
ਚੰਡੀਗੜ੍ਹ (ਦ ਸਟੈਲਰ ਨਿਊਜ਼)। ਪਾਕਿਸਤਾਨ ਨੇ ਲਗਾਤਾਰ ਚੌਥੇ ਦਿਨ ਪੰਜਾਬ ਤੇ ਹਮਲਾ ਕੀਤਾ ਹੈ। ਜਲੰਧਰ ਵਿੱਚ ਫਿਰ ਧਮਾਕੇ ਸੁਣਾਈ ਦਿੱਤੇ। ਇਸ ਦੌਰਾਨ ਬਠਿੰਡਾ, ਅੰਮ੍ਰਿਤਸਰ ਤੇ ਫਿਰੋਜ਼ਪੁਰ ਵਿੱਚ ਸਾਇਰਨ ਵੱਜ ਰਹੇ ਹਨ। ਸਵੇਰੇ 5 ਵਜੇ ਪਠਾਨਕੋਟ ਏਅਰਬੇਸ ਨਜ਼ਦੀਕ ਜ਼ੋਰਦਾਰ ਧਮਾਕੇ ਸੁਣਾਈ ਦਿੱਤੇ ਹਨ। ਜਾਣਕਾਰੀ ਮੁਤਾਬਕ ਫੌਜ ਨੇ ਸਵੇਰੇ ਅੰਮ੍ਰਿਤਸਰ ਦੇ ਪਿੰਡ ਵਡਾਲਾ ਵਿੱਚ ਇੱਕ ਡਰੋਨ ਨੂੰ ਡੇਗ ਦਿੱਤਾ। ਇਸ ਤੋਂ ਬਾਅਦ ਘਰ ਨੂੰ ਅੱਗ ਲੱਗ ਗਈ। ਗੁਰਦਾਸਪੁਰ ਦੇ ਕਸਬਾ ਚੱਕ ਸ਼ਰੀਫ ਅਤੇ ਪਿੰਡ ਛਿੱਛਰੇ ਵਿਚਕਾਰ ਸਵੇਰੇ 4:30 ਦੇ ਕਰੀਬ ਜ਼ੋਰਦਾਰ ਧਮਾਕਾ ਹੋਇਆ ਹੈ। ਇਸ ਧਮਾਕੇ ਦੇ ਕਾਰਨ ਜ਼ਮੀਨ ਵਿੱਚ ਡੂੰਘਾ ਟੋਇਆ ਪਿਆ ਹੈ ਅਤੇ ਲੋਕਾਂ ਦੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਹਨ।

ਇਸ ਘਟਨਾ ਤੋਂ ਬਾਅਦ ਪਿੰਡਾਂ ਵਿੱਚ ਸਹਿਮ ਦਾ ਮਾਹੌਲ ਹੈ। ਟਾਂਡਾ ਉੜਮੁੜ ਦੇ ਪਿੰਡ ਸੁੰਦਰਾ ਪੁੱਤਾਂ ਅਤੇ ਜਲੰਧਰ ਦੇ ਕਰਤਾਰਪੁਰ ਵਿੱਚ ਮਿਜ਼ਾਈਲ ਦੇ ਟੁਕੜੇ ਮਿਲੇ ਹਨ। ਅੰਮ੍ਰਿਤਸਰ ਵਿੱਚ ਰਾਜਾਸਾਂਸੀ ਦੇ ਪਿੰਡ ਮੁਗਲਾਨੀ ਕੋਟ, ਤਰਨਤਾਰਨ ਅਤੇ ਫਿਰੋਜ਼ਪੁਰ ਦੇ ਰਾਜਾਸਾਂਸੀ ਵਿੱਚ ਡਰੋਨ ਦੇ ਟੁਕੜੇ ਬਰਾਮਦ ਹੋਏ ਹਨ। ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਵਿੱਚ ਡਰੋਨ ਡਿੱਗਣ ਨਾਲ ਇੱਕ ਘਰ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ 3 ਲੋਕ ਗੰਭੀਰ ਜ਼ਖਮੀ ਹੋ ਗਏ। ਤਿੰਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।












