
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮਡ਼ੀਆ। ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਸ਼ਾਮ ਸੁੰਦਰ ਅਗਰਵਾਲ ਨੇ ਰਿਆਸਤੀ ਸ਼ਹਿਰ ਕਪੂਰਥਲਾ ਵਿੱਚ ਥਾਂ ਥਾਂ ਲੱਗੇ ਕੂੜੇ ਅਤੇ ਗੰਦਗੀ ਦੇ ਢੇਰਾਂ ਉੱਤੇ ਆਪਣੀ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਹੋਇਆਂ ਆਖਿਆ ਕਿ ਪੰਜਾਬ ਦੇ ਪੈਰਿਸ ਸ਼ਹਿਰ ਦਾ ਦਰਜਾ ਰੱਖਦੇ ਰਿਆਸਤੀ ਸ਼ਹਿਰ ਕਪੂਰਥਲਾ ਨੂੰ ਕੂੜਾ ਮੁਕਤ ਕਰਨ ਲਈ ਜਿਲ੍ਹਾ ਪ੍ਰਸ਼ਾਸ਼ਨ ਅਤੇ ਨਗਰ ਨਿਗਮ ਕਪੂਰਥਲਾ ਦੇ ਅਧਿਕਾਰੀ ਆਪਣੀ ਨੈਤਿਕ ਡਿਊਟੀ ਨਿਭਾਉਣ। ਓਹਨਾਂ ਆਖਿਆ ਕਿ ਸ਼ਹਿਰ ਕਪੂਰਥਲਾ ਵਿੱਚ ਥਾਂ ਥਾਂ ਲੱਗੇ ਕੂੜੇ ਅਤੇ ਗੰਦਗੀ ਦੇ ਢੇਰਾਂ ਲਈ ਮੌਜੂਦਾ ਹਲਕਾ ਵਿਧਾਇਕ, ਨਗਰ ਨਿਗਮ ਕਪੂਰਥਲਾ ਦੇ ਕਮਿਸ਼ਨਰ, ਜਿਲ੍ਹਾ ਡਿਪਟੀ ਕਮਿਸ਼ਨਰ ਕਪੂਰਥਲਾ, ਨਗਰ ਨਿਗਮ ਕਪੂਰਥਲਾ ਦੇ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਅਤੇ ਸ਼ਹਿਰ ਕਪੂਰਥਲਾ ਦੇ ਲੋਕਾਂ ਵੱਲੋਂ ਚੁਣੇ ਹੋਏ 50 ਕੌਂਸਲਰ ਪੂਰੀ ਤਰ੍ਹਾਂ ਜਿੰਮੇਵਾਰ ਹਨ ਜਿਨ੍ਹਾਂ ਦੀ ਸ਼ਹਿਰ ਕਪੂਰਥਲਾ ਦੇ ਲੋਕਾਂ ਨੇ ਸ਼ਹਿਰ ਦੀ ਸਾਫ ਸਫਾਈ ਵਿਵਸਥਾ ਬਣਾਈ ਰੱਖਣ ਲਈ ਡਿਊਟੀ ਫਿਕਸ ਕੀਤੀ ਹੈ।

ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਸ਼ਾਮ ਸੁੰਦਰ ਅਗਰਵਾਲ ਨੇ ਆਖਿਆ ਕਿ ਉਕਤ ਸਾਰੇ ਅਹੁਦਿਆਂ ਉੱਤੇ ਬੈਠੇ ਜਿੰਮੇਵਾਰ ਆਹੁਦੇਦਾਰ ਆਪਣੀ ਨੈਤਿਕ ਜਿੰਮੇਵਾਰੀ ਤੋਂ ਭੱਜ ਨਹੀਂ ਸਕਦੇ। ” ਆਪ “ਆਗੂ ਸ਼ਹਿਰ ਦੀ ਵਿਗੜੀ ਸਾਫ ਸਫਾਈ ਵਿਵਸਥਾ ਨੂੰ ਠੀਕ ਕਰਨ ਤੋਂ ਇਹ ਕਹਿ ਕੇ ਭੱਜ ਨਹੀਂ ਸਕਦੇ ਕੇ ਨਗਰ ਨਿਗਮ ਕਪੂਰਥਲਾ ਦੀ ਕਾਰਜਕਾਰਣੀ ਕਮੇਟੀ ਵਿੱਚ ਸਾਡਾ ਕੋਈ ਕੌਂਸਲਰ ਨਹੀਂ ਹੈ। ਇਸੇ ਤਰ੍ਹਾਂ ਹਲਕਾ ਵਿਧਾਇਕ ਕਪੂਰਥਲਾ ਅਤੇ ਓਸ ਦੇ ਸਾਰੇ ਬਹੁ ਗਿਣਤੀ ਕੌਂਸਲਰ ਇਹ ਆਖ ਕੇ ਆਪਣੀ ਜਿੰਮੇਵਾਰ ਤੋਂ ਭੱਜ ਨਹੀਂ ਸਕਦੇ ਕਿ ਸਰਕਾਰ ਆਮ ਆਦਮੀ ਪਾਰਟੀ ਦੀ ਹੈ। ਭਾਜਪਾ ਆਗੂ ਸ਼ਾਮ ਸੁੰਦਰ ਅਗਰਵਾਲ ਨੇ ਆਖਿਆ ਕਿ ਸ਼ਹਿਰ ਕਪੂਰਥਲਾ ਪਿਛਲੇ ਲੰਬੇ ਸਮੇਂ ਤੋਂ ਕੂੜੇ ਅਤੇ ਗੰਦਗੀ ਦੀ ਗੰਭੀਰ ਸਮੱਸਿਆ ਨਾਲ਼ ਜੂਝ ਰਿਹਾ ਹੈ ਜਿਸ ਨੂੰ ਠੀਕ ਕਰਨ ਲਈ ਉਕਤ ਸਾਰੀਆਂ ਜਿੰਮੇਵਾਰ ਧਿਰਾਂ ਨੇ ਕਦੀ ਵੀ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਨਹੀਂ ਨਿਭਾਇਆ ਜਿਸ ਕਰਕੇ ਰਿਆਸਤੀ ਸ਼ਹਿਰ ਕਪੂਰਥਲਾ ਵਿੱਚ ਥਾਂ ਥਾਂ ਕੂੜੇ ਅਤੇ ਗੰਦਗੀ ਦੇ ਢੇਰਾਂ ਵਿੱਚੋਂ ਬਾਰਿਸ਼ਾਂ ਅਤੇ ਹੁੰਮਸ ਕਾਰਨ ਫ਼ੈਲੀ ਗੰਦਗੀ ਨੇ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ। ਓਹਨਾਂ ਆਖਿਆ ਜਿੰਮੇਵਾਰ ਉਕਤ ਅਹਿਮ ਸ਼ਖਸ਼ੀਅਤਾਂ ਦੀ ਅਣਗੇਹਲੀ ਕਾਰਨ ਸ਼ਹਿਰ ਕਪੂਰਥਲਾ ਨਰਕ ਦਾ ਦੁਆਰ ਬਣ ਕੇ ਰਹਿ ਗਿਆ ਹੈ। ਉਹਨਾਂ ਆਖਿਆ ਕੇ ਸ਼ਹਿਰ ਦੇ ਲੋਕ ਆਪਣੀ ਜਿੰਮੇਵਾਰੀ ਤੋਂ ਭੱਜਣ ਵਾਲੇ ਉਕਤ ਜਿੰਮੇਵਾਰ ਲੋਕਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ।












