
ਮੋਹਾਲੀ (ਦ ਸਟੈਲਰ ਨਿਊਜ਼)। ਮੋਹਾਲੀ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦੇ 18 ਸਾਲਾਂ ਨੌਜ਼ਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਹੇਮੰਤ ਉਰਫ਼ ਹੇਮੂ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਹੇਮੂ ਆਪਣੇ ਭਰਾ ਅਮਿਤ ਨਾਲ ਮੋਹਾਲੀ ਕਿਰਾਏ ਤੇ ਰਹਿੰਦਾ ਸੀ ਤੇ ਉਹ ਗੱਡੀ ਚਲਾਉਣ ਦਾ ਕੰਮ ਕਰਦਾ ਸੀ ਤੇ ਬੀਤੀ ਰਾਤ ਉਨ੍ਹਾਂ ਨੂੰ ਹੇਮੰਤ ਦੇ ਦੋਸਤ ਸੋਨੂੰ ਦਾ ਫ਼ੋਨ ਆਇਆ ਕਿ ਹੇਮੰਤ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਬਾਅਦ ਵਿੱਚ ਫ਼ੋਨ ਕਰਕੇ ਉਸਨੇ ਕਿਹਾ ਕਿ ਹੇਮੰਤ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਹੈ। ਜਦੋਂ ਉਹ ਮੋਹਾਲੀ ਪਹੁੰਚੇ ਤਾਂ ਹੇਮੰਤ ਦੀ ਲਾਸ਼ ਸਿਵਲ ਹਸਪਤਾਲ ਫੇਜ਼-6 ਵਿੱਚ ਸੀ।

ਮ੍ਰਿਤਕ ਦੇ ਮਾਮਾ ਨੇ ਦੱਸਿਆ ਕਿ ਹੇਮੰਤ ਦੇ ਦੋਸਤ ਸੋਨੂੰ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਸਦਾ ਇਸੇ ਇਲਾਕੇ ਦੇ ਰਹਿਣ ਵਾਲੇ ਸੰਦੀਪ ਗੱਬਰ ਅਤੇ ਰਿਜ਼ਵਾਨ ਨਾਲ ਪੈਸਿਆਂ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਕੁੱਝ ਦਿਨ ਪਹਿਲਾਂ ਵੀ ਉਹਨਾਂ ਨਾਲ ਉਸਦੀ ਤਕਰਾਰਬਾਜ਼ੀ ਹੋਈ ਸੀ, ਪਰ ਉਦੋਂ ਮਾਮਲਾ ਸ਼ਾਂਤ ਹੋ ਗਿਆ ਸੀ। ਐਤਵਾਰ ਰਾਤ ਨੂੰ ਜਦੋਂ ਹੇਮੰਤ ਖਾਣਾ ਖਾ ਕੇ ਸੈਕਟਰ 91 ਵਿੱਚ ਬਾਹਰ ਸੈਰ ਲਈ ਨਿਕਲਿਆ ਤਾਂ ਉਸ ਤੇ ਅਚਾਨਕ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਪਹਿਲਾਂ ਉਸਦੀ ਕੁੱਟਮਾਰ ਕੀਤੀ ਤੇ ਬਾਅਦ ਵਿੱਚ ਉਸਨੂੰ ਗੋਲੀ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।










