
ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਸ੍ਰੀ ਹਰਿਮੰਦਰ ਸਾਹਿਬ ਵਿਖੇ ਪਵਿੱਤਰ ਸਰੋਵਰ ਵਿੱਚ ਬੈਠੇ ਇੱਕ ਨੌਜਵਾਨ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ। ਜਿਸ ਨੂੰ ਲੈ ਕੇ ਮਾਮਲਾ ਕਾਫੀ ਭਖ ਗਿਆ ਹੈ। ਇਹ ਮਾਮਲਾ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵੀ ਪਹੁੰਚ ਗਿਆ ਹੈ। ਇਸ ‘ਤੇ ਹੁਣ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਦਾ ਬਿਆਨ ਸਾਹਮਣੇ ਆਇਆ ਹੈ।

ਕੁਲਵੰਤ ਮੰਨਣ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ ਅਤੇ ਵੀਡੀਓ ਬਾਰੇ ਵੀ ਜਾਂਚ ਕਰਵਾਈ ਜਾਵੇਗੀ ਕਿ ਇਹ ਅਸਲੀ ਹੈ ਜਾਂ ਫਿਰ ਏਆਈ ਰਾਹੀਂ ਬਣਾਈ ਗਈ। ਮੁੱਖ ਸਕਤਰ ਦਾ ਕਹਿਣਾ ਸੀ ਕਿ ਉਹ ਇਹ ਵੀ ਜਾਂਚ ਕਰਨਗੇ ਕਿ ਉਸ ਮੌਕੇ ਜੇ ਸੇਵਾਦਾਰ ਦੀ ਡਿਊਟੀ ਸੀ ਤਾਂ ਕਿਵੇਂ ਉਸ ਦਾ ਧਿਆਨ ਨਹੀਂ ਪਿਆ, ਜਿਸ ਕਰਕੇ ਅਜਿਹਾ ਹੋਇਆ। ਵਾਇਰਲ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਨੌਜਵਾਨ ਬੈਠਾ ਹੈ ਅਤੇ ਸਰੋਵਰ ਵਿੱਚੋਂ ਹੱਥ ਨਾਲ ਪਾਣੀ ਚੁੱਕਦਾ ਹੈ, ਜਿਸ ਬਾਰੇ ਉਸ ਦੀ ਗਤੀਵਿਧੀ ਸ਼ੱਕੀ ਜਾਪਦੀ ਹੈ।












