
ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਮਜੀਠਾ ਜ਼ਹਿਰੀਲੀ ਸ਼ਰਾਬ ਕਾਂਡ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਮਜੀਠਾ ਦੇ ਡੀਐਸਪੀ ਅਮੋਲਕ ਸਿੰਘ ਅਤੇ ਐਸਐਚਓ ਅਵਤਾਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਪੁਲਿਸ ਨੇ ਜ਼ਹਿਰੀਲੀ ਸ਼ਰਾਬ ਵੇਚਣ ਦੇ ਆਰੋਪ ਵਿੱਚ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਜ਼ਹਿਰੀਲੀ ਸ਼ਰਾਬ ਕਿੱਥੋਂ ਅਤੇ ਕਿਵੇਂ ਆਈ?

ਪੰਜਾਬ ਦੇ DGP ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮ੍ਰਿਤਸਰ ਦੇ ਮਜੀਠਾ ਵਿਚ ਵਾਪਰੀ ਇਕ ਮੰਦਭਾਗੀ ਘਟਨਾ ਵਿਚ ਨਕਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦੇ ਦੁਖਦਾਈ ਨੁਕਸਾਨ ਤੋਂ ਬਾਅਦ ਪੰਜਾਬ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਹੈ। ਇਸ ਨਕਲੀ ਸ਼ਰਾਬ ਰੈਕੇਟ ਦੇ ਕਿੰਗਪਿਨ ਅਤੇ ਕਈ ਸਥਾਨਕ ਸ਼ਰਾਬ ਵੇਚਣ ਵਾਲਿਆਂ ਸਮੇਤ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਕਲੀ ਸ਼ਰਾਬ ਬਣਾਉਣ ਲਈ ਆਨਲਾਈਨ ਖਰੀਦੇ ਜਾਣ ਤੋਂ ਬਾਅਦ ਈਥਾਨੋਲ ਦੀ ਵਰਤੋਂ ਕੀਤੀ ਗਈ ਤੇ ਪੂਰੀ ਵਿਧੀ ਦਾ ਪਰਦਾਫਾਸ਼ ਕਰਨ ਅਤੇ ਸ਼ਾਮਿਲ ਸਾਰਿਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਲਈ ਜਾਂਚ ਜਾਰੀ ਹੈ।












