Sunday, October 11, 2026
Home Chandigarh ਬਦਨਾਮ ਨਸ਼ਾ ਤਸਕਰ 3.5 ਕਿਲੋ ਹੈਰੋਇਨ ਅਤੇ 2 ਲੱਖ ਦੀ ਡਰੱਗ ਮਨੀ...

ਬਦਨਾਮ ਨਸ਼ਾ ਤਸਕਰ 3.5 ਕਿਲੋ ਹੈਰੋਇਨ ਅਤੇ 2 ਲੱਖ ਦੀ ਡਰੱਗ ਮਨੀ ਸਮੇਤ ਕਾਬੂ

ਚੰਡੀਗੜ੍ਹ/ਜਲੰਧਰ (ਦ ਸਟੈਲਰ ਨਿਊਜ਼)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਵਿੱਢੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ, ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ‘ਚੋਂ 3.5 ਕਿਲੋ ਹੈਰੋਇਨ ਅਤੇ 2 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦਿੱਤੀ।

Advertisements

ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰ ਦੀ ਪਛਾਣ ਮਨਜੀਤ ਸਿੰਘ ਵਾਸੀ ਜਲੰਧਰ ਐਨਕਲੇਵ, ਨੇੜੇ ਖਾਂਬਰਾ, ਜਲੰਧਰ ਵਜੋਂ ਹੋਈ ਹੈ। ਗ੍ਰਿਫ਼ਤਾਰ ਕੀਤਾ ਗਿਆ ਦੋਸ਼ੀ ਆਦਤਨ ਨਸ਼ਾ ਤਸਕਰ ਹੈ ਅਤੇ ਉਸ ਵਿਰੁੱਧ ਪੰਜਾਬ ਅਤੇ ਨਵੀਂ ਦਿੱਲੀ ਵਿੱਚ ਐਨਡੀਪੀਐਸ ਐਕਟ ਤਹਿਤ ਤਿੰਨ ਮਾਮਲੇ ਦਰਜ ਹਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਅਗਲੇ-ਪਿੱਛਲੇ ਸਬੰਧ ਸਥਾਪਤ ਕਰਨ ਲਈ ਜਾਂਚ ਜਾਰੀ ਹੈ ਤਾਂ ਜੋ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ।

ਇਸ ਆਪ੍ਰੇਸ਼ਨ ਬਾਰੇ ਵੇਰਵੇ ਸਾਂਝੇ ਕਰਦਿਆਂ ਕਮਿਸ਼ਨਰ ਆਫ ਪੁਲਿਸ (ਸੀਪੀ) ਜਲੰਧਰ ਧੰਨਪ੍ਰੀਤ ਕੌਰ ਨੇ ਦੱਸਿਆ ਕਿ ਇੱਕ ਵਿਸ਼ੇਸ਼ ਚੈਕਿੰਗ ਦੌਰਾਨ, ਇੰਸਪੈਕਟਰ ਜਸਪਾਲ ਸਿੰਘ ਦੀ ਅਗਵਾਈ ਵਾਲੀ ਸਪੈਸ਼ਲ ਸੈੱਲ ਦੀਆਂ ਪੁਲਿਸ ਟੀਮਾਂ ਨੇ ਮਨਜੀਤ ਸਿੰਘ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ। ਉਨ੍ਹਾਂ ਦੱਸਿਆ ਕਿ ਉਸਦੀ ਤਲਾਸ਼ੀ ਦੌਰਾਨ, ਪੁਲਿਸ ਟੀਮਾਂ ਨੇ ਉਸਦੀ ਕਾਲੇ ਰੰਗ ਦੀ ਕਿੱਟ ਵਿੱਚੋਂ ਹੈਰੋਇਨ ਦੀ ਖੇਪ ਅਤੇ ਡਰੱਗ ਮਨੀ ਬਰਾਮਦ ਕੀਤੀ।

ਸੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਇਹ ਖੇਪ ਕਿਸੇ ਵਿਅਕਤੀ ਨੂੰ ਡਿਲੀਵਰ ਕਰਨ ਜਾ ਰਿਹਾ ਸੀ, ਜਦੋਂ ਪੁਲਿਸ ਟੀਮਾਂ ਨੇ ਉਸ ਨੂੰ ਕਾਬੂ ਕਰ ਲਿਆ। ਉਨ੍ਹਾਂ ਅੱਗੇ ਕਿਹਾ ਕਿ ਇਸ ਖੇਪ ਦੇ ਸਰੋਤ ਅਤੇ ਉਸ ਵਿਅਕਤੀ, ਜਿਸ ਨੂੰ ਇਹ ਖੇਪ ਡਿਲੀਵਰ ਕਰਨੀ ਸੀ, ਦੀ ਪਛਾਣ ਕਰਨ ਲਈ ਜਾਂਚ ਜਾਰੀ ਹੈ।

ਇਸ ਸਬੰਧੀ, ਐਫਆਈਆਰ ਨੰਬਰ 222 ਮਿਤੀ 30/8/2025 ਨੂੰ ਐਨਡੀਪੀਐਸ ਐਕਟ ਦੀ ਧਾਰਾ 21ਸੀ ਅਤੇ 27ਏ ਤਹਿਤ ਥਾਣਾ ਸਦਰ ਕਮਿਸ਼ਨਰੇਟ ਜਲੰਧਰ ਵਿਖੇ ਦਰਜ ਕੀਤੀ ਗਈ ਹੈ।

LEAVE A REPLY

Please enter your comment!
Please enter your name here