
ਅਮ੍ਰਿਤਸਰ (ਦ ਸਟੈਲਰ ਨਿਊਜ਼)। ਅਮ੍ਰਿਤਸਰ ਦੇ ਬਟਾਲਾ ਰੋਡ ਤੇ ਘਸੀਟਪੁਰਾ ਦੇ ਨੇੜੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਹਾਦਸੇ ਵਿੱਚ ਸਵਾਰੀਆਂ ਨਾਲ ਭਰੀ ਬੱਸ ਤੇ ਟਰੱਕ ਵਿਚਕਾਰ ਟੱਕਰ ਹੋ ਗਈ। ਜਿਸ ਕਾਰਨ ਆਵਾਜਾਈ ਠੱਪ ਹੋ ਗਈ।

ਜਾਣਕਾਰੀ ਮੁਤਾਬਕ ਬੱਸ ਬਟਾਲਾ ਵੱਲ ਜਾ ਰਹੀ ਸੀ, ਜਦਕਿ ਟਰੱਕ ਇੱਕ ਪੈਟਰੋਲ ਪੰਪ ਤੋਂ ਤੇਲ ਭਰਵਾ ਕੇ ਨਿਕਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਟਰੱਕ ਅਚਾਨਕ ਯੂ-ਟਰਨ ਲੈਣ ਲੱਗਾ, ਜਿਸ ਕਾਰਨ ਬੱਸ ਆਉਟ ਆਫ਼ ਕੰਟਰੋਲ ਹੋ ਕੇ ਟਰੱਕ ਨਾਲ ਜਾ ਵੱਜੀ। ਟੱਕਰ ਦੇ ਸਮੇਂ ਬੱਸ ਵਿੱਚ ਕਈ ਸਵਾਰੀਆਂ ਮੌਜੂਦ ਸਨ, ਜੋ ਕਿ ਗਨੀਮਤ ਰਹੀ ਕਿ ਬਾਲ-ਬਾਲ ਬਚ ਗਈਆਂ। ਹਾਦਸੇ ਵਿੱਚ ਬੱਸ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਮੌਕੇ ’ਤੇ ਮੌਜੂਦ ਲੋਕਾਂ ਦੀ ਮਦਦ ਨਾਲ ਜ਼ਖ਼ਮੀ ਡਰਾਈਵਰ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ, ਜਿੱਥੇ ਉਹ ਜੇਰੇ ਇਲਾਜ ਹੈ। ਸਵਾਰੀਆਂ ਵਿੱਚੋਂ ਕਿਸੇ ਨੂੰ ਵੱਡੀ ਚੋਟ ਆਉਣ ਦੀ ਸੂਚਨਾ ਨਹੀਂ ਮਿਲੀ, ਪਰ ਕਈ ਯਾਤਰੀਆਂ ਨੂੰ ਹਲਕੀਆਂ ਸੱਟਾਂ ਅਤੇ ਸਦਮੇ ਦੀ ਹਾਲਤ ਵਿੱਚ ਦੇਖਿਆ ਗਿਆ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਹਾਦਸੇ ਦੀ ਜਾਂਚ ਕਰ ਰਹੀ ਹੈ।











