
ਕਪੂਰਥਲਾ (ਦ ਸਟੈਲਰ ਨਿਊਜ਼)। ਬਲਾਕ ਸੰਮਤੀ ਚੇਅਰਮੈਨ ਦੀ ਚੋਣ ਤੋਂ ਪਹਿਲਾਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਸਮਰਥਕਾਂ ਅਤੇ ‘ਆਪ’ ਵਰਕਰਾਂ ਵਿਚਾਲੇ ਹੋਈ ਹਿੰਸਕ ਝੜਪ ਹੋ ਗਈ। ਜਿਸ ਕਾਰਨ ਕਪੂਰਥਲਾ ਦੇ ਢਿੱਲਵਾਂ ਇਲਾਕੇ ਵਿੱਚ ਤਣਾਅ ਪੈਦਾ ਹੋ ਗਿਆ। ਇਸ ਘਟਨਾ ਵਿੱਚ ਵਿਧਾਇਕ ਦੀ ਮੌਜੂਦਗੀ ਵਿੱਚ ਕਥਿਤ ਤੌਰ ‘ਤੇ ਫਾਇਰਿੰਗ ਹੋਈ, ਜਿਸ ਕਾਰਨ ਚੋਣ ਪ੍ਰਕਿਰਿਆ ਵਿੱਚ ਵਿਘਨ ਪਿਆ। ਮਿਲੀ ਜਾਣਕਾਰੀ ਮੁਤਾਬਕ ਇਹ ਝੜਪ ਬੁੱਧਵਾਰ ਨੂੰ ਸੁਲਤਾਨਪੁਰ ਲੋਧੀ ਹਲਕੇ ਦੇ ਜ਼ੋਨ ਫੱਤੂ ਢੀਂਗਾ ਵਿੱਚ ਉਸ ਸਮੇਂ ਹੋਈ ਜਦੋਂ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਦੋਵੇਂ ਗੁੱਟ ਆਹਮੋ-ਸਾਹਮਣੇ ਹੋ ਗਏ। ਸਥਿਤੀ ਤੇਜ਼ੀ ਨਾਲ ਵਿਗੜ ਗਈ, ਜਿਸ ਕਾਰਨ ਵਿਰੋਧੀ ਧੜਿਆਂ ਵਿਚਾਲੇ ਹੱਥੋਪਾਈ ਹੋਈ। ਇਸ ਹੰਗਾਮੇ ਤੋਂ ਬਾਅਦ ਚੋਣ ਕਾਰਵਾਈ ਰੋਕ ਦਿੱਤੀ ਗਈ। ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਆਰੋਪ ਲਾਇਆ ਕਿ ਉਨ੍ਹਾਂ ਦੇ ਇੱਕ ਉਮੀਦਵਾਰ ਨੂੰ ਅਗਵਾ ਕਰ ਲਿਆ ਗਿਆ, ਜਦੋਂ ਕਿ ਦੂਜੇ ਨੂੰ ਦਫ਼ਤਰ ਦੇ ਅੰਦਰ ਜਾਣ ਤੋਂ ਰੋਕਿਆ ਗਿਆ। ਉਨ੍ਹਾਂ ਅੱਗੇ ਦਾਅਵਾ ਕੀਤਾ ਕਿ ਪੁਲਿਸ ਮੁਲਾਜ਼ਮ ਮੂਕ ਦਰਸ਼ਕ ਬਣੇ ਰਹੇ ਜਦੋਂ ਕਿ ‘ਆਪ’ ਸਮਰਥਕਾਂ ਨੇ ਕਥਿਤ ਤੌਰ ‘ਤੇ ਇਲਾਕੇ ਵਿੱਚ ਨਾਕੇਬੰਦੀ ਕੀਤੀ ਹੋਈ ਸੀ। ਦੂਜੇ ਪਾਸੇ, ‘ਆਪ’ ਆਗੂ ਸੱਜਣ ਚੀਮਾ ਨੇ ਰਾਣਾ ਗਰੁੱਪ ‘ਤੇ ਹਿੰਸਾ ਅਤੇ ਡਰਾਉਣ-ਧਮਕਾਉਣ ਦਾ ਆਰੋਪ ਲਾਇਆ। ਉਨ੍ਹਾਂ ਆਰੋਪ ਲਾਇਆ ਕਿ ਜਦੋਂ ਪੁਲਿਸ ਨੇ ਕੁਝ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਿਰੋਧੀ ਗਰੁੱਪ ਦੇ ਮੈਂਬਰਾਂ ਨੇ ਫਾਇਰਿੰਗ ਕਰ ਦਿੱਤੀ।

ਚੀਮਾ ਨੇ ਅਗਵਾ ਦੇ ਆਰੋਪਾ ਨੂੰ ਨਕਾਰਦਿਆਂ ਦਾਅਵਾ ਕੀਤਾ ਕਿ ‘ਆਪ’ ਵਰਕਰ ਉੱਥੇ ਸ਼ਾਂਤੀਪੂਰਵਕ ਮੌਜੂਦ ਸਨ ਅਤੇ ਉਨ੍ਹਾਂ ‘ਤੇ ਹਮਲਾ ਕੀਤਾ ਗਿਆ। ਇਸ ਦੌਰਾਨ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਵੀ ਸੂਬਾ ਸਰਕਾਰ ‘ਤੇ ਗੰਭੀਰ ਆਰੋਪ ਲਾਉਂਦਿਆਂ ਲੋਕਤੰਤਰੀ ਪ੍ਰਕਿਰਿਆਵਾਂ ਨੂੰ ਢਾਹ ਲਾਉਣ ਦਾ ਆਰੋਪ ਲਾਇਆ। ਉਨ੍ਹਾਂ ਦਾਅਵਾ ਕੀਤਾ ਕਿ ਬਹੁਮਤ ਹੋਣ ਦੇ ਬਾਵਜੂਦ ਉਨ੍ਹਾਂ ਦੇ ਉਮੀਦਵਾਰਾਂ ਨੂੰ ਰੋਕਿਆ ਗਿਆ ਅਤੇ ਉਨ੍ਹਾਂ ਦੇ ਇੱਕ ਸਾਥੀ ਨੂੰ ਜ਼ਬਰਦਸਤੀ ਹਿਰਾਸਤ ਵਿੱਚ ਲਿਆ ਗਿਆ। ਉਨ੍ਹਾਂ ਅੱਗੇ ਦੋਸ਼ ਲਾਇਆ ਕਿ ਸਮਰਥਕਾਂ ਨੂੰ ਡਰਾਉਣ ਲਈ ਫਾਇਰਿੰਗ ਕੀਤੀ ਗਈ ਅਤੇ ਇਸ ਘਟਨਾ ਨੂੰ ਪੰਜਾਬ ਦੀ ਸਿਆਸਤ ਲਈ “ਕਾਲਾ ਦਿਨ” ਦੱਸਿਆ। ਸੀਨੀਅਰ ਪੁਲੀਸ ਕਪਤਾਨ (SSP) ਕਪੂਰਥਲਾ ਗੌਰਵ ਤੂਰਾ ਨੇ ਪੁਸ਼ਟੀ ਕੀਤੀ ਕਿ ਘਟਨਾ ਦੌਰਾਨ ਹਵਾਈ ਫਾਇਰਿੰਗ ਹੋਈ ਹੈ। ਉਨ੍ਹਾਂ ਦੱਸਿਆ ਕਿ ਸਥਿਤੀ ਨੂੰ ਕਾਬੂ ਹੇਠ ਲਿਆਉਣ ਲਈ ਮੌਕੇ ‘ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਪੂਰੇ ਇਲਾਕੇ ਨੂੰ ਸੁਰੱਖਿਅਤ ਕਰ ਲਿਆ ਗਿਆ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫਾਇਰਿੰਗ ਲਈ ਜ਼ਿੰਮੇਵਾਰ ਪਾਏ ਜਾਣ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।












