ਸਭ ਕੁਝ ਸਾਫ ਹੈ। ਉਹਨਾਂ ਦੱਸਿਆ ਕਿ ਘਟਨਾ ਤੋਂ ਬਾਅਦ ਕਾਫੀ ਦੇਰ ਬਾਅਦ ਪਤੀ ਅਤੇ ਪੁੱਤਰ ਦੇ ਬਿਆਨ ਦਰਜ ਕੀਤੇ ਗਏ। ਪਰ ਸਬੰਧਤ ਥਾਣੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਦੱਸਿਆ ਕਿ ਕਈ ਵਾਰ ਬੇਨਤੀ ਕਰਨ ਅਤੇ ਥਾਣਾ ਸਿਵਲ ਲਾਈਨ ਪਟਿਆਲਾ ਦੇ ਕਈ ਵਾਰ ਚੱਕਰ ਲਗਾਉਣ ਦੇ ਬਾਵਜੂਦ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ।












