
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਕਪੂਰਥਲਾ ਹਲਕਾ ਦੇ ਵੱਖ ਵੱਖ ਪਿੰਡਾਂ ਲਈ ਸੂਬਾ ਸਰਕਾਰ ਦੇ ਵਲੋਂ ਪੇਜੀ ਗਈ। ਢਾਈ ਕਰੋੜ ਦੀ ਗ੍ਰਾਂਟ ਦੇ ਚੈੱਕ ਭੇਂਟ ਕਰਦਿਆਂ ਕਹੀ। ਇਸ ਮੌਕੇ ਐਡਵੋਕੇਟ ਚੰਦੀ ਨੇ ਦੱਸਿਆ ਕਿ ਇਨ੍ਹਾਂ ਗਰਾਂਟਾਂ ਦੀ ਵਰਤੋਂ ਬੁਨਿਆਦੀ ਢਾਂਚੇ ਦੀ ਮਜ਼ਬੂਤੀ, ਲੋਕਾਂ ਲਈ ਸਹੂਲਤਾਂ,ਆਉਣ-ਜਾਣ ਵਾਲੇ ਰਸਤਿਆਂ ਦੀ ਦਿੱਖ ਸੰਵਾਰਨਾ ਅਤੇ ਹੋਰ ਲੋੜੀਂਦੇ ਵਿਕਾਸ ਕਾਰਜ ਕਰਵਾਏ ਜਾਣਗੇ ਤਾਂ ਕਿ ਇਨ੍ਹਾਂ ਪਿੰਡਾਂ ਤੇ ਸ਼ਹਿਰਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾ ਸਕੇ। ਐਡਵੋਕੇਟ ਚੰਦੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਜਿਹੜੀ ਪੰਚਾਇਤ ਜਿੰਨੀ ਜ਼ਿਆਦਾ ਸਰਗਰਮ ਹੋਵੇਗੀ, ਉੱਥੇ ਲੋਕਾਂ ਨੂੰ ਉਨੀਆਂ ਹੀ ਵਧੀਆ ਬੁਨਿਆਦੀ ਸਹੂਲਤਾਂ ਮਿਲਣਗੀਆਂ।

ਇਹ ਯੋਜਨਾ ਰੰਗਲਾ ਪੰਜਾਬ ਅਤੇ ਮਜ਼ਬੂਤ ਪਿੰਡਾਂ ਦੇ ਨਿਰਮਾਣ ਦੀ ਦਿਸ਼ਾ ਵਿਚ ਇਕ ਕ੍ਰਾਂਤੀਕਾਰੀ ਕਦਮ ਮੰਨੀ ਜਾ ਰਹੀ ਹੈ।ਉਨ੍ਹਾਂਨੇ ਕਿਹਾ ਕਿ ਸਰਕਾਰ ਨੇ ਪਿੰਡਾਂ ਵਿਚ ਸੜਕ, ਪਾਣੀ, ਖੇਡਾਂ, ਪੜ੍ਹਾਈ,ਸਿਹਤ,ਖੇਤੀਬਾੜੀ ਅਤੇ ਬਿਜਲੀ ਵਰਗੇ ਸਾਰੇ ਮੁੱਖ ਕੰਮਾਂ ਤੇ ਬਰਾਬਰ ਧਿਆਨ ਦੇਣ ਦਾ ਵਾਅਦਾ ਕੀਤਾ ਹੈ।ਉਨ੍ਹਾਂਨੇ ਕਿਹਾ ਕਿ ਆਪ ਸਰਕਾਰ ਦੀ ਇਹ ਸੋਚ ਹੈ ਕਿ ਸੂਬੇ ਦੇ ਸਾਰੇ ਪਿੰਡਾਂ ਨੂੰ ਸਾਫ਼ ਸੁਥਰੇ ਬਣਾ ਕੇ ਸ਼ਹਿਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸਿਹਤ ਤੇ ਸਿੱਖਿਆ ਮੁੱਖ ਤਰਜੀਹ ਹੈ, ਜਿਸ ਤਹਿਤ ਸੂਬੇ ਚ ਆਮ ਆਦਮੀ ਕਲੀਨਿਕ ਖੋਲੇ ਗਏ ਹਨ ਜਿਥੇ ਦੋ ਕਰੋੜ ਤੋਂ ਵੱਧ ਲੋਕਾਂ ਨੇ ਆਪਣਾ ਇਲਾਜ ਕਰਵਾਇਆ ਹੈ। ਇਸੇ ਤਰ੍ਹਾਂ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਸੁਧਾਰ ਕਰਦਿਆਂ ਸਕੂਲ ਆਫ਼ ਐਮੀਨੈਂਸ ਖੋਲ੍ਹੇ ਗਏ ਹਨ।ਉਨ੍ਹਾਂ ਕਿਹਾ ਕਿ ਸਭ ਤੋਂ ਦੁੱਖ ਦੀ ਗੱਲ ਹੈ ਕਿ ਅਕਾਲੀਆਂ ਨੇ ਹਮੇਸ਼ਾ ਧਰਮ ਨੂੰ ਢਾਲ ਵਜੋਂ ਵਰਤਿਆ ਹੈ ਅਤੇ ਹੁਣ ਜਦੋਂ ਲੋਕਾਂ ਦੀਆਂ ਨਜ਼ਰਾਂ ਵਿੱਚ ਡਿੱਗ ਚੁੱਕੇ ਹਨ ਤਾਂ ਸਾਨੂੰ ਮਰਿਆਦਾ ਦਾ ਪਾਠ ਪੜ੍ਹਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਪਿਛਲੇ ਸਮੇਂ ਗੁਰੂ ਸਾਹਿਬਾਨ ਦੀਆਂ ਵੱਡੀਆਂ ਸ਼ਤਾਬਦੀਆਂ ਸਾਰੀਆਂ ਸਰਕਾਰਾਂ ਵੱਲੋਂ ਮਨਾਈਆਂ ਜਾਂਦੀਆਂ ਰਹੀਆਂ ਹਨ। ਪਰ ਜਦੋਂ ਸਾਡੀ ਸਰਕਾਰ ਸ਼ਰਧਾ ਭਾਵਨਾ ਨਾਲ ਫਰਜ਼ ਨਿਭਾਉਂਦੇ ਹੋਏ ਇਹ ਸਮਾਗਮ ਕਰਵਾਉਂਦੀ ਰਹੀ ਹੈ ਤਾਂ ਵਿਰੋਧੀ ਧਿਰਾਂ ਸਾਜ਼ਿਸ਼ਾਂ ਘੜ ਰਹੀਆਂ ਹਨ।











