
ਮੋਹਾਲੀ (ਦ ਸਟੈਲਰ ਨਿਊਜ਼ )। ਮੋਹਾਲੀ ਵਿੱਚ 3 ਸਾਲ ਪਹਿਲਾਂ ਪੰਚਕੂਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਦੀ ਨਰਸ ਨਸੀਬ ਕੌਰ ਦਾ ਕਤਲ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਮੋਹਾਲੀ ਜ਼ਿਲ੍ਹਾ ਅਦਾਲਤ ਨੇ ਨਰਸ ਦੇ ਪ੍ਰੇਮੀ ਅਤੇ ਸਾਬਕਾ ਪੁਲਿਸ ਕਰਮੀ ਰਸ਼ਪਾਲ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਨੂੰ ਉਮਰ ਕੈਦ ਦੇ ਨਾਲ 40 ਹਜ਼ਾਰ ਰੁਪਏ ਜੁਰਮਾਨਾ ਭਰਨ ਦੇ ਹੁਕਮ ਦਿੱਤੇ ਹਨ। ਸਬੂਤ ਨਸ਼ਟ ਕਰਨ ਲਈ ਆਈ.ਪੀ.ਸੀ. ਦੀ ਧਾਰਾ 201 ਤਹਿਤ ਉਸ ਨੂੰ ਤਿੰਨ ਸਾਲ ਦੀ ਕਠੋਰ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ। ਸਜ਼ਾ ਸੁਣਾਏ ਜਾਣ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਨਸੀਬ ਕੌਰ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਮਿਲੀ ਸੀ। ਇਸ ਹਾਦਸੇ ਤੋਂ 11 ਦਿਨ ਬਾਅਦ ਪੁਲਿਸ ਨੇ ਮੋਹਾਲੀ ਦੇ ਸੈਕਟਰ 67 ਤੋਂ ਰਸ਼ਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਉਸ ਨੇ ਕਬੂਲ ਕੀਤਾ ਕਿ ਕਤਲ ਵਾਲੀ ਰਾਤ ਉਹ ਨਸੀਬ ਕੌਰ ਦੇ ਨਾਲ ਸ਼ਰਾਬ ਪੀ ਰਿਹਾ ਸੀ। ਨਸੀਬ ਕੌਰ ਉਸ ਤੇ ਵਿਆਹ ਦਾ ਦਬਾਅ ਬਣਾ ਰਹੀ ਸੀ ਜਿਸ ਕਾਰਨ ਰਸ਼ਪਾਲ ਨੇ ਗੁੱਸੇ ਵਿੱਚ ਆ ਕੇ ਉਸਦਾ ਗਲਾ ਘੁੱਟ ਦਿੱਤਾ। ਅਤੇ ਲਾਸ਼ ਨੂੰ ਨੇੜੇ ਦੇ ਤਲਾਬ ਵਿੱਚ ਸੁੱਟ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ।ਜਿਸ ਅਧਾਰ ਤੇ ਰਸ਼ਪਾਲ ਨੂੰ ਗ੍ਰਿਫਤਾਰ ਕੀਤਾ ਸੀ।












