
ਕਪੂਰਥਲਾ (ਦ ਸਟੈਲਰ ਨਿਊਜ), ਗੌਰਵ ਮੜੀਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਅਤੇ ਸਮੁੱਚੀ ਲੀਡਰਸ਼ਿਪ ਦੇ ਵਲੋਂ ਫਤਿਹਗੜ੍ਹ ਸਾਹਿਬ ਦੇ ਸਾਧਾਰਣ ਕਿਸਾਨ ਪਰਿਵਾਰ ਦੇ ਨੌਜਵਾਨ ਜੁਝਾਰੂ ਅਤੇ ਦਲੇਰ ਲੀਡਰ ਸਰਬਜੀਤ ਸਿੰਘ ਝਿੰਜਰ ਨੂੰ ਯੂਥ ਅਕਾਲੀ ਦਲ ਦਾ ਦੂਜੀ ਵਾਰ ਪ੍ਰਧਾਨ ਨਿਯੁਕਤ ਕੀਤੇ ਜਾਣ ਦਾ ਸਵਾਗਤ ਕਰਦੇ ਹੋਏ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤਨਵੀਰ ਸਿੰਘ ਫਿਆਲੀ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਸਰਬਜੀਤ ਝਿੰਜਰ ਪਹਿਲਾ ਦੀ ਤਰ੍ਹਾਂ ਅਕਾਲੀ ਦਲ ਦੇ ਅਮੀਰ ਵਿਰਸੇ ਤੇ ਸਭਿਆਚਾਰ ਨੂੰ ਅੱਗੇ ਲੈ ਕ ਜਾਣਗੇ ਤੇ ਪੰਥ ਤੇ ਪੰਜਾਬ ਦੀ ਬੇਹਤਰੀ ਵਾਸਤੇ ਪੂਰੀ ਮਿਹਨਤ ਕਰਨਗੇ।ਫਿਆਲੀ ਨੇ ਦੱਸਿਆ ਕਿ ਝਿੰਜਰ ਪਹਿਲੀ ਸੰਗਠਨਾਤਮਕ ਪਹੁੰਚ ਦਾ ਲੋਹਾ ਮਨਵਾ ਚੁੱਕੇ ਹਨ ਤੇ ਯੂਥ ਅਕਾਲੀ ਦਲ ਲਈ ਉਹਨਾਂ ਅਹਿਮ ਯੋਗਦਾਨ ਪਾਇਆ ਹੈ ਤੇ ਉਹ ਜ਼ਮੀਨੀ ਪੱਧਰ ਦੇ ਆਗੂ ਮੰਨੇ ਜਾਂਦੇ ਹਨ।ਫਿਆਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਰਬਜੀਤ ਸਿੰਘ ਝਿੰਜਰ ਆਮ ਵਰਕਰ ਨੂੰ ਦੂਸਰੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਪੰਜਾਬ ਦਾ ਪ੍ਰਧਾਨ ਨਿਯੁਕਤ ਕਰਕੇ ਵਧੀਆ ਪਿਰਤ ਪਾਈ ਹੈ।ਸਰਬਜੀਤ ਸਿੰਘ ਝਿੰਜਰ ਦੀ ਨਿਯੁਕਤੀ ਤੇ ਵਧਾਈ ਦਿੰਦਿਆਂ ਅਤੇ ਸਵਾਗਤ ਕਰਦਿਆ ਫਿਆਲੀ ਨੇ ਜਿੱਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਉੱਥੇ ਸਾਰੇ ਯੂਥ ਆਗੂ ਤੇ ਸਮੁੱਚੀ ਲੀਡਰਸ਼ਿਪ ਨੂੰ ਵਧਾਈ ਦਿੱਤੀ ਹੈ। ਉਨ੍ਹਾਂਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਕ ਸਧਾਰਨ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਨੌਜਵਾਨ ਤੇ ਆਮ ਵਰਕਰ ਨੂੰ ਦੂਸਰੀ ਵਾਰ ਯੂਥ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਕਰਕੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹੈ।ਉਨ੍ਹਾਂਨੇ ਕਿਹਾ ਕਿ ਨੌਜਵਾਨ ਆਗੂ ਦੇ ਪ੍ਰਧਾਨ ਬਣਨ ਨਾਲ ਪਾਰਟੀ ਪਹਿਲਾ ਨਾਲੋਂ ਹੋਰ ਮਜ਼ਬੂਤ ਹੋਵੇਗੀ ਅਤੇ ਹੋਰ ਵੀ ਨੌਜਵਾਨਾਂ ਵਿੱਚ ਪਾਰਟੀ ਪ੍ਰਤੀ ਉਤਸ਼ਾਹ ਪੈਦਾ ਹੋਵੇਗਾ। ਫਿਆਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਕਾਫ਼ੀ ਹੁੰਗਾਰਾ ਦੇਖਣ ਨੂੰ ਮਿਲ ਰਿਹਾ ਹੈ ਤੇ ਲੋਕ ਆਪ ਮੁਹਾਰੇ ਭਰਤੀ ਮੁਹਿੰਮ ਦੇ ਫਾਰਮ ਭਰ ਕੇ ਹੀ ਪਾਰਟੀ ਨਾਲ ਜੁੜ ਰਹੇ ਹਨ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇੱਕ ਅਜਿਹੀ ਪਾਰਟੀ ਹੈ ਜੋ ਪੰਜਾਬ ਦੇ ਹਿਤਾਂ ਦੀ ਪਹਿਰੇਦਾਰੀ ਕਰਦੀ ਆਈ ਹੈ ਅਤੇ ਕਰਦੀ ਰਹੇਂਗੀ ਇਸ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਤਕੜੇ ਕਰਨਾ ਸਮੇਂ ਦੀ ਲੋੜ ਹੈ।ਉਨ੍ਹਾਂਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਭਰਤੀ ਮੁਹਿੰਮ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਪਾਰਟੀ ਵਰਕਰਾਂ ਵੱਲੋਂ ਪਿੰਡ ਪੱਧਰ ਤੇ ਜਾ ਕੇ ਪਾਰਟੀ ਵਰਕਰਾਂ ਦੇ ਭਰਤੀ ਫਾਰਮ ਭਰਵਾ ਕੇ ਮੈਂਬਰ ਬਣਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਭਰਤੀ ਮੁਹਿੰਮ ਤਹਿਤ ਅਸੀਂ ਅਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਅਤੇ ਲੋਕਾਂ ਨੂੰ ਆਉਣ ਵਾਲਿਆਂ ਸਮੱਸਿਆਵਾਂ ਦੀ ਪਹਿਰੇਦਾਰੀ ਕਰ ਉਸ ਨੂੰ ਹੱਲ ਕਰਾਂਗੇ।ਫਿਆਲੀ ਨੇ ਪੰਜਾਬ ਦੀ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਤੇ ਤਿੱਖੀ ਟਿਪਣੀ ਕਰਦਿਆਂ ਚਿੰਤਾ ਪ੍ਰਗਟ ਕੀਤੀ ਹੈ ਕਿ ਇਹ ਪੰਜਾਬ ਦੀ ਸ਼ਾਂਤੀ ਨੂੰ ਢਾਹ ਲਾਉਣ ਦੀ ਸੋਚੀ ਸਮਝੀ ਸਾਜ਼ਿਸ਼ ਹੋ ਸਕਦੀ ਹੈ।ਉਨ੍ਹਾਂਨੇ ਕਿਹਾ ਪੰਜਾਬ ਵਿੱਚ ਅਮਨ-ਕਾਨੂੰਨ ਦੀ ਨਿਰੰਤਰ ਵਿਗੜ ਰਹੀ ਸਥਿਤੀ ਬਹੁਤ ਹੀ ਚਿੰਤਾਜਨਕ ਹੈ।ਉਨ੍ਹਾਂਨੇ ਕਿਹਾ ਕਿ ਪੰਜਾਬੀਆਂ ਨੇ ਸਾਡੀ ਗੱਡੀ ਦਾ ਸਟੇਅਰਿੰਗ ਭਗਵੰਤ ਮਾਨ ਵਰਗੇ ਅਣਜਾਣ ਡਰਾਈਵਰ ਨੂੰ ਫੜਾ ਦਿੱਤਾ ਹੈ,ਜੋ ਸਾਨੂੰ ਸਿੱਧਾ ਖਾਈ ਵਿੱਚ ਸੁੱਟ ਰਿਹਾ ਹੈ।ਉਨ੍ਹਾਂ ਅੱਗੇ ਕਿਹਾ ਪਿਛਲੇ 20-25 ਸਾਲਾਂ ਵਿੱਚ ਪੰਜਾਬ ਵਿੱਚ ਕੀਤੇ ਗਏ ਸਾਰੇ ਚੰਗੇ ਕੰਮਾਂ ਨੂੰ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਪੂਰੀ ਤਰ੍ਹਾਂ ਨਾਲ ਬਰਬਾਦ ਕਰ ਦਿੱਤਾ ਹੈ।ਫਿਆਲੀ ਨੇ ਅੱਗੇ ਕਿਹਾ ਪੰਜਾਬ ਵਿੱਚ ਪਹਿਲਾਂ ਕਦੇ ਗ੍ਰੇਨੇਡ ਹਮਲੇ ਦੀ ਗੱਲ ਨਹੀਂ ਸੁਣੀ ਗਈ ਸੀ।ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਪੰਜਾਬ ਜੋ ਕਿ ਇੱਕ ਸਰਹੱਦੀ ਸੂਬਾ ਹੈ,ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਸੰਭਾਲਣ ਵਿੱਚ ਕਾਮਯਾਬ ਨਹੀਂ ਹੋ ਸਕੀ।
ਫਿਆਲੀ ਨੇ ਅੱਗੇ ਕਿਹਾ ਹਰ ਰੋਜ਼ ਗੈਂਗਸਟਰ ਪੰਜਾਬੀਆਂ ਨੂੰ ਸ਼ਰੇਆਮ ਧਮਕੀਆਂ ਦੇ ਰਹੇ ਹਨ,ਸਾਡੇ ਤੇ ਗੋਲੀਆਂ ਚਲਾ ਰਹੇ ਹਨ,ਅਤੇ ਹੁਣ ਤਾਂ ਗ੍ਰੇਨੇਡਾਂ ਅਤੇ ਬੰਬਾਂ ਨਾਲ ਵੀ ਹਮਲੇ ਕਰ ਰਹੇ ਹਨ,ਉਹ ਵੀ ਥਾਣਿਆਂ ਤੇ ਜਦੋਂ ਕਿ ਇਹ ਅਣਜਾਣ ਭਗਵੰਤ ਮਾਨ ਸਰਕਾਰ ਸੁੱਤੀ ਹੋਈ ਹੈ।ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਕੋਈ ਵੀ ਉਦਯੋਗ ਅਤੇ ਕਾਰੋਬਾਰ ਪੰਜਾਬ ਵਿੱਚ ਨਹੀਂ ਆਉਣਾ ਚਾਹੁੰਦਾ ਅਤੇ ਮੌਜੂਦਾ ਵੀ ਰਾਜ ਛੱਡ ਕੇ ਜਾ ਰਹੇ ਹਨ।ਫਿਆਲੀ ਨੇ ਦਾਅਵਾ ਕੀਤਾ ਇਹ ਸਭ ਕੁਝ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਪੰਜਾਬ ਨੂੰ ਜਾਣ ਬੁੱਝ ਕੇ ਤੋੜਿਆ ਜਾ ਰਿਹਾ ਹੈ ਅਤੇ ਸਾਡੀ ਸ਼ਾਂਤੀ ਨੂੰ ਜਾਣਬੁੱਝ ਕੇ ਤਬਾਹ ਕੀਤਾ ਜਾ ਰਿਹਾ ਹੈ।ਉਨ੍ਹਾਂ ਨੌਜਵਾਨਾਂ ਨੂੰ ਬੇਨਤੀ ਕਰਦਿਆਂ ਕਿਹਾ ਸੋ ਮੇਰੀ ਸਾਡੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਜਾਗੋ,ਇਸ ਬਦਲਾਵ ਵਾਲਿਆਂ ਨੇ ਸਾਡੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ।ਅਸੀਂ ਅੱਜ ਇਨ੍ਹਾਂ ਦੇ ਏਜੰਡੇ ਤੇ ਚਲਦਿਆਂ ਆਪਣੀ ਹੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਨੁਕਤਾਚੀਨੀ ਕਰਨ ਵਿੱਚ ਰੁੱਝ ਗਏ ਹਾਂ।ਜਦਕਿ ਸਾਡਾ ਸੂਬਾ ਪੂਰੀ ਤਰ੍ਹਾਂ ਤਬਾਹ ਹੋ ਰਿਹਾ ਹੈ।ਉਨ੍ਹਾਂ ਮੁੱਖ ਮੰਤਰੀ ਤੇ ਵਰ੍ਹਦਿਆਂ ਕਿਹਾ ਭਗਵੰਤ ਮਾਨ ਜੀ ਤੁਸੀਂ ਆਪਣੀ ਘਟ ਸਮਝ ਅਤੇ ਲਾਲਚ ਕਾਰਨ ਪੂਰੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ,ਜਾਗੋ ਅਤੇ ਥੋੜੀ ਜਿਹੀ ਰੀੜ੍ਹ ਦੀ ਹੱਡੀ ਰੱਖੋ,ਅਜੇ ਵੀ ਸਮਾਂ ਹੈ, ਨਹੀਂ ਤਾਂ ਤੁਹਾਨੂੰ ਪੰਜਾਬ ਦੇ ਮੁੱਖ ਮੰਤਰੀ ਰਹਿਣ ਦਾ ਕੋਈ ਹੱਕ ਨਹੀਂ ਹੈ ਅਤੇ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ।











