
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਵਿਰਾਸਤੀ ਸ਼ਹਿਰ ਕਪੂਰਥਲਾ ਜੋ ਕਿ ਬੀਤੇ ਤਕਰੀਬਨ ਕਈ ਦਹਾਕਿਆਂ ਤੋਂ ਆਪਣੀ ਵਿਰਾਸਤ ਸੰਭਾਲਣ ਲਈ ਕਿਸੇ ਵਾਰਸ ਦੀ ਉਡੀਕ ਕਰ ਰਿਹਾ ਹੈ ਉੱਥੇ ਹੀ ਭਾਵੇਂ ਕਿ ਇਥੇ ਰਾਣਾ ਗੁਰਜੀਤ ਸਿੰਘ ਵਿਧਾਇਕ ਦਾ ਦਬਦਬਾ 2002 ਤੋਂ ਚਲਿਆ ਆ ਰਿਹਾ ਹੈ ਪਰ ਇਸਦੇ ਬਾਵਜੂਦ ਵੀ ਸ਼ਹਿਰ ਵਿਚ ਅਫ਼ਸਰਸ਼ਾਹੀ ਆਪਣੀ ਮਨਮਰਜ਼ੀ ਕਰਦੀ ਦਿਖਾਈ ਦਿੱਤੀ ਹੈ। ਇਸ ਤਰ੍ਹਾਂ ਦਾ ਮਾਮਲਾ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਸਾਡੀ ਟੀਮ ਵੱਲੋਂ ਫੁਹਾਰਾ ਚੌਂਕ ਦੇ ਨਜ਼ਦੀਕ ਪੈਂਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ.) ਦਫ਼ਤਰ ਦਾ ਮੁਆਇਨਾ ਕੀਤਾ ਤਾਂ 2 ਵਜੇ ਤੱਕ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਦਫ਼ਤਰ ਵਿਚ ਮੌਜੂਦ ਨਹੀਂ ਸੀ। ਹਾਲਾਤ ਇਹ ਸੀ ਕਿ ਲੋਕ ਕਹਿ ਰਹੇ ਹਨ ਕਿ ‘ਮਾਨ ਸਰਕਾਰੇ ਤੇਰੇ ਕੰਮ ਨਿਆਰੇ ਨਾ ਕੋਈ ਅਧਿਕਾਰੀ ਨਾ ਕਰਮਚਾਰੇ’ ਜਦੋਂ ਉੱਥੇ ਕੰਮ ਕਰਵਾਉਂਣ ਆਏ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੋ ਅਧਿਕਾਰੀ ਅਤੇ ਕਰਮਚਾਰੀ ਹੈ ਉਹ ਅੱਜ ਦਫ਼ਤਰ ਦੇ ਕਿਸੇ ਕਰਮਚਾਰੀ ਦੀ ਰਿਟਾਇਰਮੈਂਟ ਪਾਰਟੀ ’ਤੇ ਗਏ ਹਨ, ਇਸ ਲਈ ਉਹ ਨਹੀਂ ਮਿਲ ਸਕਦੇ।

ਦਫ਼ਤਰ ਕੋਈ ਵੀ ਹੋਵੇ ਕਰਮਚਾਰੀ ਕੋਈ ਨਹੀਂ ਮਿਲਦਾ : ਰਾਣਾ
ਦੂਜੇ ਪਾਸੇ ਜਦੋਂ ਇਸ ਮਾਮਲੇ ਨੂੰ ਲੈ ਕੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਾਲਾਤ ਇਸ ਤਰ੍ਹਾਂ ਦੇ ਬਣ ਚੁੱਕੇ ਹਨ ਕਿ ਭਾਵੇਂ ਕਾਰਪੋਰੇਸ਼ਨ ਹੋਵੇ, ਬੀ.ਡੀ.ਪੀ.ਓ./ਡੀ.ਡੀ.ਪੀ.ਓ. ਦਫ਼ਤਰ ਹੋਵੇ, ਐਸ.ਡੀ.ਐਮ. ਦਫ਼ਤਰ ਹੋਵੇ ਜਾਂ ਡੀ.ਸੀ. ਦਫ਼ਤਰ ਨਾਲ ਸਬੰਧਿਤ ਕੋਈ ਵੀ ਦਫ਼ਤਰ ਹੋਵੇ ਕੋਈ ਵੀ ਕਰਮਚਾਰੀ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਨਾ ਕਿ ਇਸ਼ਤਿਹਾਰਬਾਜ਼ੀ ਕਰਨ ਦੀ।
ਹਲਕਾ ਇੰਚਾਰਜ ਚੰਦੀ ਬਣੇ ਮੂਕ ਦਰਸ਼ਕ:
ਇਸ ਸਬੰਧ ਵਿਚ ਜਦੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਰਮਬੀਰ ਸਿੰਘ ਚੰਦੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਵੀ ਫੋਨ ਨਹੀਂ ਚੁੱਕਿਆ ਗਿਆ ਅਤੇ ਨਾ ਹੀ ਬੈਕ ਕਾਲ ਵਾਪਸ ਆਈ। ਇਸ ਤੋਂ ਲੱਗਦਾ ਹੈ ਕਿ ਉਹ ਸਿਰਫ਼ ਫੇਸਬੁੱਕ ਦੀਆਂ ਪੋਸਟਾਂ ਪਾ ਕੇ ਅਫ਼ਸਰਾਂ ਵਿਚ ਆਪਣਾ ਦਬਦਬਾ ਬਨਾਉਂਣਾ ਚਾਹੁੰਦੇ ਹਨ ਪਰ ਪੁੱਛਗਿੱਛ ਉਨ੍ਹਾਂ ਦੀ ਕੋਈ ਨਹੀਂ ਹੁੰਦੀ ਅਤੇ ਕਪੂਰਥਲਾ ਅੰਦਰ ਜੋ ਕੰਮ ਚੱਲ ਰਹੇ ਹਨ ਉਹ ਸਿਰਫ਼ ਪੈਸਿਆਂ ਦੀ ਖੇਡ ਨਾਲ ਚੱਲ ਰਹੇ ਹਨ।
—ਮਾਮਲੇ ਦੀ ਜਾਂਚ ਕਰਵਾਈ ਜਾਵੇਗੀ : ਡੀ.ਡੀ.ਪੀ.ਓ.
ਜਦੋਂ ਇਸ ਸਬੰਧੀ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ (ਡੀ.ਡੀ.ਪੀ.ਓ.) ਗੁਰਪ੍ਰਤਾਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਂਣਗੇ। ਜੇਕਰ ਵਾਕਿਆ ਹੀ ਕੋਈ ਵੀ ਮੁਲਾਜ਼ਮ ਦਫ਼ਤਰ ਵਿਚ ਮੌਜੂਦ ਨਹੀਂ ਹੈ ਤਾਂ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ।
—ਏ.ਡੀ.ਸੀ. ਦੇ ਧਿਆਨ ਵਿਚ ਆਉਂਦੇ ਹੀ ਦਫ਼ਤਰ ਪਰਤੇ ਕਰਮਚਾਰੀ:
ਇਸ ਸਬੰਧੀ ਏ.ਡੀ.ਸੀ. ਵਿਕਾਸ ਵਰਿੰਦਰਪਾਲ ਸਿੰਘ ਬਾਜਵਾ ਦੇ ਧਿਆਨ ਵਿਚ ਉਕਤ ਸਾਰਾ ਮਾਮਲਾ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਤੁਰੰਤ ਹੀ ਸਬੰਧਿਤ ਅਧਿਕਾਰੀ ਨਾਲ ਗੱਲਬਾਤ ਕੀਤੀ ਤੇ ਕੁਝ ਮਿੰਟ ਬਾਅਦ ਹੀ ਬੀ.ਡੀ.ਪੀ.ਓ. ਦਫ਼ਤਰ ਦਾ ਸਾਰਾ ਅਮਲਾ ਦਫ਼ਤਰ ਵਿਖੇ ਪਹੁੰਚ ਗਿਆ।
—ਬੇਲਗਾਮ ਹੋ ਚੁੱਕੇ ਹਨ ਅਧਿਕਾਰੀ ਅਤੇ ਕਰਮਚਾਰੀ
ਇਸ ਸਾਰੇ ਮਾਮਲੇ ਨੂੰ ਦੇਖ ਕੇ ਲੱਗਦਾ ਹੈ ਕਿ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਬੇਲਗਾਮ ਹੋ ਚੁੱਕੇ ਹਨ ਜਿੰਨਾਂ ਨੂੰ ਕਿਸੇ ਦੀ ਵੀ ਪਰਵਾਹ ਨਹੀਂ ਉਹ ਆਪਣੀਆਂ ਮਨਮਰਜ਼ੀਆਂ ਕਰ ਰਹੇ ਹਨ। ਇਥੋਂ ਤੱਕ ਕਿ ਜ਼ਿਲ੍ਹੇ ਦੇ ਡੀ.ਸੀ. ਵੀ ਇਸ ਗੱਲ ਤੋਂ ਅੰਤਰ ਧਿਆਨ ਹੋ ਚੁੱਕੇ ਹਨ। ਜਿਸਨੂੰ ਦੇਖ ਕੇ ਲੱਗਦਾ ਹੈ ਕਿ ਜੋ ਕਿ ਕੁਝ ਹੋ ਰਿਹਾ ਹੈ ਬੜੀ ਵੱਡੀ ਮਿਲੀ ਭੁਗਤ ਨਾਲ ਹੋ ਰਿਹਾ ਹੈ।












