
ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫਿਲੇ ਨਾਲ ਜੁੜੀਆਂ ਗੱਡੀਆਂ ਦਾ ਸੜਕ ਹਾਦਸੇ ਵਿੱਚ ਸ਼ਿਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਦੀ ਇੱਕ ਤੇਜ਼ ਰਫ਼ਤਾਰ ਬੱਸ ਨੇ ਅਚਾਨਕ ਅੱਗੇ ਜਾ ਰਹੀਆਂ ਕਾਫਲੇ ਦੀਆਂ ਦੋ ਫੋਰਚੂਨਰ ਕਾਰਾਂ ਅਤੇ ਪਿੱਛੋਂ ਆ ਰਹੀ ਡੀਐਸਪੀ ਇੰਦਰਜੀਤ ਸਿੰਘ ਦੀ ਥਾਰ ਗੱਡੀ ਨਾਲ ਜਾ ਟੱਕਰ ਮਾਰੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਗੱਡੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ।

ਹਾਲਾਂਕਿ, ਕਾਰਾਂ ਦੇ ਏਅਰਬੈਗ ਖੁੱਲ੍ਹ ਜਾਣ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ ਅਤੇ ਕਾਫਲੇ ਵਿੱਚ ਸ਼ਾਮਲ ਕਈ ਵੱਡੀਆਂ ਹਸਤੀਆਂ ਸੁਰੱਖਿਅਤ ਰਹੀਆਂ। ਇਸ ਹਾਦਸੇ ਵਿੱਚ ਕੁਝ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ।











